ਥਾਣਾ ਸਦਰ ਪੁਲਸ ਨਾਭਾ ਵੱਲੋਂ ਸਾਢੇ 4 ਕਿੱਲੋ ਅਫੀਮ ਸਮੇਤ ਇਕ ਕਾਬੂ
Monday, Jan 09, 2023 - 03:48 PM (IST)
ਨਾਭਾ (ਪੁਰੀ/ਭੂਪਾ) : ਪਟਿਆਲਾ ਜ਼ਿਲ੍ਹੇ ਵਿਚ ਪੈਂਦੇ ਨਾਭਾ ਦੀ ਥਾਣਾ ਸਦਰ ਪੁਲਸ ਨੇ ਨਸ਼ਿਆਂ ਦੇ ਸੌਦਾਗਰਾਂ ਖ਼ਿਲਾਫ਼ ਵਿੱਢੀ ਮੁਹਿੰਮ ਵਿਚ ਇਕ ਵਾਰ ਫਿਰ ਤੋ ਵੱਡੀ ਸਫ਼ਲਤਾ ਹਾਸਲ ਕੀਤੀ ਹੈ। ਪੁਲਸ ਨੇ ਇਕ ਵਿਅਕਤੀ ਨੂੰ ਸਵਿਫਟ ਕਾਰ ਸਮੇਤ ਸਾਢੇ ਚਾਰ ਕਿੱਲੋ ਅਫ਼ੀਮ ਨਾਲ ਕਾਬੂ ਕੀਤਾ ਹੈ। ਮੁਲਜ਼ਮ ਦੀ ਪਛਾਣ ਨਰਿੰਦਰ ਸਿੰਘ ਪੁੱਤਰ ਇੰਦਰਜੀਤ ਸਿੰਘ ਵਾਸੀ ਗੋਬਿੰਦਪੁਰਾ ਥਾਣਾ ਭਾਦਸੋ ਤਹਿਸੀਲ ਨਾਭਾ ਵਜੋਂ ਹੋਈ ਹੈ। ਪੁਲਸ ਨੇ ਮੁਲਜ਼ਮ ਖ਼ਿਲਾਫ਼ ਕੇਸ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਡੀ. ਐੱਸ. ਪੀ ਨਾਭਾ ਦਵਿੰਦਰ ਅੱਤਰੀ ਨੇ ਦੱਸਿਆ ਕਿ ਪੰਜਾਬ ਸਰਕਾਰ ਦੀਆਂ ਹਦਾਇਤਾਂ ’ਤੇ ਜ਼ਿਲ੍ਹਾ ਪੁਲਸ ਵੱਲੋਂ ਐੱਸ. ਐੱਸ. ਪੀ. ਵਰੁਣ ਸ਼ਰਮਾ ਅਤੇ ਹਰਵੀਰ ਸਿੰਘ ਅਟਵਾਲ ਕਪਤਾਨ ਪੁਲਸ ਇਨਵੈਸਟੀਗੇਸ਼ਨ ਪਟਿਆਲਾ ਦੀ ਅਗਵਾਈ ਵਿੱਚ ਨਸ਼ਾ ਤਸਕਰਾਂ ਅਤੇ ਤਸਕਰਾਂ ਖਿਲਾਫ ਵਿਸ਼ੇਸ਼ ਮੁਹਿੰਮ ਚਲਾਈ ਜਾ ਰਹੀ ਹੈ ਅਤੇ ਦੋਸ਼ੀਆਂ ਖ਼ਿਲਾਫ ਸਖਡਤ ਕਾਰਵਾਈ ਕੀਤੀ ਜਾ ਰਹੀ ਹੈ। ਐਤਵਾਰ ਨੂੰ ਸਦਰ ਥਾਣਾ ਨਾਭਾ ਦੇ ਇੰਚਾਰਜ ਗੁਰਪ੍ਰੀਤ ਸਿੰਘ ਭਿੰਡਰ ਦੀ ਅਗਵਾਈ ਵਿਚ ਪੁਲਸ ਟੀਮ ਨੇ ਪੀਰ ਬਾਬਾ ਪਿੰਡ ਰੌਹਟੀ ਛੰਨਾ ਕੋਲ ਕਾਰ ਨੰਬਰ ਪੀ.