ਬਰਨਾਲਾ ਪੁਲਸ ਵਲੋਂ 1 ਲੱਖ 70 ਹਜ਼ਾਰ ਨਸ਼ੀਲੀਆਂ ਗੋਲੀਆਂ ਬਰਾਮਦ
Tuesday, Mar 03, 2020 - 06:43 PM (IST)
ਬਰਨਾਲਾ (ਵਿਵੇਕ ਸਿੰਧਵਾਨੀ) : ਜ਼ਿਲਾ ਪੁਲਸ ਮੁਖੀ ਸੰਦੀਪ ਗੋਇਲ ਦੀ ਅਗਵਾਈ ਹੇਠ ਸੀ.ਆਈ.ਏ ਸਟਾਫ ਬਰਨਾਲਾ ਦੇ ਇੰਚਾਰਜ ਇੰਸਪੈਕਟਰ ਬਲਜੀਤ ਸਿੰਘ ਨੇ ਨਸ਼ੇ ਦੇ ਸੌਦਾਗਰਾਂ ਵਿਰੁੱਧ ਇਕ ਹੋਰ ਹੱਲਾ ਮਾਰਦਿਆਂ ਕਰੀਬ 1 ਲੱਖ 70 ਹਜ਼ਾਰ ਨਸ਼ੀਲੀ ਗੋਲੀਆਂ ਬਰਾਮਦ ਕਰਨ ਵਿਚ ਸਫਲਤਾ ਹਾਂਸਲ ਕੀਤੀ ਹੈ। ਜ਼ਿਕਰਯੋਗ ਹੈ ਕਿ ਬਰਨਾਲਾ ਪੁਲਸ ਪਹਿਲਾਂ ਵੀ 8 ਲੱਖ ਦੇ ਕਰੀਬ ਨਸ਼ੀਲੀਆਂ ਗੋਲੀਆ ਬਰਾਮਦ ਕਰ ਚੁੱਕੀ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਬਰਨਾਲਾ ਪੁਲਸ ਨੂੰ ਕਰੀਬ 1 ਮਹੀਨਾ ਪਹਿਲਾਂ ਥਾਣਾ ਧਨੌਲਾ ਵਿਖੇ ਦਰਜ ਮੁਕੱਦਮਾ ਨੰਬਰ 20 ਵਿਚ ਹਮੇਸ਼ ਕੁਮਾਰ ਉਰਫ ਮਿੰਟੂ ਵਾਸੀ ਜ਼ਿਲਾ ਸੰਗਰੂਰ ਦੀ ਭਾਲ ਸੀ ਜਿਸ ਦੀ ਭਾਲ ਵਿਚ ਅੱਜ ਸੀ.ਆਈ.ਏ ਇੰਚਾਰਜ ਇੰਸਪੈਕਟਰ ਬਲਜੀਤ ਸਿੰਘ ਪੁਲਸ ਪਾਰਟੀ ਸਮੇਤ ਥਾਣਾ ਪਾਤੜਾ ਅਧੀਨ ਪੈਂਦੇ ਪਿੰਡ ਦਿਊਗੜ ਵਿਖੇ ਮੌਜੂਦ ਸੀ, ਜਿਥੇ ਉਨ੍ਹਾਂ ਜ਼ਿਲਾ ਪਟਿਆਲਾ ਦੀ ਪੁਲਸ ਨਾਲ ਸਾਂਝਾ ਨਾਕਾ ਲਾਇਆ ਹੋਇਆ ਸੀ।
ਇਸ ਦੌਰਾਨ ਮੁਖਬਰ ਨੇ ਇਤਲਾਹ ਦਿੱਤੀ ਕਿ ਹਮੇਸ਼ ਕੁਮਾਰ ਉਰਫ ਮਿੰਟੂ ਉਰਫ ਬਾਬਾ ਆਪਣੇ ਸਾਥੀ ਕਾਲੂ ਸਿੰਘ ਵਾਸੀ ਮੁਰਾਦਪੁਰ ਨਾਲ ਮਿਲ ਕੇ ਆਪਣੀ ਸਵਿੱਫਟ ਕਾਰ ਡੀ. ਐੱਲ. 12 ਸੀ 7201 ਵਿਚ ਭਾਰੀ ਮਾਤਰਾ ਵਿਚ ਨਸ਼ੀਲੀਆਂ ਗੋਲੀਆ ਤੇ ਸ਼ੀਸ਼ੀਆਂ ਲਿਆ ਕੇ ਪੰਜਾਬ ਵਿਚ ਸਪਲਾਈ ਕਰਨ ਲਈ ਆ ਰਹੇ ਹਨ, ਜੇਕਰ ਹੁਣੇ ਨਾਕਾਬੰਦੀ ਕੀਤੀ ਜਾਵੇ ਤਾਂ ਇਨ੍ਹਾਂ ਨੂੰ ਕਾਬੂ ਕੀਤਾ ਜਾ ਸਕਦਾ ਹੈ। ਦੋਹਾਂ ਜ਼ਿਲਿਆਂ ਦੀ ਪੁਲਸ ਨੇ ਸਾਂਝੀ ਨਾਕਾਬੰਦੀ ਕਰਕੇ ਉਕਤ ਕਾਰ ਨੂੰ ