ਫਰਾਰ ਹੋਇਆ ਕੋਰੋਨਾ ਪੀੜਤ ਹਵਾਲਾਤੀ ਨੂੰ ਪੁਲਸ ਨੇ ਕੀਤਾ ਕਾਬੂ

Tuesday, Jul 28, 2020 - 02:00 PM (IST)

ਤਰਨਤਾਰਨ (ਰਮਨ) : ਜ਼ਿਲ੍ਹਾ ਪੱਧਰੀ ਆਈਸੋਲੇਸ਼ਨ ਵਾਰਡ 'ਚ ਜੇਰੇ ਇਲਾਜ ਕੋਰੋਨਾ ਪੀੜਤ ਹਵਾਲਾਤੀ ਬੀਤੀ ਰਾਤ ਨੂੰ ਫਰਾਰ ਹੋ ਗਿਆ, ਜਿਸ ਨੂੰ ਮੰਗਲਵਾਰ ਸਵੇਰੇ ਡੀ. ਐੱਸ. ਪੀ. ਸਿਟੀ ਸੁੱਚਾ ਸਿੰਘ ਬੱਲ ਦੀ ਅਗਵਾਈ ਵਾਲੀ ਟੀਮ ਨੇ ਕਾਬੂ ਕਰ ਲਿਆ ਹੈ। ਡੀ. ਐੱਸ. ਪੀ. ਬੱਲ ਨੇ ਦੱਸਿਆ ਕਿ ਕਾਬੂ ਕੀਤਾ ਗਿਆ ਹਵਾਲਾਤੀ ਚੰਨਣ ਸਿੰਘ ਪਿੰਡ ਭਗਵਾਨਪੁਰਾ ਦਾ ਨਿਵਾਸੀ ਹੈ ਅਤੇ 23 ਜੁਲਾਈ ਨੂੰ ਕੋਰੋਨਾ ਪੀੜਤ ਪਾਏ ਜਾਣ 'ਤੇ ਆਈਸੋਲੇਸ਼ਨ ਵਾਰਡ ਤਰਨ ਤਾਰਨ ਅੰਦਰ ਭਰਤੀ ਕਰਵਾਇਆ ਗਿਆ ਸੀ। ਉਨ੍ਹਾਂ ਦੱਸਿਆ ਕਿ ਅੱਜ ਸਵੇਰੇ ਉਕਤ ਕੋਰੋਨਾ ਪੀੜਤ ਹਵਾਲਾਤੀ ਨੂੰ ਕਾਬੂ ਕਰ ਲਿਆ ਹੈ ਅਤੇ ਇਸ ਦੇ ਖ਼ਿਲਾਫ ਥਾਣਾ ਸਿਟੀ ਤਰਨਤਾਰਨ ਵਿਖੇ ਮਾਮਲਾ ਦਰਜ ਕੀਤਾ ਗਿਆ ਹੈ। ਦੂਜੇ ਪਾਸੇ ਸਿਵਲ ਸਰਜਨ ਡਾ. ਅਨੂਪ ਕੁਮਾਰ ਨੇ ਦੱਸਿਆ ਕਿ ਆਈਸੋਲੇਸ਼ਨ ਵਾਰਡ ਅੰਦਰ ਮੌਜੂਦ ਸਟਾਫ ਕੋਲੋਂ ਪੁੱਛਗਿੱਛ ਕੀਤੀ ਜਾ ਰਹੀ ਹੈ ਅਤੇ ਅਣਗਹਿਲੀ ਪਾਏ ਜਾਣ 'ਤੇ ਬਣਦੀ ਕਾਰਵਾਈ ਜ਼ਰੂਰ ਕੀਤੀ ਜਾਵੇਗੀ। 

ਇਹ ਵੀ ਪੜ੍ਹੋ : ਹੁਣ ਪੰਜਾਬ 'ਚ 'ਬਰਖ਼ਾਸਤ ਫ਼ੌਜੀ' ਨੇ ਚੁੱਕੀ ਅੱਤ, ਲੱਭ ਰਹੀ 3 ਸੂਬਿਆਂ ਦੀ ਪੁਲਸ

ਦੂਜੇ ਪਾਸੇ ਕੋਰੋਨਾ ਵਾਇਰਸ ਦੀ ਭਰਮਾਰ ਦਿਨ-ਬ-ਦਿਨ ਲਗਾਤਾਰ ਵੱਧਦੀ ਜਾ ਰਹੀ ਹੈ। ਕੋਰੋਨਾ ਵਾਇਰਸ ਨੇ ਸਰਹੱਦੀ ਥਾਣਾ ਵਲਟੋਹਾ ਵਿਚ ਵੀ ਆਪਣੀ ਦਸਤਕ ਦੇ ਦਿੱਤੀ ਹੈ। ਜਿਸ ਤੋਂ ਬਾਅਦ ਸਾਰੇ ਇਲਾਕੇ ਵਿਚ ਸਹਿਮ ਦਾ ਮਾਹੌਲ ਪਾਇਆ ਜਾ ਰਿਹਾ ਹੈ। ਵਰਣਨਯੋਗ ਹੈ ਕਿ ਥਾਣਾ ਵਲਟੋਹਾ ਦੀ ਪੁਲਸ ਵਲੋਂ 24 ਜੁਲਾਈ ਨੂੰ ਸੰਦੀਪ ਸਿੰਘ ਪੁੱਤਰ ਜੱਸਾ ਸਿੰਘ ਵਾਸੀ ਮਹਿਮੂਦਪੁਰਾ ਨੂੰ ਨਸ਼ੀਲੀਆਂ ਗੋਲੀਆਂ ਸਮੇਤ ਗ੍ਰਿਫ਼ਤਾਰ ਕੀਤਾ ਗਿਆ ਸੀ। ਜਿਸ ਖ਼ਿਲਾਫ ਮੁਕੱਦਮਾ ਦਰਜ ਕਰਕੇ ਉਸ ਨੂੰ ਥਾਣਾ ਵਲਟੋਹਾ ਦੀ ਹਵਾਲਾਤ ਵਿਚ ਰੱਖਿਆ ਗਿਆ ਸੀ। ਸਰਕਾਰ ਦੀਆਂ ਹਦਾਇਤਾਂ ਮੁਤਾਬਕ ਮੁਲਜ਼ਮ ਦਾ ਕੋਰੋਨਾ ਟੈਸਟ ਕਰਵਾਇਆ ਗਿਆ, ਜਿਸ ਦੀ ਕੋਰੋਨਾ ਰਿਪੋਰਟ ਪਾਜ਼ੇਟਿਵ ਆਈ ਹੈ। ਕੋਰੋਨਾ ਰਿਪੋਰਟ ਪਤਾ ਲੱਗਦੇ ਸਾਰ ਹੀ ਸਿਹਤ ਮਹਿਕਮੇ ਦੀਆਂ ਟੀਮਾਂ ਵਲੋਂ ਉਕਤ ਮੁਲਜ਼ਮ ਨੂੰ ਸਿਵਲ ਹਸਪਤਾਲ ਤਰਨਤਾਰਨ 'ਚ ਭੇਜ ਦਿੱਤਾ ਗਿਆ ਹੈ। ਉਸ ਤੋਂ ਬਾਅਦ ਥਾਣਾ ਵਲਟੋਹਾ ਨੂੰ ਸੈਨੇਟਾਈਜ਼ਰ ਕਰਵਾਉਣ ਦੀ ਪ੍ਰਕਿਰਿਆ ਆਰੰਭ ਕਰ ਦਿੱਤੀ ਗਈ ਹੈ।

ਇਹ ਵੀ ਪੜ੍ਹੋ : ਪੰਜਾਬ ਭਰ ਦੇ 'ਪੈਟਰੋਲ ਪੰਪ' ਕੱਲ੍ਹ ਰਹਿਣਗੇ ਬੰਦ, ਅੱਜ ਹੀ ਕਰ ਲਓ ਇੰਤਜ਼ਾਮ


Anuradha

Content Editor

Related News