ਬੀ-65-ਐੱਚ-4277 ਸਵਿਫਟ ਜੋ ਕਿ ਭਾਦਸੋਂ ਵੱਲੋਂ ਆ ਰਹੀ ਸੀ ਨੂੰ ਰੋਕ ਕੇ ਚੈੱਕ ਕੀਤਾ ਤਾਂ ਕਾਰ ਦੀ ਡਰਾਈਵਰ ਸੀਟ ਹੇਠੋਂ ਪਲਾਸਟਿਕ ਥੈਲੇ ਵਿਚੋਂ ਸਾਢੇ 4 ਕਿੱਲੋ ਅਫੀਮ ਬਰਾਮਦ ਕਰਕੇ ਦੋਸ਼ੀ ਨਰਿੰਦਰ ਸਿੰਘ ਨੂੰ ਕਾਬੂ ਕਰ ਲਿਆ। ਡੀ. ਐੱਸ. ਪੀ. ਦਵਿੰਦਰ ਅੱਤਰੀ ਨੇ ਕਿਹਾ ਕਿ ਮੁਲਜ਼ਮ ਖ਼ਿਲਾਫ਼ ਕਾਰਵਾਈ ਕੀਤੀ ਜਾ ਰਹੀ ਹੈ।
ਰਾਜਸਥਾਨ ਵਿਖੇ ਖੋਲ੍ਹਿਆ ਹੈ ਦੋਸ਼ੀ ਨੇ ਢਾਬਾ
ਡੀ. ਐੱਸ. ਪੀ. ਦਵਿੰਦਰ ਅੱਤਰੀ ਨੇ ਦੱਸਿਆ ਕਿ ਪੁਲਸ ਵੱਲੋਂ ਕੀਤੀ ਪੁੱਛਗਿੱਛ ਦੌਰਾਨ ਮੁਲਜ਼ਮ ਨਰਿੰਦਰ ਸਿੰਘ ਨੇ ਮੰਨਿਆ ਕਿ ਉਸ ਨੇ ਰਾਜਸਥਾਨ ਵਿਚ ਕਸਬਾ ਸਚੌਰ ਜ਼ਿਲ੍ਹਾ ਜਲੌਰ ਵਿਚ ਆਪਣਾ ਢਾਬਾ ਖੋਲ੍ਹਿਆ ਹੋਇਆ ਹੈ ਅਤੇ ਲੰਬੇ ਸਮੇਂ ਤੋਂ ਅਫੀਮ ਵੇਚਦਾ ਆ ਰਿਹਾ ਹੈ। ਉਹ ਪਹਿਲਾਂ ਤਿੰਨ ਵਾਰ ਰਾਜਸਥਾਨ ਤੋਂ ਅਫੀਮ ਲਿਆ ਕੇ ਪੰਜਾਬ ਵੇਚ ਚੁੱਕਾ ਹੈ। ਡੀ. ਐੱਸ. ਪੀ ਨਾਭਾ ਦਵਿੰਦਰ ਅੱਤਰੀ ਨੇ ਦੱਸਿਆ ਕਿ ਪੁਲਸ ਟੀਮ ਵੱਲੋਂ ਦੋਸ਼ੀ ਕੋਲੋਂ ਅਫੀਮ ਖਰੀਦਣ ਵਾਲੇ ਅਤੇ ਜਿਸ ਜਗ੍ਹਾ ਤੋਂ ਉਹ ਅਫੀਮ ਲਿਆ ਰਿਹਾ ਹੈ, ਉਸ ਬਾਰੇ ਪੁੱਛਗਿੱਛ ਜਾਰੀ ਹੈ। ਡੀ. ਐੱਸ. ਪੀ. ਦਵਿੰਦਰ ਅੱਤਰੀ ਨੇ ਦੱਸਿਆ ਕਿ ਦੋਸ਼ੀ ਖ਼ਿਲਾਫ ਭਾਦਸੋਂ ਥਾਣੇ ਵਿਚ ਦੋ ਲੜਾਈ ਝਗੜੇ ਦੇ ਮਾਮਲੇ ਵੀ ਦਰਜ ਹਨ । ਉਨ੍ਹਾਂ ਦੱਸਿਆ ਕਿ ਨਸ਼ਾ ਤਸਕਰੀ ਵਿਚ ਸ਼ਾਮਲ ਕਿਸੇ ਵੀ ਵਿਅਕਤੀ ਨੂੰ ਬਖਸ਼ਿਆ ਨਹੀਂ ਜਾਵੇਗਾ।