ਪਟਿਆਲਾ ਪੁਲਸ ਨੇ ਅਚਾਨਕ ਸਰਚ ਆਪਰੇਸ਼ਨ ਚਲਾ ਕੇ ਕੀਤੀ ਬੱਸ ਸਟੈਂਡ ਅਤੇ ਰੇਲਵੇ ਸਟੇਸ਼ਨ ਦੀ ਚੈਕਿੰਗ

Sunday, Apr 16, 2023 - 05:49 PM (IST)

ਪਟਿਆਲਾ ਪੁਲਸ ਨੇ ਅਚਾਨਕ ਸਰਚ ਆਪਰੇਸ਼ਨ ਚਲਾ ਕੇ ਕੀਤੀ ਬੱਸ ਸਟੈਂਡ ਅਤੇ ਰੇਲਵੇ ਸਟੇਸ਼ਨ ਦੀ ਚੈਕਿੰਗ

ਪਟਿਆਲਾ (ਬਲਜਿੰਦਰ) : ਪਟਿਆਲਾ ਪੁਲਸ ਨੇ ਅੱਜ ਐੱਸ. ਐੱਸ. ਪੀ. ਵਰੁਣ ਸ਼ਰਮਾ ਦੇ ਦਿਸ਼ਾ ਨਿਰਦੇਸ਼ਾਂ ’ਤੇ ਡੀ. ਐੱਸ. ਪੀ. ਸਿਟੀ-1 ਸੰਜੀਵ ਸਿੰਗਲਾ ਦੀ ਅਗਵਾਈ ਹੇਠ ਅਚਾਨਕ ਸਰਚ ਆਪਰੇਸ਼ਨ ਚਲਾ ਕੇ ਬੱਸ ਸਟੈਂਡ ਅਤੇ ਰੇਲਵੇ ਸਟੇਸ਼ਨ ਦੀ ਚੈਕਿੰਗ ਕੀਤੀ। ਪਟਿਆਲਾ ਪੁਲਸ ਦੇ ਨਾਲ ਪੈਰਾ ਮਿਲਟਰੀ ਫੋਰਸ ਦੇ ਜਵਾਨਾਂ ਤੋਂ ਇਲਾਵਾ ਜੀ. ਆਰ. ਪੀ. ਦੇ ਜਵਾਨ ਵੀ ਸਨ। ਪੁਲਸ ਨੇ ਪਹਿਲਾਂ ਬੱਸ ਸਟੈਂਡ ਨੂੰ ਚਾਰੇ ਪਾਸੇ ਤੋਂ ਘੇਰ ਕੇ ਚੈਕਿੰਗ ਸ਼ੁਰੂ ਕੀਤੀ। ਚੈਕਿੰਗ ਲਈ ਐੱਸ.ਐੱਚ.ਓ. ਜਸਪ੍ਰੀਤ ਸਿੰਘ ਕਾਹਲੋਂ, ਕਰਨਵੀਰ ਸਿੰਘ ਸੰਧੂ, ਗੁਰਪ੍ਰੀਤ ਸਿੰਘ ਸਮਰਾਉ ਆਦਿ ਦੀ ਅਗਵਾਈ ਹੇਠ ਵੱਖ-ਵੱਖ ਟੁਕੜੀਆਂ ਬਣਾਈਆਂ ਗਈਆਂ ਅਤੇ ਸਾਰਿਆਂ ਨੇ ਆਪਣੀਆਂ ਟੀਮ ਨਾਲ ਚੈਕਿੰਗ ਕੀਤੀ। ਰੇਲਵੇ ਸਟੇਸ਼ਨ ’ਤੇ ਪਟਿਆਲਾ ਪੁਲਸ ਦੇ ਨਾਲ ਜੀ.ਆਰ.ਪੀ. ਦੀ ਟੀਮ ਵੀ ਸੀ।

ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਡੀ. ਐੱਸ. ਪੀ. ਸੰਜੀਵ ਸਿੰਗਲਾ ਨੇ ਦੱਸਿਆ ਕਿ ਡੀ. ਜੀ. ਪੀ. ਗੌਰਵ ਯਾਦਵ ਅਤੇ ਐੱਸ. ਐੱਸ. ਪੀ. ਵਰੁਣ ਸ਼ਰਮਾ ਦੇ ਦਿਸ਼ਾ ਨਿਰਦੇਸ਼ਾਂ ’ਤੇ ਇਹ ਚੈਕਿੰਗ ਕੀਤੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਇਨ੍ਹਾਂ ਚੈਕਿੰਗਾ ਦਾ ਮਨੋਰਥ ਗੈਰ ਸਮਾਜਿਕ ਅਨਸਰਾਂ ਨੂੰ ਨੱਥ ਪਾਉਣਾ ਹੈ। ਪੁਲਸ ਵੱਲੋਂ ਅਚਾਨਕ ਬਿਨਾਂ ਦੱਸੇ ਚੈਕਿੰਗ ਸ਼ੁਰੂ ਕੀਤੀ ਜਾਂਦੀ ਹੈ ਤਾਂ ਜੇਕਰ ਕੋਈ ਵੀ ਗੈਰ ਸਮਾਜਿਕ ਅਨਸਰ ਕਿਸੇ ਤਰ੍ਹਾਂ ਦੀ ਕੋਈ ਮੂਵਮੈਂਟ ਕਰ ਰਿਹਾ ਹੈ ਤਾਂ ਉਸ ਨੂੰ ਭੱਜਣ ਦਾ ਮੌਕਾ ਨਾ ਮਿਲੇ। ਉਨ੍ਹਾਂ ਦੱਸਿਆ ਕਿ ਇਹ ਚੈਕਿੰਗ ਪਹਿਲਾਂ ਵੀ ਚੱਲ ਰਹੀਆਂ ਸਨ ਅਤੇ ਭਵਿੱਖ ਵਿਚ ਵੀ ਜਾਰੀ ਰਹਿਣਗੀਆਂ। ਇਸ ਤੋਂ ਇਲਾਵਾ ਪਟਿਆਲਾ ਵੱਲੋਂ ਰਾਤ ਨੂੰ ਚੈਕਿੰਗ ਅਤੇ ਨਾਈਟ ਡੋਮੀਨੇਸ਼ਨ ਵੀ ਵਧਾ ਦਿੱਤੀ ਗਈ ਹੈ ਤਾਂ ਕਿ ਕਿਸੇ ਵੀ ਗੈਰ ਸਮਾਜਿਕ ਅਨਸਰ ਨੂੰ ਕੋਈ ਵੀ ਗਤੀਵਿਧੀ ਕਰਨ ਤੋਂ ਪਹਿਲਾਂ ਕਈ ਵਾਰ ਸੋਚੇ।

ਡੀ. ਐੱਸ. ਪੀ ਸੰਜੀਵ ਸਿੰਗਲਾ ਨੇ ਕਿਹਾ ਕਿ ਪਟਿਆਲਾ ਪੁਲਸ ਲੋਕਾਂ ਦੀ ਸੇਵਾ ਵਿਚ ਹਾਜ਼ਰ ਹੈ ਅਤੇ ਐੱਸ. ਐੱਸ. ਪੀ ਵਰੁਣ ਸ਼ਰਮਾ ਦੇ ਸਪੱਸ਼ਟ ਨਿਰਦੇਸ਼ ਹਨ ਕਿਸੇ ਵੀ ਗੈਰ ਸਮਾਜਿਕ ਅਨਸਰ ਨੂੰ ਸਿਰ ਨਾ ਚੁੱਕਣ ਦਿੱਤਾ ਜਾਵੇ। ਇਥੇ ਇਹ ਦੱਸਣਯੋਗ ਹੈ ਕਿ ਪੰਜਾਬ ਵਿਚ ਹਾਲਾਤ ਨੂੰ ਦੇਖਦੇ ਹੋਏ ਪਟਿਆਲਾ ਪੁਲਸ ਵੱਲੋਂ ਵੀ ਲਗਾਤਾਰ ਚੈਕਿੰਗ ਕੀਤੀਆਂ ਜਾ ਰਹੀਆਂ। ਪਹਿਲੀ ਚੈਕਿੰਗ ਤਾਂ ਪੰਜਾਬ ਪੱਧਰ ਦੇ ਕਾਰਡਨ ਆਪਰੇਸ਼ਨ ਦੇ ਤਹਿਤ ਕੁਝ ਚੁਣਵੇ ਇਲਾਕਿਆਂ ਵਿਚ ਕੀਤੀਆਂ ਜਾਂਦੀਆਂ ਹਨ, ਜਿਸ ਦੀ ਸੁਪਰਵਿਜ਼ਨ ਅਕਸਰ ਏ.ਡੀ.ਜੀ.ਪੀ. ਰੈਂਕ ਦੇ ਅਧਿਕਾਰੀ ਕਰਦੇ ਹਨ ਅਤੇ ਦੂਜੇ ਤਰ੍ਹਾਂ ਦੀਆਂ ਚੈਕਿੰਗਾਂ ਅਚਾਨਕ ਕੀਤੀਆਂ ਜਾਂਦੀਆ ਹਨ। ਜਿਨ੍ਹਾਂ ਦਾ ਮਕਸਦ ਗੈਰ ਸਮਾਜਿਕ ਅਨਸਰਾਂ ਦੇ ਖ਼ਿਲਾਫ ਕਾਰਵਾਈ ਕਰਨਾ ਹੁੰਦਾ ਹੈ।


author

Gurminder Singh

Content Editor

Related News