ਮੋਗਾ ਪੁਲਸ ਨੂੰ ਮਿਲੀ ਵੱਡੀ ਸਫਲਤਾ, ਚੋਰੀ ਦੇ 10 ਮੋਟਰਸਾਈਕਲਾਂ ਸਮੇਤ 1 ਕਾਬੂ
Friday, Jul 14, 2023 - 02:28 PM (IST)
ਮੋਗਾ (ਆਜ਼ਾਦ) : ਮੋਗਾ ਪੁਲਸ ਵੱਲੋਂ ਵ੍ਹੀਕਲ ਚੋਰਾਂ ਖ਼ਿਲਾਫ਼ ਚਲਾਈ ਜਾ ਰਹੀ ਮੁਹਿੰਮ ਤਹਿਤ ਮੋਗਾ ਪੁਲਸ ਨੂੰ ਉਸ ਸਮੇਂ ਸਫਲਤਾ ਮਿਲੀ ਜਦ ਸਪੈਸ਼ਲ ਸਟਾਫ ਮੋਗਾ ਨੇ ਚੋਰੀ ਦੇ 10 ਮੋਟਰਸਾਈਕਲਾਂ ਸਮੇਤ ਇਕ ਨੌਜਵਾਨ ਨੂੰ ਕਾਬੂ ਕੀਤਾ, ਜਿਸ ਖਿਲਾਫ ਥਾਣਾ ਸਿਟੀ ਮੋਗਾ ਵਿਚ ਮਾਮਲਾ ਦਰਜ ਕੀਤਾ ਗਿਆ ਹੈ। ਇਸ ਸਬੰਧ ਵਿਚ ਜਾਣਕਾਰੀ ਦਿੰਦੇ ਹੋਏ ਡੀ. ਐੱਸ. ਪੀ. (ਆਈ.) ਹਰਿੰਦਰ ਸਿੰਘ ਡੋਡ ਨੇ ਦੱਸਿਆ ਕਿ ਜਦ ਸਪੈਸ਼ਲ ਸਟਾਫ਼ ਮੋਗਾ ਦੇ ਇੰਚਾਰਜ ਲਛਮਣ ਸਿੰਘ ਅਤੇ ਸਹਾਇਕ ਥਾਣੇਦਾਰ ਪਾਲ ਸਿੰਘ ਪੁਲਸ ਪਾਰਟੀ ਸਮੇਤ ਇਲਾਕੇ ਵਿਚ ਗਸ਼ਤ ਕਰਦੇ ਹੋਏ ਦੇਰ ਸ਼ਾਮ ਜ਼ੀਰਾ ਰੋਡ ਨੇੜੇ ਦਾਣਾ ਮੰਡੀ ਕੋਲ ਜਾ ਰਹੇ ਸਨ ਤਾਂ ਉਨ੍ਹਾਂ ਨੂੰ ਗੁਪਤ ਸੂਚਨਾਂ ਦੇ ਆਧਾਰ ’ਤੇ ਜਾਣਕਾਰੀ ਮਿਲੀ ਕਿ ਅਵਤਾਰ ਸਿੰਘ ਉਰਫ ਤਾਰੀ ਨਿਵਾਸੀ ਪਿੰਡ ਖੋਸਾ ਪਾਂਡੋ ਮੋਟਰਸਾਈਕਲ ਚੋਰੀ ਕਰ ਕੇ ਅੱਗੇ ਵਿੱਕਰੀ ਕਰਨ ਦਾ ਧੰਦਾ ਕਰਦਾ ਹੈ ਅਤੇ ਅੱਜ ਵੀ ਉਹ ਚੋਰੀ ਦੇ ਮੋਟਰਸਾਈਕਲ ’ਤੇ ਮੋਗਾ ਵੱਲੋਂ ਆ ਰਿਹਾ ਹੈ, ਜਿਸ ’ਤੇ ਪੁਲਸ ਪਾਰਟੀ ਨੇ ਨਾਕਾਬੰਦੀ ਕਰ ਕੇ ਉਨ੍ਹਾਂ ਨੂੰ ਰੋਕਿਆ ਅਤੇ ਮੋਟਰਸਾਈਕਲ ਦੇ ਦਸਤਾਵੇਜ਼ ਦਿਖਾਉਣ ਨੂੰ ਕਿਹਾ ਤਾਂ ਉਹ ਕੋਈ ਵੀ ਦਸਤਾਵੇਜ਼ ਨਾ ਦਿਖਾ ਸਕਿਆ, ਜਿਸ ’ਤੇ ਪੁਲਸ ਪਾਰਟੀ ਨੇ ਉਸ ਨੂੰ ਮੋਟਰ ਸਾਈਕਲ ਸਮੇਤ ਹਿਰਾਸਤ ਵਿਚ ਲੈ ਲਿਆ।
ਸਪੈਸ਼ਲ ਸੈੱਲ ਦੇ ਇੰਚਾਰਜ ਲਛਮਣ ਸਿੰਘ ਨੇ ਕਿਹਾ ਕਿ ਕਥਿਤ ਦੋਸ਼ੀ ਤੋਂ ਕੀਤੀ ਗਈ ਪੁੱਛਗਿੱਛ ਦੌਰਾਨ ਵੱਖ-ਵੱਖ ਥਾਵਾਂ ’ਤੇ ਖੜ੍ਹੇ ਕੀਤੇ ਗਏ ਚੋਰੀ ਦੇ 9 ਮੋਟਰਸਾਈਕਲ ਬਰਾਮਦ ਕੀਤੇ ਗਏ। ਉਸ ਨੇ ਦੱਸਿਆ ਕਿ ਉਕਤ ਮੋਟਰ ਸਾਈਕਲ ਉਸ ਨੇ ਮੋਗਾ ਦੇ ਵੱਖ-ਵੱਖ ਇਲਾਕਿਆਂ ਤੋਂ ਚੋਰੀ ਕੀਤੇ ਸਨ। ਕਥਿਤ ਦੋਸ਼ੀ ਨੂੰ ਸਹਾਇਕ ਥਾਣੇਦਾਰ ਪਾਲ ਸਿੰਘ ਵੱਲੋਂ ਅੱਜ ਮਾਣਯੋਗ ਅਦਾਲਤ ਵਿਚ ਪੇਸ਼ ਕਰ ਕੇ ਇਕ ਦਿਨ ਦਾ ਪੁਲਸ ਰਿਮਾਂਡ ਹਾਸਲ ਕੀਤਾ ਗਿਆ। ਉਨ੍ਹਾਂ ਕਿਹਾ ਕਿ ਪੁਲਸ ਇਹ ਜਾਨਣ ਦਾ ਯਤਨ ਕਰ ਰਹੀ ਹੈ ਕਿ ਕਥਿਤ ਦੋਸ਼ੀ ਨਾਲ ਹੋਰ ਕਿਹੜੇ-ਕਿਹੜੇ ਵਿਅਕਤੀ ਸ਼ਾਮਲ ਹਨ। ਜਲਦ ਹੀ ਹੋਰ ਵੀ ਮੋਟਰਸਾਈਕਲ ਬਰਾਮਦ ਹੋਣ ਦੀ ਸੰਭਾਵਨਾ ਹੈ।