ਕੋਪਸ ਕਲੱਬ ਦੇ ਨਾਂ ''ਤੇ ਪੁਲਸ ਲੱਖਾਂ ਰੁਪਏ ਬਟੋਰਨ ਲੱਗੀ
Wednesday, Dec 20, 2017 - 03:51 AM (IST)

ਸੰਗਤ ਮੰਡੀ(ਮਨਜੀਤ)-ਲੋਕਾਂ ਦੇ ਜਾਨ-ਮਾਲ ਦੀ ਰਖਵਾਲੀ ਕਰਨ ਵਾਲੀ ਪੁਲਸ ਵੱਲੋਂ ਸਥਾਨਕ ਮੰਡੀ ਦੇ ਦੁਕਾਨਦਾਰਾਂ ਨੂੰ ਡਰਾਵਾ ਦੇ ਕੇ ਉਨ੍ਹਾਂ ਤੋਂ ਬਠਿੰਡਾ 'ਚ ਬਣੇ ਕੋਪਸ ਕਲੱਬ ਦੇ ਨਾਂ 'ਤੇ ਲੱਖਾਂ ਰੁਪਏ ਵਸੂਲਣ ਦਾ ਮਾਮਲਾ ਸਾਹਮਣੇ ਆਇਆ ਹੈ। ਮੰਡੀ ਦੇ ਦੁਕਾਨਦਾਰਾਂ ਨੇ ਨਾਂ ਨਾ ਛਾਪਣ ਦੀ ਸ਼ਰਤ 'ਤੇ ਦੱਸਿਆ ਕਿ ਸੰਗਤ ਪੁਲਸ ਵੱਲੋਂ ਬਠਿੰਡਾ ਦੀ ਪੁਲਸ ਲਾਈਨ 'ਚ ਬਣੇ ਕੋਪਸ ਕਲੱਬ ਦੇ ਨਵੀਨੀਕਰਨ ਲਈ ਮੰਡੀ ਦੇ ਆੜ੍ਹਤੀਆਂ ਤੇ ਦੁਕਾਨਦਾਰਾਂ ਦੀ ਥਾਣੇ 'ਚ ਮੀਟਿੰਗ ਬੁਲਾਈ ਗਈ ਸੀ ਪਰ ਮੀਡੀਆ ਨੂੰ ਇਸ ਮੀਟਿੰਗ ਤੋਂ ਦੂਰ ਹੀ ਰੱਖਿਆ ਗਿਆ ਸੀ, ਜਿਸ ਦੀ ਜਾਣਕਾਰੀ ਮੀਡੀਆ ਨੂੰ ਲੀਕ ਹੋਣ 'ਤੇ ਥਾਣਾ ਮੁਖੀ ਦੇ ਬਾਹਰ ਹੋਣ ਦਾ ਬਹਾਨਾ ਬਣਾ ਕੇ ਰੱਦ ਕਰ ਦਿੱਤਾ ਗਿਆ। ਜਾਣਕਾਰੀ ਅਨੁਸਾਰ ਜ਼ਿਲਾ ਪੁਲਸ ਵੱਲੋਂ ਦਿੱਤੇ ਗਏ ਹੁਕਮਾਂ ਅਨੁਸਾਰ ਜ਼ਿਲੇ ਦੇ ਹਰੇਕ ਥਾਣੇ ਨੂੰ ਕਲੱਬ ਦੇ ਨਵੀਨੀਕਰਨ ਲਈ 5-5 ਲੱਖ ਰੁਪਏ ਇਕੱਠੇ ਕਰ ਕੇ ਭੇਜਣ ਲਈ ਕਿਹਾ ਗਿਆ ਹੈ, ਜਿਸ ਲਈ ਸੰਗਤ ਮੰਡੀ ਦੇ ਆੜ੍ਹਤੀਆਂ ਤੋਂ ਝੋਨੇ ਦੇ ਲੰਘੇ ਸੀਜ਼ਨ 'ਚ 27 ਪੈਸੇ ਪ੍ਰਤੀ ਗੱਟੇ ਦੇ ਹਿਸਾਬ ਨਾਲ ਕਮੀਸ਼ਨ ਦੇ ਰੂਪ 'ਚ 2 ਲੱਖ 11 ਹਜ਼ਾਰ ਰੁਪਏ ਇਕੱਠੇ ਕਰ ਕੇ ਪੁਲਸ ਨੂੰ ਵਗਾਰ ਵਜੋਂ ਦਿੱਤੇ ਗਏ ਹਨ ਅਤੇ ਬਾਕੀ ਪੈਸੇ ਇਕੱਠੇ ਕਰਨ ਲਈ ਸਥਾਨਕ ਮੰਡੀ ਦੇ ਦੁਕਾਨਦਾਰਾਂ ਦੀ ਮੀਟਿੰਗ ਮੀਡੀਆ ਨੂੰ ਲਾਂਭੇ ਕਰ ਕੇ ਰੱਖੀ ਗਈ ਸੀ, ਜੋ ਪੁਲਸ ਨੂੰ ਐਨ ਮੌਕੇ 'ਤੇ ਰੱਦ ਕਰਨੀ ਪਈ। ਸੂਤਰਾਂ ਨੇ ਦੱਸਿਆ ਕਿ ਕਲੱਬ ਦੇ ਮੈਂਬਰ ਬਣਾਏ ਜਾਣ ਦੇ ਨਾਂ 'ਤੇ ਪ੍ਰਤੀ ਮੈਂਬਰ 21 ਹਜ਼ਾਰ ਅਤੇ ਕਲੱਬ 'ਚ ਅਹੁਦੇਦਾਰੀਆਂ ਲੈਣ ਲਈ 51 ਹਜ਼ਾਰ ਰੁਪਏ ਦੀਆਂ ਪਰਚੀਆਂ ਕੱਟੀਆਂ ਜਾ ਰਹੀਆਂ ਹਨ, ਜਦਕਿ ਇਸ ਸਬੰਧੀ ਮੰਡੀ ਦੇ ਆੜ੍ਹਤੀਏ ਸੁਸ਼ੀਲ ਕੁਮਾਰ ਗੋਲਡੀ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਉਨ੍ਹਾਂ ਤੇ ਦੂਸਰੇ ਹੋਰ ਆੜ੍ਹਤੀਆਂ ਵੱਲੋਂ ਕਲੱਬ ਮੈਂਬਰ ਬਣਨ ਲਈ 20-20 ਹਜ਼ਾਰ ਰੁਪਏ ਦੀ ਪਰਚੀ ਕਟਵਾਈ ਗਈ ਹੈ। ਥਾਣੇ 'ਚ ਰੱਖੀ ਮੀਟਿੰਗ ਬਾਰੇ ਉਨ੍ਹਾਂ ਦੱਸਿਆ ਕਿ ਮੀਟਿੰਗ ਮੰਡੀ 'ਚ ਆ ਰਹੀ ਟ੍ਰੈਫਿਕ ਸਮੱਸਿਆ ਬਾਰੇ ਰੱਖੀ ਗਈ ਸੀ, ਜੋ ਥਾਣਾ ਮੁਖੀ ਦੇ ਬਾਹਰ ਹੋਣ ਕਾਰਨ ਰੱਦ ਕਰ ਦਿੱਤੀ ਗਈ। ਇਸ ਸਬੰਧੀ ਜਦੋਂ ਜ਼ਿਲਾ ਪੁਲਸ ਮੁਖੀ ਨਵੀਨ ਸਿੰਗਲਾ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਕੋਪਸ ਕਲੱਬ ਦੇ ਨਵੀਨੀਕਰਨ ਦਾ ਕੰਮ ਤਾਂ ਜ਼ਰੂਰ ਚੱਲ ਰਿਹਾ ਹੈ ਪਰ ਜ਼ਿਲਾ ਪੁਲਸ ਵੱਲੋਂ ਕੋਈ ਹਦਾਇਤ ਨਹੀਂ ਕੀਤੀ ਗਈ ਕਿ ਉਹ ਕਲੱਬ ਦੇ ਨਾਂ 'ਤੇ ਲੋਕਾਂ ਤੋਂ ਪੈਸੇ ਇਕੱਠੇ ਕਰਨ। ਜਦੋਂ ਉਨ੍ਹਾਂ ਨੂੰ ਝੋਨੇ ਦੀ ਕਮੀਸ਼ਨ ਵਜੋਂ ਆੜ੍ਹਤੀਆਂ ਵੱਲੋਂ ਇਕੱਠੇ ਕੀਤੇ 2 ਲੱਖ 11 ਹਜ਼ਾਰ ਰੁਪਏ ਬਾਰੇ ਪੁੱਛਿਆ ਤਾਂ ਉਨ੍ਹਾਂ ਕਿਹਾ ਕਿ ਇਸ ਬਾਰੇ ਉਨ੍ਹਾਂ ਨੂੰ ਕੋਈ ਜਾਣਕਾਰੀ ਨਹੀਂ ਪਰ ਉਹ ਇਸ ਬਾਰੇ ਜ਼ਰੂਰ ਪਤਾ ਕਰਨਗੇ।