ਪਿੰਡ ਮਹਾਲਮ ’ਚ ਪੁਲਸ ਪ੍ਰਸ਼ਾਸਨ ਤੇ ਐਕਸਾਈਜ਼ ਵਿਭਾਗ ਵੱਲੋਂ ਹਜ਼ਾਰਾਂ ਲਿਟਰ ਲਾਹਣ ਨਸ਼ਟ
Thursday, Jan 07, 2021 - 08:39 PM (IST)
ਜਲਾਲਾਬਾਦ, (ਨਿਖੰਜ,ਜਤਿੰਦਰ )- ਸਰਕਾਰ ਦੇ ਵੱਲੋਂ ਨਾਜਾਇਜ਼ ਸ਼ਰਾਬ ਦੀ ਸਮੱਗਲਿੰਗ ਨੂੰ ਠੱਲ੍ਹ ਪਾਉਣ ਲਈ ਪੁਲਸ ਪ੍ਰਸ਼ਾਸਨ ਦੇ ਉਚ ਅਧਿਕਾਰੀਆਂ ਨੂੰ ਸਖਤੀ ਨਾਲ ਨਿਰਦੇਸ਼ ਜਾਰੀ ਕੀਤੇ ਗਏ ਹਨ। ਇਸੇ ਤਹਿਤ ਜ਼ਿਲ੍ਹਾ ਫ਼ਾਜ਼ਿਲਕਾ ਦੇ ਐੱਸ.ਐੱਸ.ਪੀ. ਹਰਜੀਤ ਸਿੰਘ ਦੇ ਦਿਸ਼ਾ ਨਿਰਦੇਸ਼ਾਂ ਦੇ ਅਨੁਸਾਰ ਡੀ.ਐੱਸ.ਪੀ. ਜਲਾਲਾਬਾਦ ਪਲਵਿੰਦਰ ਸਿੰਘ ਸੰਧੂ ਦੀ ਅਗਵਾਈ ਹੇਠ ਐਕਸਾਈਜ਼ ਵਿਭਾਗ ਫ਼ਾਜ਼ਿਲਕਾ ਦੇ ਇਨਸਪੈਕਟਰ ਜੈਸਰਪ੍ਰੀਤ ਸਿੰਘ ਦੇ ਅੱਜ ਸਬ ਡਵੀਜ਼ਨ ਦੇ ਅਧੀਨ ਪੈਂਦੇ ਵੱਖ-ਵੱਖ ਥਾਣਿਆਂ ਦੀ ਪੁਲਸ ਫੋਰਸ ਦੇ ਨਾਲ ਮਿਲ ਕੇ ਨਾਜਾਇਜ਼ ਸ਼ਰਾਬ ਦੀ ਸਮੱਗਲਿੰਗ ਕਰਨ ’ਚ ਬਦਨਾਮ ਵਿਧਾਨ ਸਭਾ ਹਲਕੇ ਦੇ ਪਿੰਡ ਚੱਕ ਬਲੋਚਾ ਮਹਾਲਮ ਵਿਖੇ ਕਾਰਵਾਈ ਕਰਦੇ ਹੋਏ ਹਜ਼ਾਰਾਂ ਲਿਟਰ ਨਾਜਾਇਜ਼ ਲਾਹਣ ਨੂੰ ਬਰਾਮਦ ਕਰ ਕੇ ਨਸ਼ਟ ਕੀਤਾ ਗਿਆ।
ਇਸ ਮੌਕੇ ਜਲਾਲਾਬਾਦ ਦੇ ਡੀ. ਐੱਸ. ਪੀ. ਪਲਵਿੰਦਰ ਸਿੰਘ ਅਤੇ ਐਕਸਾਈਜ਼ ਵਿਭਾਗ ਦੇ ਇੰਸਪੈਕਟਰ ਜੈਸਰਪ੍ਰੀਤ ਸਿੰਘ ਨੇ ਦੱਸਿਆ ਕਿ ਪਿੰਡ ਚੱਕ ਬਲੋਚਾ ਮਹਾਲਮ ’ਚ ਨਾਜਾਇਜ਼ ਸ਼ਰਾਬ ਦੀ ਸਮੱਗਲਿੰਗ ਹੋਣ ਦੀਆਂ ਵਿਭਾਗ ਨੂੰ ਸ਼ਿਕਾਇਤ ਮਿਲ ਰਹੀਆਂ ਸਨ ,ਜਿਸਦੇ ਮੱਦੇਨਜ਼ਰ ਅੱਜ ਐਕਸਾਇਜ਼ ਵਿਭਾਗ ਦੇ ਵੱਲੋਂ ਕਾਰਵਾਈ ਕਰਦੇ ਹੋਏ ਮੁਖਬਰ ਖਾਸ ਦੀ ਠੋਸ ਇਤਲਾਹ ’ਤੇ ਪਿੰਡ ਦੇ ਵੱਖ-ਵੱਖ ਘਰਾਂ ਦੇ ’ਚ ਨਾਜਾਇਜ਼ ਸ਼ਰਾਬ ਨੂੰ ਤਿਆਰ ਕਰਨ ਲਈ ਪਾਈਆਂ ਗਈਆਂ ਤ੍ਰਿਪਾਲਾ ਅਤੇ ਡਿੱਗੀਆਂ ’ਚੋਂ ਹਜ਼ਾਰਾਂ ਲਿਟਰ ਲਾਹਣ ਬਰਾਮਦ ਕਰ ਕੇ ਨਸ਼ਟ ਕੀਤਾ ਗਿਆ ਹੈ ਅਤੇ ਨਾਲ ਹੀ 600 ਲਿਟਰ ਨਾਜਾਇਜ਼ ਸ਼ਰਾਬ ਬਰਾਮਦ ਕਰ ਕੇ ਪੁਲਸ ਵੱਲੋਂ ਕਬਜ਼ੇ ’ਚ ਲਿਆ ਗਿਆ ਹੈ। ਅੱਜ ਦੀ ਛਾਪੇਮਾਰੀ ਦੌਰਾਨ ਅਧਿਕਾਰੀਆਂ ਨੇ ਕਿਹਾ ਕਿ ਛਾਪੇਮਾਰੀ ਦੌਰਾਨ ਨਾਜਾਇਜ਼ ਸ਼ਰਾਬ ਦੀਆਂ ਡਿੱਗੀਆਂ ਕੁਝ ਘਰਾਂ ਅਤੇ ਕੁਝ ਸਰਕਾਰੀ ਥਾਵਾਂ ਤੋਂ ਮਿਲੀਆਂ ਹਨ ਅਤੇ ਜਿਨ੍ਹਾਂ ਵਿਅਕਤੀਆਂ ਦੇ ਘਰਾਂ ’ਚੋਂ ਲਾਹਣ ਤੇ ਨਾਜਾਇਜ਼ ਸ਼ਰਾਬ ਦੇ ਨਾਲ ਚਾਲੂ ਭੱਠੀਆਂ ਦਾ ਸਾਮਾਨ ਜਿਵੇਂ ਕਿ ਡਰੰਮ , ਟੈਂਕੀਆਂ ਆਦਿ ਵੀ ਪੁਲਸ ਦੇ ਵੱਲੋਂ ਕਬਜ਼ੇ ’ਚ ਲੈ ਕੇ ਪਿੰਡ ਦੇ 4 ਲੋਕਾਂ ਖ਼ਿਲਾਫ ਸ਼ਰਾਬ ਸਮੱਗਲਿੰਗ ਕਰਨ ਦੇ ਦੋਸ਼ ਤਹਿਤ ਥਾਣਾ ਵੈਰੋ ਕਾ ਵਿਖੇ ਮਾਮਲੇ ਦਰਜ ਕੀਤੇ ਜਾ ਰਹੇ ਹਨ।
ਡੀ. ਐੱਸ. ਪੀ. ਪਲਵਿੰਦਰ ਸਿੰਘ ਸੰਧੂ ਨੇ ਕਿਹਾ ਕਿ ਪੁਲਸ ਪ੍ਰਸ਼ਾਸਨ ਤੇ ਐਕਸਾਈਜ਼ ਵਿਭਾਗ ਸ਼ਰਾਬ ਦੀ ਨੂੰ ਰੋਕਣ ਲਈ ਪੂਰੀ ਤਰ੍ਹਾਂ ਨਾਲ ਮੁਸਤੈਦ ਹੈ ਅਤੇ ਸ਼ਰਾਬ ਸਮੱਗਲਿੰਗ ਨੂੰ ਰੋਕਣ ਦੇ ਲਈ ਅੱਗੇ ਵੀ ਭਵਿੱਖ ’ਚ ਇਹ ਮੁਹਿੰਮ ਜਾਰੀ ਰਹੇਗੀ। ਡੀ.ਐੱਸ.ਪੀ. ਸੰਧੂ ਨੇ ਕਿਹਾ ਕਿ ਪੰਜਾਬ ਸਰਕਾਰ ਦੇ ਵੱਲੋਂ ਨਾਜਾਇਜ਼ ਸ਼ਰਾਬ ਦੀ ਸਮੱਗਲਿੰਗ ਨੂੰ ਰੋਕਣ ਲਈ ਇਕ ਹੈਲਪਲਾਈਨ ਨੰਬਰ ਵੀ ਜਾਰੀ ਕੀਤਾ ਗਿਆ ਹੈ ਅਤੇ ਜਿਸ ਵੀ ਕਸਬੇ , ਸ਼ਹਿਰ, ਗਲੀ ਮੁਹੱਲੇ ’ਚ ਜੇਕਰ ਕੋਈ ਵੀ ਵਿਅਕਤੀ ਨਾਜਾਇਜ਼ ਸ਼ਰਾਬ ਨੂੰ ਤਿਆਰ ਕਰ ਕੇ ਵੇਚਣ ਦਾ ਗੈਰਕਾਨੂੰਨੀ ਧੰਦਾ ਕਰਦਾ ਹੈ ਤਾਂ ਉਸਦੀ ਇਤਲਾਹ ਦੇਣ ਵਾਲੇ ਵਿਅਕਤੀ ਦਾ ਨਾਂ ਗੁਪਤ ਰੱਖਿਆ ਜਾਵੇ ਤੇ ਨਾਲੋ-ਨਾਲ ਪੁਲਸ ਵੱਲੋਂ ਉਕਤ ਵਿਅਕਤੀ ਖ਼ਿਲਾਫ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇ।