ਪੁਲਸ ਨੇ 24 ਘੰਟਿਆਂ ’ਚ ਸੁਲਝਾਈ ਲੁੱਟ ਦੀ ਗੁੱਥੀ, ਸਾਹਮਣੇ ਲਿਆਂਦਾ ਪੂਰਾ ਸੱਚ
Saturday, Jan 02, 2021 - 06:12 PM (IST)
ਖਰੜ (ਅਮਰਦੀਪ) : ਸੀ.ਆਈ.ਏ. ਸਟਾਫ ਪੁਲਸ ਨੇ 24 ਘੰਟੇ ਅੰਦਰ ਮੁਹਾਲੀ ਵਿਖੇ ਲੁੱਟ ਦੀ ਵਾਰਦਾਤ ਨੂੰ ਟਰੇਸ ਕਰਕੇ ਇਸ ਮਾਮਲੇ ਵਿਚ ਲੋੜੀਂਦੇ 3 ਮੁਲਜ਼ਮਾਂ ਨੂੰ ਗਿ੍ਰਫ਼ਤਾਰ ਕਰਕੇ ਲੁਟੀ ਹੋਈ ਰਕਮ ਬਰਾਮਦ ਕਰ ਲਈ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਪੁਲਸ ਮੁਖੀ ਸਤਿੰਦਰ ਸਿੰਘ ਨੇ ਦੱਸਿਆ ਕਿ ਪੁਨੀਤ ਗੋਇਲ ਪੁੱਤਰ ਵੈਦ ਭੂਸ਼ਣ ਗੋਇਲ ਜੋ ਕਿ ਕੈਮਿਸਟ ਦੀ ਦੁਕਾਨ ਕਰਦਾ ਹੈ ਅਤੇ ਕੁੱਝ ਲੁਟੇਰਿਆ ਨੇ ਜਦੋਂ ਉਹ ਘਰ ਵਾਪਸ ਜਾ ਰਿਹਾ ਸੀ ਤਾਂ ਉਸ ਪਾਸੋਂ ਢਾਈ ਲੱਖ ਰੁਪਏ ਲੁੱਟ ਲਏ ਸਨ। ਇਸ ਵਾਰਦਾਤ ਨੂੰ ਟਰੇਸ ਕਰਨ ਲਈ ਐੱਸ.ਪੀ. ਹਰਮਨਦੀਪ ਸਿੰਘ ਹਾਂਸ ਆਈ.ਪੀ.ਐੱਸ. ਡੀ.ਐੱਸ.ਪੀ. ਜਾਂਚ ਗੁਰਚਰਨ ਸਿੰਘ ਦੀ ਨਿਗਰਾਨੀ ਹੇਠ ਸੀ.ਆਈ. ਏ. ਸਟਾਫ ਦੇ ਇੰਚਾਰਜ ਗੁਰਮੇਲ ਸਿੰਘ ਸਰਾਂ ਨੇ ਆਪਣੀ ਟੀਮ ਨਾਲ ਕੀਤੀ ਤਾਂ ਇਸ ਮਾਮਲੇ ਵਿਚ ਵਾਰਦਾਤ ਨੂੰ ਅੰਜ਼ਾਮ ਦੇਣ ਵਾਲੇ 3 ਮੁਲਜ਼ਮਾਂ ਚੇਤਨ ਸ਼ਰਮਾ ਪੁੱਤਰ ਰਾਜੇਸ਼ ਸ਼ਰਮਾ ਵਾਸੀ ਮਕਾਨ ਨੰਬਰ 3601 ਧੋਬੀਆਂ ਵਾਲਾ ਮੁਹੱਲਾ ਖਰੜ, ਸੁਮੇਸ਼ ਬਾਂਸਲ ਪੁੱਤਰ ਲੱਕੀ ਬਾਂਸਲ ਨੇ ਇਮਲੀ ਵਾਲਾ ਮੰਦਿਰ ਖਰੜ, ਵਿਕਰਮਜੀਤ ਸਿੰਘ ਪੁੱਤਰ ਪ੍ਰਦੀਪ ਕੁਮਾਰ ਵਿੰਗੀ ਮਸਜਿਦ ਖਰੜ ਨੂੰ ਗਿ੍ਰਫ਼ਤਾਰ ਕਰਕੇ ਉਨ੍ਹਾਂ ਪਾਸੋਂ ਵਾਰਦਾਤ ਦੌਰਾਨ ਵਰਤੇ ਗਏ ਮੋਟਰ ਸਾਈਕਲ ਨੰਬਰ ਪੀ. ਬੀ. 65 ਏਈ-2956 ਅਤੇ ਇਕ ਲੋਹੇ ਦੀ ਰਾਡ, ਹਥੌੜਾ ਬਰਾਮਦ ਕੀਤੇ ਹਨ। ਤਿੰਨਾਂ ਮੁਲਜ਼ਮਾਂ ਨੂੰ ਖਰੜ ਦੀ ਮਾਣਯੋਗ ਅਦਾਲਤ ਵਿਚ ਪੇਸ਼ ਕੀਤਾ, ਜਿੱਥੇ ਉਨ੍ਹਾਂ ਨੂੰ 3 ਦਿਨਾਂ ਦੇ ਪੁਲਸ ਰਿਮਾਂਡ ’ਤੇ ਭੇਜਿਆ ਗਿਆ ਹੈ।
ਕਿਸ ਤਰ੍ਹਾਂ ਵਾਰਦਾਤ ਨੂੰ ਅੰਜਾਮ
ਮੁਲਜ਼ਮ ਚੇਤਨ ਸ਼ਰਮਾ ਅਤੇ ਵਿਕਰਮਜੀਤ ਸਿੰਘ ਪੁਨੀਤ ਗੋਇਲ ਦੀ ਦੁਕਾਨ ’ਤੇ ਨੌਕਰੀ ਕਰਦੇ ਸਨ, ਪ੍ਰੰਤੂ ਇਨ੍ਹਾਂ ਦਾ ਕੰਮਕਾਰ ਠੀਕ ਨਾ ਹੋਣ ਕਰਕੇ ਕੁੱਝ ਦਿਨ ਪਹਿਲਾਂ ਨੌਕਰੀ ਤੋਂ ਹਟਾ ਦਿੱਤਾ ਗਿਆ। ਇਨ੍ਹਾਂ ਨੂੰ ਪੁਨੀਤ ਗੋਇਲ ਦੇ ਕਾਰੋਬਾਰ ਸਬੰਧੀ ਪੂਰੀ ਜਾਣਕਾਰੀ ਸੀ ਤਾਂ ਉਨ੍ਹਾਂ ਇਕ ਹੋਰ ਦੋਸਤ ਸੁਮੇਸ਼ ਬਾਂਸਲ ਜੋ ਖਰੜ ਵਿਖੇ ਕਰਿਆਨੇ ਦੀ ਦੁਕਾਨ ਕਰਦਾ ਹੈ , ਮਿਲ ਕੇ ਯੋਜਨਾ ਬਣਾਈ ਅਤੇ ਲੁੱਟ ਦੀ ਵਾਰਦਾਤ ਨੂੰ ਅੰਜਾਮ ਦਿੱਤਾ।