ਕੁਝ ਦੂਰੀ ''ਤੇ ਲੱਗਾ ਸੀ ਪੁਲਸ ਦਾ ਨਾਕਾ ਫਿਰ ਵੀ ਅੱਧੀ ਰਾਤ ਨੂੰ ਜਲਾਲਾਬਾਦ ''ਚ ਹੋਈ ਵੱਡੀ ਵਾਰਦਾਤ

08/20/2017 7:28:20 PM

ਜਲਾਲਾਬਾਦ/ਗੁਰੂਹਰਸਹਾਏ (ਸੇਤੀਆ/ਆਵਲਾ) : ਸੂਬੇ ਵਿਚ ਲਗਾਤਾਰ ਵੱਧ ਰਹੀਆਂ ਲਗਜ਼ਰੀ ਗੱਡੀਆਂ ਦੀ ਲੁੱਟ-ਖੋਹ ਦੀਆਂ ਵਾਰਦਾਤਾਂ ਨੇ ਪੁਲਸ ਪ੍ਰਸ਼ਾਸਨ ਦੀ ਚਿੰਤਾ ਵਧਾ ਦਿੱਤੀ ਹੈ। ਰੋਜ਼ਨਾ ਕਿਤੇ ਨਾ ਕਿਤੇ ਲੁਟੇਰੇ ਲਗਜ਼ਰੀ ਗੱਡੀਆਂ ਨੂੰ ਲੁੱਟਣ ਦੀਆਂ ਘਟਨਾਵਾਂ ਨੂੰ ਅੰਜਾਮ ਦੇ ਰਹੇ ਹਨ ਅਤੇ ਇਨ੍ਹਾਂ ਗੱਡੀਆਂ ਰਾਹੀਂ ਹੀ ਵੱਡੀਆਂ ਘਟਨਾਵਾਂ ਨੂੰ ਲੁਟੇਰੇ ਗੈਂਗਸਟਰਾਂ ਵਲੋਂ ਅੰਜਾਮ ਦਿੱਤਾ ਜਾ ਰਿਹਾ ਹੈ। ਰਾਤ ਕਰੀਬ 11 ਵਜੇ ਫਾਜ਼ਿਲਕਾ-ਫਿਰੋਜ਼ਪੁਰ ਰੋਡ 'ਤੇ ਐਵਰਗ੍ਰੀਨ ਹੋਟਲ 'ਚ ਚੱਲ ਰਹੀ ਡਾਕਟਰਾਂ ਦੀ ਮੀਟਿੰਗ ਦੌਰਾਨ ਬਾਹਰ ਰੋਡ 'ਤੇ ਖੜ੍ਹੇ ਡਰਾਈਵਰ ਕੋਲੋਂ ਲੁਟੇਰੇ ਪਿਸਤੌਲ ਦੀ ਨੋਕ ਤੇ ਇਨੋਵੀ ਗੱਡੀ ਲੁੱਟ ਕੇ ਫਰਾਰ ਹੋ ਗਏ। ਜਦਕਿ ਐਵਰਗ੍ਰੀਨ ਹੋਟਲ ਤੋਂ ਸਿਰਫ 50 ਮੀਟਰ ਦੀ ਦੂਰੀ ਤੇ ਸ਼ਹੀਦ ਉਧਮ ਸਿੰਘ ਚੌਂਕ 'ਤੇ ਪੁਲਸ ਦਾ ਪੱਕਾ ਨਾਕਾ ਰੋਜ਼ਾਨਾ ਹੁੰਦਾ ਹੈ ਅਤੇ ਬੀਤੀ ਰਾਤ ਵੀ ਪੁਲਸ ਨਾਕੇ 'ਤੇ ਖੜ੍ਹੀ ਸੀ ਅਤੇ ਡਰਾਈਵਰ ਵਲੋਂ ਇਸ ਘਟਨਾ ਤੋਂ ਬਾਅਦ ਪੁਲਸ ਨੂੰ ਸੂਚਿਤ ਵੀ ਕੀਤਾ ਗਿਆ ਪਰ ਪੁਲਸ ਵਲੋਂ ਕੋਈ ਵੀ ਮੁਸ਼ਤੈਦੀ ਨਾ ਦਿਖਾਉਂਦੇ ਹੋਏ ਉਲਟਾ ਪਹਿਲਾਂ ਡਰਾਈਵਰ ਨੂੰ ਥਾਣਾ ਸਿਟੀ ਵਿਚ ਸ਼ਿਕਾਇਤ ਕਰਵਾਉਣ ਦਾ ਹਵਾਲਾ ਦਿੱਤਾ ਜਦਕਿ ਜੇਕਰ ਪੁਲਸ ਲੁਟੇਰਿਆਂ ਦੀ ਪਿੱਛਾ ਕਰਦੀ ਤਾਂ ਗੱਡੀ ਅਤੇ ਲੁਟੇਰਿਆਂ ਨੂੰ ਬੜੀ ਆਸਾਨੀ ਨਾਲ ਕਾਬੂ ਕੀਤਾ ਜਾ ਸਕਦਾ ਸੀ। ਥਾਣਾ ਸਿਟੀ ਪੁਲਸ ਨੇ ਡਰਾਈਵਰ ਗੁਰਮੀਤ ਸਿੰਘ ਦੇ ਬਿਆਨਾਂ ਤੇ ਅਣਪਛਾਤੇ ਲੁਟੇਰਿਆਂ ਦੇ ਵਿਰੁੱਧ ਮਾਮਲਾ ਦਰਜ ਕਰ ਲਿਆ ਹੈ ਅਤੇ ਪੁਲਸ ਘਟਨਾ ਵਾਲੀ ਜਗ੍ਹਾਂ ਤੇ ਸੀਸੀਟੀਵੀ ਫੁਟੇਜ ਰਾਹੀਂ ਵੀ ਲੁਟੇਰਿਆਂ ਦੀ ਪਹਿਚਾਨ ਕਰਨ ਵਿੱਚ ਲੱਗੀ ਹੋਈ ਹੈ।
