ਕੁਝ ਦਿਨ ਪਹਿਲਾਂ ਹੀ ਹੋਇਆ ਸੀ ਮਾਂ ਦਾ ਦਿਹਾਂਤ, ਕਿਰਿਆ ਦੀ ਤਿਆਰੀ ''ਚ ਲੱਗੇ ਪੁੱਤ ਨੂੰ ਬਿਨ੍ਹਾਂ ਵਜ੍ਹਾ ਗ੍ਰਿਫਤਾਰ ਕਰ ਲੈ ਗਈ ਪੁਲਸ!

08/19/2017 10:05:30 PM

ਅੰਮ੍ਰਿਤਸਰ (ਮਹਿੰਦਰ) — ਸਥਾਨਕ ਮਜੀਠਾ ਰੋਡ 'ਤੇ ਸਥਿਤ ਕ੍ਰਿਪਾਲ ਸਿੰਘ ਕਾਲੋਨੀ ਨਿਵਾਸੀ ਤੇ ਹਸਪਤਾਲਾਂ 'ਚ ਸਟੀਲ ਫਰਨੀਚਰ ਸਪਲਾਈ ਕਰਨ ਵਾਲਾ ਇਕ ਫੈਕਟਰੀ ਮਾਲਕ 2 ਦਿਨ ਪਹਿਲਾਂ ਹੀ ਆਪਣੀ ਸਵ. ਮਾਂ ਦੀਆਂ ਅਸਥੀਆਂ ਹਰਿਦੁਆਰ 'ਚ ਪ੍ਰਵਾਹ ਕਰ ਕੇ ਵਾਪਸ ਪਰਤਿਆ ਸੀ ਤੇ 19 ਅਗਸਤ ਨੂੰ ਮਾਂ ਦੀ ਹੋਣ ਵਾਲੀ ਰਸਮ ਕਿਰਿਆ ਦੀ ਤਿਆਰੀ ਕਰ ਰਿਹਾ ਸੀ ਕਿ ਪੁਲਸ ਉਸ ਨੂੰ ਕਿਸੇ ਮਾਮਲੇ ਨੂੰ ਬਿਨ੍ਹਾਂ ਦੱਸੇ ਗ੍ਰਿਫਤਾਰ ਕਰ ਕੇ ਲੈ ਗਈ। ਇਲਾਕਾਵਾਸੀਆਂ ਨੂੰ ਜਦ ਇਸ ਦਾ ਪਤਾ ਲੱਗਾ ਤਾਂ ਉਨ੍ਹਾਂ ਕਿਹਾ ਕਿ ਮਜੀਠਾ ਰੋਡ 'ਤੇ ਥਾਣਾ ਸਦਰ ਦੇ ਬਾਹਰ ਪੁਲਸ ਦੇ ਖਿਲਾਫ ਜੰਮ ਕੇ ਨਾਅਰੇਬਾਜੀ ਕਰਨੀ ਸ਼ੁਰੂ ਕਰ ਦਿੱਤੀ। ਪੁੱਛੇ ਜਾਣ 'ਤੇ ਉਸਦਾ ਇਹ ਦੋਸ਼ ਇਹ ਦੱਸਿਆ ਕਿ ਪੁਲਸ ਨੇ ਬੀਤੀ ਰਾਤ ਇਕ ਸਨੈਚਰ ਨੂੰ ਤੇਜ਼ਧਾਰ ਦਾਤਰ ਸਮੇਤ ਕਾਬੂ ਕੀਤਾ ਸੀ, ਜੋ ਇਸ ਫੈਕਟਰੀ ਮਾਲਕ ਕੋਲ ਕੰਮ ਕਰਦਾ ਸੀ ਪਰ ਇਲਾਕਾਵਾਸੀ  ਪੁਲਸ ਦੇ ਇਸ ਤਰਕ ਨਾਲ ਸਹਿਮਤ ਨਹੀਂ ਸਨ।

ਪੁੱਛਗਿੱਛ ਪੂਰੀ ਹੋਣ 'ਤੇ ਹੀ ਕੁਝ ਕਿਹਾ ਜਾ ਸਕਦਾ ਹੈ : ਵਾਲੀਆ
ਇਸ ਸੰਬੰਧ 'ਚ ਏ. ਡੀ. ਸੀ. ਪੀ. ਜੇ. ਐੱਸ. ਵਾਲੀਆ ਨਾਲ ਜਦ ਸੰਪਰਕ ਕਰ ਕੇ ਪੁੱਛਿਆ ਗਿਆ ਕਿ ਕਿਸੇ ਫੈਕਟਰੀ 'ਚ ਕੰਮ ਕਰਨ ਵਾਲਾ ਕੋਈ ਵਿਅਕਤੀ ਜੇਕਰ ਫੈਕਟਰੀ ਤੋਂ ਬਾਹਰ ਕੋਈ ਜ਼ੁਰਮ ਕਰਦਾ ਹੈ ਤਾਂ ਫੈਕਟਰੀ ਮਾਲਕ ਕਿਵੇਂ ਦੋਸ਼ੀ ਠਹਿਰਾਇਆ ਜਾ ਸਕਦਾ ਹੈ? ਇਸ ਤੋਂ ਬਾਅਦ ਉਨ੍ਹਾਂ ਜਵਾਬ ਦਿੰਦਿਆਂ ਕਿਹਾ ਕਿ ਪੁੱਛਗਿੱਛ ਖਤਮ ਹੋਣ ਦਿਓ , ਉਸ ਤੋਂ ਬਾਅਦ ਹੀ ਕੁਝ ਕਿਹਾ ਜਾ ਸਕਦਾ ਹੈ।

ਮਾਮਲੇ ਦੇ ਹਾਲਾਤ
ਸਥਾਨਕ ਮਜੀਠਾ ਰੋਡ 'ਤੇ ਸਥਿਤ ਕ੍ਰਿਪਾਲ ਕਾਲੋਨੀ ਨਿਵਾਸੀ ਜੈ ਭੂਸ਼ਣ ਮਜੀਠਾ ਰੋਡ 'ਤੇ ਸਟੀਲ ਫਰਨੀਚਰ ਬਨਾਉਣ ਦੀ ਫੈਕਟਰੀ ਚਲਾਉਦਾ ਹੈ, ਜੋ ਇਹ ਫਰਨੀਚਰ ਤਿਆਰ ਕਰ ਕੇ ਹਸਪਤਾਲਾਂ 'ਚ ਸਪਲਾਈ ਕਰਦਾ ਹੈ। ਜੈ ਭੂਸ਼ਣ ਦੀ ਮਾਤਾ ਸ਼ਾਂਤੀ ਦੇਵੀ ਕੈਂਸਰ ਤੋਂ ਪੀੜਤ ਸੀ, ਜਿਸਦਾ ਕਰੀਬ 4 ਸਾਲ ਤੋਂ ਪੀ. ਜੀ. ਆਈ. 'ਚ ਇਲਾਜ ਚਲ ਰਿਹਾ ਸੀ ਤੇ ਕੁਝ ਦਿਨ ਪਹਿਲਾਂ ਉਨ੍ਹਾਂ ਦੀ ਮੌਤ ਹੋਈ ਸੀ। ਆਪਣੀ ਸਵ. ਮਾਤਾ ਦੀਆਂ ਅਸਥੀਆਂ ਹਰਿਦੁਆਰ ਪ੍ਰਵਾਹ ਕਰ ਕੇ ਜੈ ਭੂਸ਼ਣ ਅਜੇ ਤਕ 2 ਦਿਨ ਪਹਿਲਾਂ ਹੀ ਹਰਿਦੁਆਰ ਤੋਂ ਵਾਪਸ ਆਇਆ ਸੀ ਤੇ 19 ਅਗਸਤ ਨੂੰ ਉਸ ਦੀ ਮਾਤਾ ਦੀ ਹੋਣ ਵਾਲੀ ਰਸਮ ਕਿਰਿਆ ਦੀ ਤਿਆਰੀ ਕਰ ਰਿਹਾ ਸੀ ਕਿ ਮਜੀਠਾ ਰੋਡ 'ਤੇ ਸਥਿਤ ਥਾਣਾ ਸਦਰ ਦੀ ਪੁਲਸ ਉਸ ਨੂੰ ਇਕ ਅਜਿਹੇ ਜ਼ੁਰਮ 'ਚ ਪੁੱਛਗਿੱਛ ਦੇ ਬਹਾਨੇ ਗ੍ਰਿਫਤਾਰ ਕਰ ਕੇ ਲੈ ਗਈ, ਜਿਸ ਬਾਰੇ ਉਸ ਨੂੰ ਕੋਈ ਜਾਣਕਾਰੀ ਨਹੀਂ ਸੀ। ਪੁਲਸ ਦੀ ਇਸ ਕਾਰਵਾਈ 'ਤੇ ਇਲਾਕਾਵਾਸੀਆਂ 'ਚ ਪੁਲਸ ਦੇ ਖਿਲਾਫ ਭਾਰੀ ਰੋਸ ਫੈਸ ਗਿਆ ਤੇ ਇਲਾਕਾਵਾਸੀ ਮਜੀਠਾ ਰੋਡ 'ਤੇ ਸਥਿਤ ਥਾਣਾ ਸਦਰ ਜਾ ਪਹੁੰਚੇ ਤੇ ਪੁਲਸ ਦੀ ਇਸ ਕਾਰਵਾਈ ਦੇ ਖਿਲਾਫ ਪ੍ਰਦਰਸ਼ਨ ਕਰਦੇ ਹੋਏ ਨਾਅਰੇਬਾਜੀ ਕਰਦੇ ਹੋਏ ਜੈ ਭੂਸ਼ਣ ਨੂੰ ਰਿਹਾ ਕਰਨ ਦੀ ਮੰਗ ਕਰਨ ਲੱਗੇ।

ਅੱਜ ਹੈ ਜੈ ਭੂਸ਼ਣ ਦੀ ਮਾਤਾ ਦੀ ਕਿਰਿਆ ਤੇ ਖੁਦ ਹੈ ਟਾਈਫਾਇਡ ਨਾਲ ਪੀੜਤ   
ਇਸ ਸੰਬੰਧ 'ਚ ਵਿਪਨ ਕੁਮਾਰ, ਦਲਜੀਤ ਕੁਮਾਰ, ਰਾਮ ਲਾਲ, ਨਰਿੰਦਰ ਕੁਮਾਰ, ਬੇਬੀ ਮਹਾਜਨ, ਰਮੇਸ਼, ਰਾਜੇਸ਼ ਤੇ ਕਰਨ ਸ਼ਰਮਾ ਸਮੇਤ ਇਲਾਕਾਵਸੀਆਂ ਨੇ ਦੱਸਿਆ ਕਿ ਜੈ ਭੂਸ਼ਣ ਤਾਂ ਆਪਣੀ ਮਾਂ ਦੀ ਬਿਮਾਰੀ ਤੇ ਉਨ੍ਹਾਂ ਦੇ ਦਿਹਾਂਤ ਦੀ ਵਜ੍ਹਾ ਨਾਲ ਪਹਿਲਾਂ ਹੀ ਪਰੇਸ਼ਾਨ ਸੀ ਤੇ ਖੁਦ ਵੀ ਟਾਈਫਾਇਡ ਰੋਗ ਨਾਲ ਪੀੜਤ ਚਲ ਰਿਹਾ ਸੀ, ਜੋ 19 ਅਗਸਤ ਨੂੰ ਹੋਣ ਵਾਲੀ ਆਪਣੀ ਮਾਤਾ ਦੀ ਕਿਰਿਆ ਦੀ ਤਿਆਰੀਆਂ ਕਰ ਰਿਹਾ ਸੀ,  ਅਜਿਹੀ ਹਾਲਤ 'ਚ ਪੁਲਸ 'ਚ ਪੁਲਸ ਵਲੋਂ ਬਿਨ੍ਹਾਂ ਕਿਸੇ ਅਪਰਾਧ ਦੇ ਉਸ ਨੂੰ ਗ੍ਰਿਫਤਾਰ ਕਰ ਕੇ ਲੈ ਜਾਣਾ ਕਿਥੋਂ ਦਾ ਕਾਨੂੰਨ ਹੈ? ਇਲਾਕਾਵਾਸੀਆਂ ਦਾ ਕਹਿਣਾ ਸੀ ਕਿ ਪੁਲਸ ਨੂੰ ਜੈ ਭੂਸ਼ਣ ਨੂੰ ਆਪਣੇ ਨਾਲ ਲੈ ਜਾਣ ਤੋਂ ਪਹਿਲਾਂ ਉਸ ਦੇ ਘਰ ਦੇ ਮੌਜੂਦਾ ਹਾਲਾਤ ਦੀ ਜਾਣਕਾਰੀ ਹਾਂਸਲ ਕਰਨੀ ਚਾਹੀਦੀ ਸੀ।
ਮਾਮਲੇ ਦੀ ਜਾਂਚ ਦੇ ਤਹਿਤ ਕੀਤੀ ਜਾ ਰਹੀ ਹੈ ਪੁੱਛਗਿੱਛ : ਐੱਸ. ਐੱਚ. ਓ
ਇਸ ਸੰਬੰਧ 'ਚ ਥਾਣਾ ਸਦਰ (ਮਜੀਠਾ ਰੋਡ) ਦੇ ਇੰਚਾਰਜ ਸੁਖਬੀਰ ਸਿੰਘ ਨੇ ਦੱਸਿਆ ਕਿ ਬੀਤੀ ਰਾਤ ਕਿਸੇ ਸਾਜਨ ਨਾਮੀ ਇਕ ਸਨੈਚਰ ਨੂੰ ਇਕ ਤੇਜ਼ਧਾਰ ਦਾਤਰ ਨਾਲ ਕਾਬੂ ਕੀਤਾ ਸੀ, ਜਦ ਕਿ ਉਸ ਦੇ 2 ਹੋਰ ਸਾਥੀ ਫਰਾਰ ਹੋ ਜਾਣ 'ਚ ਕਾਮਯਾਬ ਹੋ ਗਏ ਸਨ। ਪੁੱਛਗਿੱਛ ਦੌਰਾਨ ਇਹ ਪਤਾ ਚਲਿਆ ਹੈ ਕਿ ਫੜਿਆ ਗਿਆ ਸਨੈਚਰ ਜੈ ਭੂਸ਼ਣ ਦੀ ਫੈਕਟਰੀ 'ਚ ਕੰਮ ਕਰਦਾ ਸੀ। ਉਨ੍ਹਾਂ ਨੂੰ ਸ਼ੱਕ ਹੈ ਕਿ ਗ੍ਰਿਫਤਾਰ ਦੋਸ਼ੀ ਸਨੈਚਰ ਇਸ ਫੈਕਟਰੀ 'ਚੋਂ ਹੀ ਤੇਜ਼ਧਾਰ ਦਾਤਰ ਬਣਾ ਕੇ ਆਪਣੇ ਨਾਲ ਲੈ ਜਾਂਦਾ ਸੀ ਤੇ ਉਸ ਦੇ ਬਾਕੀ ਫਰਾਰ ਸਾਥੀ ਵੀ ਇਸੇ ਫੈਕਟਰੀ ਨਾਲ ਸੰਬੰਧਿਤ ਹੋ ਸਕਦੇ ਹਨ, ਇਸ ਲਈ ਮਾਮਲੇ ਦੀ ਜਾਂਚ ਦੇ ਤਹਿਤ ਫੈਕਟਰੀ ਮਾਲਕ ਨੂੰ ਫਿਲਹਾਲ ਪੁੱਛਗਿੱਛ ਲਈ ਲਿਆਂਦਾ ਗਿਆ ਹੈ।  


Related News