ਫੌਜੀ ਪਰਿਵਾਰਾਂ ਨੂੰ ਹੀ ਨਹੀਂ, ਪੁਲਸ ਨੂੰ ਵੀ ਚਕਮਾ ਦਿੰਦਾ ਰਿਹਾ ‘ਨਕਲੀ ਮੇਜਰ’
Tuesday, Aug 27, 2019 - 12:01 PM (IST)
ਅੰਮ੍ਰਿਤਸਰ (ਅਰੁਣ, ਸਫਰ)—ਸਿਵਲ ਲਾਈਨਜ਼ ਪੁਲਸ ਦੇ ਹੱਥੀਂ ਚਡ਼੍ਹਿਆ ਨਕਲੀ ਮੇਜਰ ਸੁਖਜਿੰਦਰ ਸਿੰਘ ਖਹਿਰਾ (ਐੱਸ. ਐੱਸ. ਖਹਿਰਾ) ਦੀ ਅਸਲੀ ਕਹਾਣੀ ਹੁਣ ਪੁਲਸ ਜਾਂਚ ’ਚ ਸਾਹਮਣੇ ਆਉਣ ਲੱਗੀ ਹੈ। ਰਣਜੀਤ ਐਵੀਨਿਊ ਦੇ ਡਿਫੈਂਸ ਕਾਲੋਨੀ ਕੋਠੀ ਨੰਬਰ ਡੀ-21 ਵਿਚ ਐੱਸ. ਐੱਸ. ਖਹਿਰਾ ਕਈ ਸਾਲ ਰਿਹਾ। ਆਲੇ-ਦੁਆਲੇ ਰਹਿਣ ਵਾਲੇ ਅਸਲੀ ਫੌਜੀ ਪਰਿਵਾਰਾਂ ਨੂੰ ਇਸ ਗੱਲ ਦੀ ਭਿਣਕ ਤੱਕ ਨਹੀਂ ਲੱਗਣ ਦਿੱਤੀ ਕਿ ਉਹ ਅਸਲੀ ਨਹੀਂ, ਸਗੋਂ ‘ਨਕਲੀ ਮੇਜਰ’ ਹੈ। ਹਾਲਾਂਕਿ ਇਹ ਕੋਠੀ ਕਰੀਬ 2 ਸਾਲ ਪਹਿਲਾਂ ਉਸ ਨੇ ਵੇਚ ਦਿੱਤੀ ਸੀ। ਇਸ ਤੋਂ ਪਹਿਲਾਂ ਇਸ ਕੋਠੀ ਵਿਚ ਉਹ ਆਪਣੇ ਪਿਤਾ ਮੋਹਨ ਸਿੰਘ ਨਾਲ ਰਹਿੰਦਾ ਰਿਹਾ ਹੈ। ਪਿਤਾ ਦੀ ਕਰੀਬ 5 ਸਾਲ ਪਹਿਲਾਂ ਮੌਤ ਹੋ ਚੁੱਕੀ ਹੈ। ਉਹ ਲੈਫਟੀਨੈਂਟ ਕਰਨਲ ਰਿਟਾਇਰਡ ਹੋਏ ਸਨ।ਐੱਸ. ਐੱਸ. ਖਹਿਰਾ ਆਪਣੇ ਆਪ ਦੀ ਮੇਜਰ ਖਹਿਰਾ ਦੇ ਤੌਰ ’ਤੇ ਜਾਣ-ਪਛਾਣ ਰੱਖਦਾ ਸੀ। ਉਸ ਦੀ ਗੱਡੀ, ਫੌਜ ਦੀ ਵਰਦੀ, ਆਈ ਕਾਰਡ ਅਤੇ ਬੈਚ ਅਤੇ ਪਲੇਟ ਆਦਿ ਮਿਲੀ ਹੈ, ਜੋ ਕਿ ਨਕਲੀ ਮੇਜਰ ਨੇ ਪਿਤਾ ਦੇ ਹੀ ਆਈ ਕਾਰਡ ਨੂੰ ਸਕੈਨ ਕਰ ਕੇ ਤਿਆਰ ਕਰਵਾਏ ਸਨ। ਅਜਿਹੇ ਵਿਚ ਪੁਲਸ ਹੁਣ ਨਕਲੀ ਮੇਜਰ ਨੂੰ 4 ਦਿਨ ਪੁਲਸ ਰਿਮਾਂਡ ’ਤੇ ਲੈ ਕੇ ਉਨ੍ਹਾਂ ਦੇ ਬੈਂਕ ਖਾਤਿਆਂ ਦੇ ਨਾਲ-ਨਾਲ ਮੋਬਾਇਲ ਫੋਨ ਦੀ ਕਾਲ ਡਿਟੇਲ ਖੰਗਾਲÎਣ ’ਚ ਲੱਗੀ ਹੈ। ਉਹ ਨਕਲੀ ਮੇਜਰ ਦੇ ਮੋਬਾਇਲ ਫੋਨ ਦੀ ਕਾਲ ਡਿਟੇਲ ਨਾਲ ਵੀ ਪੁਲਸ ਸੁਰਾਗ ਲੱਭਣ ਵਿਚ ਲੱਗ ਗਈ ਹੈ।
