ਪੁਲਸ ਹਿਰਾਸਤ ''ਚ ਬਜ਼ੁਰਗ ਦੀ ਮੌਤ

Wednesday, Jan 03, 2018 - 11:33 AM (IST)

ਪੁਲਸ ਹਿਰਾਸਤ ''ਚ ਬਜ਼ੁਰਗ ਦੀ ਮੌਤ

ਪਾਤੜਾਂ/ਘੱਗਾ (ਮਾਨ, ਸਨੇਹੀ, ਅਡਵਾਨੀ) - ਸਬ-ਡਵੀਜ਼ਨ ਪਾਤੜਾਂ ਦੇ ਥਾਣਾ ਘੱਗਾ ਪੁਲਸ ਵੱਲੋਂ ਭੁੱਕੀ ਵੇਚਣ ਦੇ ਦੋਸ਼ ਹੇਠ ਇਕ ਬਜ਼ੁਰਗ ਨੂੰ ਹਿਰਾਸਤ ਵਿਚ ਲਏ ਜਾਣ ਮਗਰੋਂ ਥਾਣੇ ਲਿਜਾਂਦਿਆਂ ਰਸਤੇ ਵਿਚ ਉਸ ਦੀ ਮੌਤ ਹੋ ਗਈ। ਇਸ ਤੋਂ ਬਾਅਦ ਪੁਲਸ ਮੁਲਾਜ਼ਮ ਲਾਸ਼ ਨੂੰ ਗੱਡੀ ਵਿਚ ਛੱਡ ਕੇ ਫਰਾਰ ਹੋ ਗਏ। ਪੁਲਸ ਹਿਰਾਸਤ 'ਚ ਹੋਈ ਮੌਤ ਨੂੰ ਲੈ ਕੇ ਪਿੰਡ ਵਾਸੀਆਂ ਨੇ ਪੁਲਸ ਕਰਮਚਾਰੀਆਂ ਵਿਰੁੱਧ ਕੇਸ ਦਰਜ ਕਰਨ ਦੀ ਮੰਗ ਕਰਦਿਆਂ ਲਾਸ਼ ਵਾਲੀ ਗੱਡੀ ਸੜਕ 'ਤੇ ਖੜ੍ਹੀ ਕਰ ਕੇ ਪਾਤੜਾਂ-ਪਟਿਆਲਾ ਮੁੱਖ ਮਾਰਗ ਨੂੰ ਜਾਮ ਕਰ ਦਿੱਤਾ। ਥਾਣਾ ਘੱਗਾ ਦੇ ਮੁਖੀ ਗੁਰਮੀਤ ਸਿੰਘ ਵੱਲੋਂ ਭੜਕੇ ਲੋਕਾਂ ਨੂੰ ਸ਼ਾਂਤ ਕਰਨ ਦੀਆਂ ਕੋਸ਼ਿਸ਼ਾਂ ਕੀਤੀਆਂ ਗਈਆਂ ਪਰ ਉਨ੍ਹਾਂ ਦਾ ਰੋਹ ਸ਼ਾਂਤ ਨਾ ਹੋਇਆ। ਉਪਰੰਤ ਡੀ. ਐੱਸ. ਪੀ. ਪਾਤੜਾਂ ਦਵਿੰਦਰ ਅਤਰੀ ਧਰਨੇ ਵਾਲੀ ਥਾਂ 'ਤੇ ਪਹੁੰਚੇ ਪਰ ਧਰਨਾਕਾਰੀ ਦੋਸ਼ੀ ਪੁਲਸ ਕਰਮਚਾਰੀਆਂ ਖ਼ਿਲਾਫ਼ ਕੇਸ ਦਰਜ ਕਰਨ ਦੀ ਜ਼ਿੱਦ 'ਤੇ ਅੜੇ ਰਹੇ। ਖ਼ਬਰ ਲਿਖੇ ਜਾਣ ਤੱਕ ਧਰਨਾ ਜਾਰੀ ਸੀ। ਪੁਲਸ ਅਧਿਕਾਰੀਆਂ ਨੇ ਲੋਕਾਂ ਨੂੰ ਸਮਝਾ ਕੇ ਰਸਤਾ ਚਾਲੂ ਕਰਵਾ ਦਿੱਤਾ।
ਰੋਸ ਪ੍ਰਦਰਸ਼ਨ ਦੀ ਅਗਵਾਈ ਕਰ ਰਹੇ ਬਹੁਜਨ ਸਮਾਜ ਪਾਰਟੀ ਦੇ ਸੂਬਾ ਮੀਤ ਪ੍ਰਧਾਨ ਬਲਦੇਵ ਸਿੰਘ ਮਹਿਰਾ, ਬਲਾਕ ਪ੍ਰਧਾਨ ਹੰਸ ਰਾਜ ਕਕਰਾਲਾ, ਡਾ. ਬਹਾਦਰ ਸਿੰਘ ਘੱਗਾ, ਸੁਰਿੰਦਰ ਸਿੰਘ ਸੰਗਰੌਲੀ, ਰਮੇਸ਼ ਕੁਮਾਰ ਨਾਈਵਾਲਾ ਤੇ ਜਰਨੈਲ ਸਿੰਘ ਆਦਿ ਨੇ ਦੱਸਿਆ ਕਿ ਦੁਪਹਿਰ ਸਾਢੇ 12 ਦੇ ਕਰੀਬ ਪਿੰਡ ਬੇਲੂਮਾਜਰਾ ਦੀ ਧਰਮਸ਼ਾਲਾ ਵਿਚ ਠੰਡ ਤੋਂ ਬਚਣ ਲਈ ਬੈਠੇ ਅੱਗ ਸੇਕ ਰਹੇ ਬਜ਼ੁਰਗ ਹਰਨੇਕ ਸਿੰਘ ਨੂੰ ਥਾਣਾ ਘੱਗਾ ਦੇ ਸਿਵਲ ਕੱਪੜਿਆਂ ਵਿਚ ਗਏ 5 ਪੁਲਸ ਮੁਲਾਜ਼ਮਾਂ ਨੇ ਧੱਕਾ-ਮੁੱਕੀ ਕਰ ਕੇ ਨਿੱਜੀ ਗੱਡੀ 'ਚ ਸੁੱਟ ਲਿਆ। ਮੌਕੇ 'ਤੇ ਮੌਜੂਦ ਪਿੰਡ ਵਾਸੀਆਂ ਨੇ ਉਨ੍ਹਾਂ ਨੂੰ ਅਜਿਹਾ ਕਰਨ ਤੋਂ ਰੋਕਿਆ ਪਰ ਉਹ ਨਾ ਰੁਕੇ। ਜਦੋਂ ਮੁਲਾਜ਼ਮ ਬਜ਼ੁਰਗ ਨੂੰ ਲੈ ਕੇ ਜਾ ਰਹੇ ਸਨ ਤਾਂ ਰਸਤੇ ਵਿਚ ਉਸ ਦੀ ਮੌਤ ਹੋ ਗਈ। ਉਨ੍ਹਾਂ ਦੋਸ਼ ਲਾਇਆ ਕਿ ਬਜ਼ੁਰਗ ਦਿਲ ਦਾ ਮਰੀਜ਼ ਸੀ ਪਰ ਪੁਲਸ ਨੇ ਉਸ ਨਾਲ ਧੱਕੇਸ਼ਾਹੀ ਕੀਤੀ। ਬਜ਼ੁਰਗ ਨੂੰ ਹਸਪਤਾਲ ਪਹੁੰਚਾਉਣ ਦੀ ਬਜਾਏ ਪੁਲਸ ਵਾਲੇ ਲਾਸ਼ ਨੂੰ ਕਕਰਾਲਾ ਬੱਸ ਅੱਡੇ 'ਤੇ ਗੱਡੀ ਸਮੇਤ ਛੱਡ ਕੇ ਫਰਾਰ ਹੋ ਗਏ।
ਘਟਨਾ 'ਚ ਸ਼ਾਮਲ ਕਿਸੇ ਵੀ ਦੋਸ਼ੀ ਨੂੰ ਬਖਸ਼ਿਆ ਨਹੀਂ ਜਾਵੇਗਾ : ਡੀ. ਐੱਸ. ਪੀ. ਅਤਰੀ
ਇਸੇ ਦੌਰਾਨ ਡੀ. ਐੱਸ. ਪੀ. ਪਾਤੜਾਂ ਦਵਿੰਦਰ ਅਤਰੀ ਨੇ ਕਿਹਾ ਕਿ ਮਾਮਲੇ ਦੀ ਪੜਤਾਲ ਕੀਤੀ ਜਾ ਰਹੀ ਹੈ। ਪੁਲਸ ਵੱਲੋਂ ਮੁਢਲੀ ਪੜਤਾਲ ਮੁਤਾਬਕ 3 ਪੁਲਸ ਕਰਮਚਾਰੀਆਂ ਗੁਰਮੇਲ ਸਿੰਘ, ਭੋਲਾ ਸਿੰਘ ਤੇ ਜਸਵਿੰਦਰ ਸਿੰਘ ਦੀ ਸ਼ਨਾਖਤ ਕਰ ਲਈ ਗਈ ਹੈ। ਮ੍ਰਿਤਕ ਦੇ ਵਾਰਿਸਾਂ ਵੱਲੋਂ ਹਾਲੇ ਤੱਕ ਕੋਈ ਬਿਆਨ ਦਰਜ ਨਹੀਂ ਕਰਵਾਇਆ ਗਿਆ। ਬਿਆਨ ਦਰਜ ਹੋਣ 'ਤੇ ਬਣਦੀ ਕਾਨੂੰਨੀ ਕਾਰਵਾਈ ਅਮਲ ਵਿਚ ਲਿਆਂਦੀ ਜਾਵੇਗੀ। ਉਨ੍ਹਾਂ ਸਪੱਸ਼ਟ ਕੀਤਾ ਕਿ ਇਸ ਘਟਨਾ ਵਿਚ ਸ਼ਾਮਲ ਕਿਸੇ ਵੀ ਵਿਅਕਤੀ ਨੂੰ ਬਖਸ਼ਿਆ ਨਹੀਂ ਜਾਵੇਗਾ। ਡੀ. ਐੱਸ. ਪੀ. ਅਤਰੀ ਵੱਲੋਂ 3 ਪੁਲਸ ਮੁਲਾਜ਼ਮਾਂ ਸਮੇਤ 2 ਅਣਪਛਾਤੇ ਵਿਅਕਤੀਆਂ ਖ਼ਿਲਾਫ ਕੇਸ ਦਰਜ ਕਰਨ ਦੇ ਭਰੋਸੇ 'ਤੇ ਵੀ ਲੋਕ ਸ਼ਾਂਤ ਨਾ ਹੋਏ। ਇਸ ਦੌਰਾਨ ਭੜਕੇ ਪ੍ਰਦਰਸ਼ਨਕਾਰੀਆਂ ਨੇ ਦੇਰ ਸ਼ਾਮ ਗੁੱਸੇ ਵਿਚ ਆ ਕੇ ਪੁਲਸ ਦੀ ਸਰਕਾਰੀ ਗੱਡੀ ਨੂੰ ਉਲਟਾ ਦਿੱਤਾ। ਇਸ 'ਤੇ ਪੁਲਸ ਨੇ ਵੀ ਸਖ਼ਤ ਰੁਖ ਅਖਤਿਆਰ ਕਰ ਲਿਆ।


Related News