ਰਾਜਨੀਤਕ ਦਬਾਅ ਕਾਰਨ ਕਾਤਲਾਂ ਨੂੰ ਗ੍ਰਿਫ਼ਤਾਰ ਨਹੀਂ ਕਰ ਰਹੀ ਪੁਲਸ

Friday, Sep 29, 2017 - 02:24 AM (IST)

ਹੁਸ਼ਿਆਰਪੁਰ, (ਜ.ਬ.)- ਗੜ੍ਹਸ਼ੰਕਰ ਦੇ ਪਿੰਡ ਸਤਨੌਰ 'ਚ ਬੀਤੀ 7 ਸਤੰਬਰ ਨੂੰ ਹੱਤਿਆ ਦੇ ਸ਼ਿਕਾਰ ਗੈਂਗਸਟਰ ਰੋਹਿਤ ਕੁਮਾਰ ਉਰਫ ਕਾਕਾ ਸ਼ਿਕਾਰੀ ਦੇ ਪਿਤਾ ਦਰਸ਼ਨ ਲਾਲ ਤੇ ਮਾਂ ਅਨੀਤਾ ਰਾਣੀ ਦੇ ਨਾਲ ਹੋਰਨਾਂ ਪਰਿਵਾਰਕ ਮੈਂਬਰਾਂ ਨੇ ਦੋਸ਼ ਲਾਇਆ ਕਿ ਗੜ੍ਹਸ਼ੰਕਰ ਦੀ ਇਕ ਮਹਿਲਾ ਆਗੂ ਦੇ ਦਬਾਅ 'ਚ ਆ ਕੇ ਪੁਲਸ ਕਾਤਲਾਂ ਨੂੰ ਗ੍ਰਿਫ਼ਤਾਰ ਨਹੀਂ ਕਰ ਰਹੀ। ਐਨਾ ਹੀ ਨਹੀਂ ਪੁਲਸ ਵੱਲੋਂ ਗ੍ਰਿਫ਼ਤਾਰ ਇਕ ਦੋਸ਼ੀ ਕਮਲਜੀਤ ਸਿੰਘ ਉਰਫ ਕਮਲ ਸਹੋਤਾ ਵਾਸੀ ਪਿੰਡ ਘਾਗੋ ਰੋੜਾਂਵਾਲੀ ਨੂੰ ਇਸ ਹੱਤਿਆ ਕਾਂਡ 'ਚੋਂ ਕੱਢਣ ਲਈ ਉਨ੍ਹਾਂ 'ਤੇ ਦਬਾਅ ਬਣਾਇਆ ਜਾ ਰਿਹਾ ਹੈ। ਉਨ੍ਹਾਂ ਚਿਤਾਵਨੀ ਦਿੱਤੀ ਕਿ ਜੇਕਰ ਪੁਲਸ ਨੇ ਕਾਤਲਾਂ ਨੂੰ ਗ੍ਰਿਫ਼ਤਾਰ ਨਾ ਕੀਤਾ ਤਾਂ ਉਹ ਚੰਡੀਗੜ੍ਹ ਪਹੁੰਚ ਕੇ ਰਾਜ ਭਵਨ ਦੇ ਸਾਹਮਣੇ ਤੇ ਗੁਰਦਾਸਪੁਰ ਪਹੁੰਚ ਕੇ ਸਰਕਾਰ ਦੇ ਖਿਲਾਫ਼ ਰੋਸ ਪ੍ਰਦਰਸ਼ਨ ਕਰਨਗੇ। 
ਦੂਜੇ ਪਾਸੇ ਜ਼ਿਲਾ ਪੁਲਸ ਮੁਖੀ ਜੇ. ਏਲੀਚੇਲਿਅਨ ਨੇ ਸਾਫ਼ ਤੌਰ 'ਤੇ ਕਿਹਾ ਹੈ ਕਿ ਪੁਲਸ ਕਿਸੇ ਵੀ ਦਬਾਅ ਹੇਠ ਕੰਮ ਨਹੀਂ ਕਰ ਰਹੀ ਹੈ। ਵਰਣਨਯੋਗ ਹੈ ਕਿ ਰੋਹਿਤ ਕੁਮਾਰ ਉਰਫ ਕਾਕਾ ਸ਼ਿਕਾਰੀ (32) ਪੁੱਤਰ ਦਰਸ਼ਨ ਲਾਲ ਵਾਸੀ ਵਾਰਡ ਨੰ. 5 ਗੜ੍ਹਸ਼ੰਕਰ, ਜੋ ਕਿ ਆਪਣੇ ਦੋਸਤ ਵਿਪਨ ਕੁਮਾਰ ਦੇ ਘਰ ਸੁੱਤਾ ਹੋਇਆ ਸੀ, ਦੀ ਬੀਤੀ 7 ਸਤੰਬਰ ਨੂੰ ਦੁਪਹਿਰ 12 ਵਜੇ ਦੇ ਕਰੀਬ ਇਕ ਮਾਰੂਤੀ ਕਾਰ 'ਚ ਆਏ 6 ਦੇ ਕਰੀਬ ਅਣਪਛਾਤੇ ਵਿਅਕਤੀਆਂ ਨੇ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ ਗਈ ਸੀ। 
ਹੱਤਿਆਕਾਂਡ 'ਚ 8 ਦੋਸ਼ੀਆਂ 'ਚੋਂ 5 ਗ੍ਰਿਫ਼ਤਾਰ : ਐੱਸ. ਐੱਸ. ਪੀ. : ਸੰਪਰਕ ਕੀਤੇ ਜਾਣ 'ਤੇ ਜ਼ਿਲਾ ਪੁਲਸ ਮੁਖੀ ਜੇ. ਏਲੀਚੇਲਿਅਨ ਨੇ ਦੱਸਿਆ ਕਿ ਰੋਹਿਤ ਹੱਤਿਆਕਾਂਡ ਸਬੰਧੀ ਮਾਹਿਲਪੁਰ ਪੁਲਸ ਨੇ 8 ਦੋਸ਼ੀਆਂ ਖਿਲਾਫ਼ ਕੇਸ ਦਰਜ ਕਰ ਕੇ ਹੁਣ ਤੱਕ 5 ਨੂੰ ਗ੍ਰਿਫ਼ਤਾਰ ਕਰ ਲਿਆ ਹੈ ਤੇ ਬਾਕੀਆਂ ਦੀ ਗ੍ਰਿਫ਼ਤਾਰੀ ਲਈ ਲਗਾਤਾਰ ਛਾਪੇਮਾਰੀ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਪੁਲਸ ਜਲਦ ਹੀ ਉਨ੍ਹਾਂ ਨੂੰ ਵੀ ਗ੍ਰਿਫ਼ਤਾਰ ਕਰ ਲਵੇਗੀ। 


Related News