ਪੁਲਸ ਨੇ ਜਾਅਲੀ ਕਰੰਸੀ ਦਾ ਧੰਦਾ ਕਰਨ ਵਾਲੇ ਗਿਰੋਹ ਦੇ 4 ਮੈਂਬਰ ਕੀਤੇ ਗ੍ਰਿਫ਼ਤਾਰ
Thursday, May 27, 2021 - 01:37 AM (IST)
ਪਟਿਆਲਾ(ਬਲਜਿੰਦਰ)- ਸੀ.ਆਈ.ਏ. ਸਟਾਫ ਪਟਿਆਲਾ ਦੀ ਪੁਲਸ ਨੇ ਇੰਚਾਰਜ ਇੰਸ. ਰਾਹੁਲ ਕੌਸ਼ਲ ਦੀ ਅਗਵਾਈ ਹੇਠ ਜਾਅਲੀ ਕਰੰਸੀ ਦਾ ਧੰਦਾ ਕਰਨ ਵਾਲੇ ਗਿਰੋਹ ਦੇ ਚਾਰ ਮੈਂਬਰਾਂ ਨੂੰ ਗ੍ਰਿਫਤਾਰ ਕੀਤਾ ਹੈ, ਜਿਨ੍ਹਾਂ ਤੋਂ 2 ਲੱਖ ਦੀ ਜਾਅਲੀ ਕਰੰਸੀ ਵੀ ਬਰਾਮਦ ਕੀਤੀ ਗਈ ਹੈ। ਐੱਸ.ਐੱਸ.ਪੀ. ਸੰਦੀਪ ਗਰਗ ਨੇ ਦੱਸਿਆ ਕਿ ਗ੍ਰਿਫਤਾਰ ਕੀਤੇ ਵਿਅਕਤੀਆਂ ’ਚ ਗਿਰੋਹ ਦਾ ਮਾਸਟਰਮਾਈਂਡ ਜਸਵੀਰ ਸਿੰਘ ਉਰਫ ਜੱਸੀ, ਹਰਵਿੰਦਰ ਸਿੰਘ ਉਰਫ ਪਿੰਟੂ, ਪ੍ਰਿਆਜੀਤ ਕੌਰ ਉਰਫ ਲਵਲੀ ਅਤੇ ਰਵੀ ਉਰਫ ਰਵੀ ਸ਼ਾਮਲ ਹਨ, ਜਿਨ੍ਹਾਂ ਤੋਂ ਇਕ ਮੋਬਾਇਲ, ਇਕ ਪ੍ਰਿੰਟਰ, ਸਕੈਨਰ, ਨੋਟ ਕਟਿੰਗ ਕਰਨ ਵਾਲੇ 2 ਬਲੇਡ, ਇਕ ਸੈਲੋ ਟੇਪ ਅਤੇ ਹੋਰ ਸਾਮਾਨ ਬਰਾਮਦ ਕੀਤਾ ਗਿਆ ਹੈ। ਇਨ੍ਹਾਂ ਖਿਲਾਫ ਥਾਣਾ ਸਦਰ ਪਟਿਆਲਾ ਵਿਖੇ ਕੇਸ ਦਰਜ ਕੀਤਾ ਗਿਆ ਹੈ।
ਐੱਸ. ਐੱਸ. ਪੀ. ਨੇ ਦੱਸਿਆ ਕਿ ਗ੍ਰਿਫਤਾਰ ਕੀਤੇ ਜਸਵੀਰ ਸਿੰਘ ਉਰਫ ਜੱਸੀ ਅਤੇ ਉਸ ਦੇ ਸਾਥੀਆਂ ਨੇ ਪੁੱਛਗਿੱਛ ਦੌਰਾਨ ਦੱਸਿਆ ਕਿ ਜਸਵੀਰ ਸਿੰਘ ਜੱਸੀ ਇਸ ਗਿਰੋਹ ਦਾ ਮਾਸਟਰਮਾਈਂਡ ਅਤੇ ਉਸ ਖਿਲਾਫ ਪਹਿਲਾਂ ਵੀ ਜਾਅਲੀ ਕਰੰਸੀ ਦੇ ਕੇਸ ਦਰਜ ਹਨ। ਜੱਸੀ ਸਾਲ 2018 ’ਚ ਜ਼ਮਾਨਤ ’ਤੇ ਰਿਆਹ ਹੋ ਕੇ ਆਇਆ ਸੀ। ਉਸ ਨੇ ਬਾਹਰ ਆ ਕੇ ਹਰਵਿੰਦਰ ਸਿੰਘ ਉਰਫ ਪਿੰਟੂ, ਜਿਸ ਨੂੰ ਉਹ ਪਹਿਲਾਂ ਤੋਂ ਜਾਣਦਾ ਸੀ, ਜੋ ਕਿ ਡੀ. ਜੇ. ਦਾ ਕੰਮ ਕਰਦਾ ਸੀ। ਹਰਵਿੰਦਰ ਰਾਹੀਂ ਹੀ ਉਸ ਦੀ ਰਵੀ ਉਰਫ ਰਫੀ ਅਤੇ ਪ੍ਰਿਆਜੋਤ ਨਾਲ ਜਾਣ-ਪਛਾਣ ਹੋ ਗਈ। ਪ੍ਰਿਆਜੋਤ ਡੀ. ਜੇ. ’ਚ ਡਾਂਸਰ ਦਾ ਕੰਮ ਕਰਦੀ ਸੀ ਅਤੇ ਉਨ੍ਹਾਂ ਨੇ ਮਿਲ ਕੇ ਇਹ ਕੰਮ ਸ਼ੁਰੂ ਕਰ ਲਿਆ। ਇਹ ਗਿਰੋਹ ਨੇ ਜਾਅਲੀ ਕਰੰਸੀ ਬਣਾ ਕੇ ਮਾਰਕੀਟ ’ਚ ਸਪਲਾਈ ਕਰਨੀ ਸ਼ੁਰੂ ਕਰ ਦਿੱਤੀ। ਇਹ ਲੋਕ ਜਾਅਲੀ ਕਰੰਸੀ ਨੂੰ ਅਸਲੀ ਕਰੰਸੀ ਦੇ ਤੌਰ ’ਤੇ ਚਲਾ ਦਿੰਦੇ ਸਨ। ਐੱਸ. ਐੱਸ. ਪੀ. ਨੇ ਦੱਸਿਆ ਕਿ ਇਨ੍ਹਾਂ ਤੋਂ ਅੱਗੇ ਪੁੱਛਗਿੱਛ ਕੀਤੀ ਜਾ ਰਹੀ ਹੈ, ਜਿਨ੍ਹਾਂ ਤੋਂ ਹੋਰ ਖੁਲਾਸੇ ਹੋਣ ਦੀ ਸੰਭਾਵਨਾ ਹੈ।