ਜਾਣਕਾਰੀ ਦਿੰਦੇ ਹੋਏ ਗੁਰਮੀਤ ਸਿੰਘ ਨੇ ਦੱਸਿਆ ਕਿ ਐਵਰਗ੍ਰੀਨ ਹੋਟਲ 'ਚ ਡਾਕਟਰਾਂ ਦੀ ਮੀਟਿੰਗ ਸੀ ਅਤੇ ਉਹ ਡਾਕਟਰ ਸ਼ਾਮ ਸੁੰਦਰ ਗੁਪਤਾ ਗੁਰੂਹਰਸਹਾਏ ਦੀ ਇਨੋਵਾ ਗੱਡੀ ਨੂੰ ਲੈ ਕੇ ਜਲਾਲਾਬਾਦ ਆਏ ਸਨ। ਉਸਨੇ ਦੱਸਿਆ ਕਿ ਕਰੀਬ 11 ਵਜੇ ਜਦੋਂ ਹੋਟਲ ਵਿਚ ਮੀਟਿੰਗ ਚੱਲ ਰਹੀ ਸੀ ਅਤੇ ਉਹ ਬਾਹਰ ਇਨੋਵਾ ਗੱਡੀ ਨੰਬਰ-ਪੀਬੀ05-ਏਈ-9109 ਵਿਚ ਬੈਠਾ ਸੀ। ਇਸ ਦੌਰਾਨ ਦੋ ਨੌਜਵਾਨ ਉਸ ਕੋਲ ਆਏ ਅਤੇ ਕਿਸੇ ਗੱਲ ਨੂੰ ਲੈ ਕੇ ਵਿਵਾਦ ਕਰਨ ਲੱਗ ਪਏ ਅਤੇ ਨਾਲ ਉਨ੍ਹਾਂ ਨੇ ਗੱਡੀ ਦੀ ਚਾਬੀ ਖੋਹਣ ਦੀ ਕੋਸ਼ਿਸ਼ ਕੀਤੀ ਤਾਂ ਉਸਨੇ ਇਕ ਨੌਜਵਾਨ ਨੂੰ ਕਾਬੂ ਕਰ ਲਿਆ ਪਰ ਦੂਸਰੇ ਨੌਜਵਾਨ ਨੇ ਫਾਇਰ ਕੀਤਾ ਅਤੇ ਉਸਨੇ ਭੱਜ ਕੇ ਗੱਡੀ ਦੇ ਪਿੱਛੇ ਹੋ ਕੇ ਆਪਣੀ ਜਾਨ ਬਚਾਈ। ਇਸ ਤੋਂ ਬਾਅਦ ਦੇਖਦਿਆਂ ਦੇਖਦਿਆਂ ਦੋਵੇਂ ਗੱਡੀ ਭਜਾ ਕੇ ਫਿਰੋਜ਼ਪੁਰ ਵੱਲ ਲੈ ਕੇ ਗਏ।
ਇਸ ਸੰਬੰਧੀ ਜਦੋਂ ਡੀ. ਐਸ. ਪੀ. ਅਸ਼ੋਕ ਸ਼ਰਮਾ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਦੱਸਿਆ ਕਿ ਇਸ ਸੰਬੰਧੀ ਪੁਲਸ ਵਲੋਂ ਕਾਰਵਾਈ ਕੀਤੀ ਜਾ ਰਹੀ ਹੈ ਅਤੇ ਜਲਦੀ ਹੀ ਲੁਟੇਰਿਆਂ ਨੂੰ ਕਾਬੂ ਕਰ ਲਿਆ ਜਾਵੇਗਾ ਤਾਂ ਪਰ ਜਦੋਂ ਉਨ੍ਹਾਂ ਨੂੰ ਇਹ ਪੁੱਛਿਆ ਗਿਆ ਕਿ ਪੁਲਸ ਦਾ ਨਾਕਾ ਮਹਿਜ਼ 50 ਮੀਟਰ ਦੀ ਦੂਰੀ 'ਤੇ ਸੀ ਅਤੇ ਪੁਲਸ ਨੇ ਕੋਈ ਮੁਸ਼ਤੈਦੀ ਨਹੀਂ ਦਿਖਾਈ ਤਾਂ ਉਹ ਕੋਈ ਸੰਤੁਸ਼ਟ ਜਵਾਬ ਨਹੀਂ ਦੇ ਸਕੇ।


Related News