3 ਸਾਲ ਪਹਿਲਾਂ ਅੱਜ ਦੇ ਦਿਨ ਖਰੀਦੀ ਸੀ ਹੌਂਡਾ ਸਿਟੀ
ਇਹ ਇਤਫਾਕ ਹੀ ਕਿਹਾ ਜਾਵੇਗਾ ਕਿ ਥਾਣਾ ਸਿਵਲ ਲਾਈਨਜ਼ ਪੁਲਸ ਨੇ ਐੱਸ. ਐੱਸ. ਖਹਿਰਾ ਯਾਨੀ (ਨਕਲੀ ਮੇਜਰ) ਕੋਲੋਂ ਜੋ ਹੋਂਡਾ ਸਿਟੀ ਪੀ ਬੀ 02 ਸੀ ਜ਼ੈੱਡ-3927 ਬਰਾਮਦ ਹੋਈ ਹੈ। ਇਸ ਸਮੇਂ ਥਾਣਾ ਸਿਵਲ ਲਾਈਨਜ਼ ਦੇ ਕਬਜ਼ੇ ’ਚ ਹੈ। ਉਸ ਕਾਰ ਨੂੰ ਅੱਜ ਦੇ ਦਿਨ ਖਰੀਦਿਆ ਗਿਆ ਸੀ। ਰਜਿਸਟੇਸ਼ਨ ਨੰਬਰ ਤੋਂ ਪਤਾ ਲੱਗਾ ਕਿ 21 ਡੀ ਡਿਫੈਂਸ ਕਾਲੋਨੀ ਰਣਜੀਤ ਐਵੀਨਿਊ ਅੰਮ੍ਰਿਤਸਰ ਲਿਖਿਆ ਹੈ।
ਦਿੱਲੀ ਤੋਂ ਫੌਜ ਦੀ ਖੁਫੀਆ ਟੀਮ ਵੀ ਕਰੇਗੀ ਜਾਂਚ
ਥਾਣਾ ਸਿਵਲ ਲਾਈਨਜ਼ ਪੁਲਸ ਦੇ ਹੱਥੀਂ ਚਡ਼੍ਹਿਆ ‘ਨਕਲੀ ਮੇਜਰ’ ਐੱਸ. ਐੱਸ. ਖਹਿਰਾ ਦੀਆਂ ਮੁਸ਼ਕਲਾਂ ਹੋਰ ਵਧ ਸਕਦੀਆਂ ਹਨ। ਇੰਡੀਅਨ ਆਰਮੀ ਦੇ ਪਛਾਣ ਪੱਤਰ ਅਤੇ ਵਰਦੀ ਨਾਲ ਗ੍ਰਿਫਤਾਰ ਹੋਏ ਖਹਿਰਾ ਦੇ ਮਾਮਲੇ ਦੀ ਜਾਂਚ ਸਬੰਧੀ ਜਿਥੇ ਖੂਫੀਆ ਵਿਭਾਗ ਲੱਗਿਆ ਹੋਇਆ ਹੈ ਉਥੇ ਦਿੱਲੀ ਤੋਂ ਫੌਜ ਦੀ ਖੁਫੀਆ ਟੀਮ ਖਾਸ ਪੁੱਛਗਿੱਛ ਲਈ ਅੰਮ੍ਰਿਤਸਰ ਪਹੁੰਚ ਰਹੀ ਹੈ। ਸਭ ਤੋਂ ਹੈਰਾਨੀਜਨਕ ਵਾਲੀ ਗੱਲ ਇਹ ਹੈ ਕਿ 10 ਅਤਿਸੰਵੇਦਨਸ਼ੀਲ ਸ਼ਹਿਰ ’ਚ ਸੁਮਾਰ ਅੰਮ੍ਰਿਤਸਰ ਨਾਲ ਲੱਗਦੀ ਪਾਕਿਸਤਾਨ ਸਰਹੱਦ ਤੋਂ ਲੈ ਕੇ ਫੌਜੀ ਛਾਉਣੀ ਤਕ ਫਰਜੀ ਮੇਜਰ ਕਿੱਥੇ-ਕਿੱਥੇ ਜਾਂਦਾ ਰਿਹਾ, ਕਿਹਡ਼ੇ-ਕਿਹਡ਼ੇ ਲੋਕਾਂ ਨਾਲ ਉਸ ਦੇ ਰਿਸ਼ਤੇ ਰਹੇ ਹਨ, ਇਸ ਦਾ ਪਤਾ ਕਰਨ ਲਈ ਵੀ ਸੁਰੱਖਿਆ ਅਤੇ ਖੁਫੀਆ ਏਜੰਸੀਆਂ ਡਟ ਗਈਆਂ ਹਨ।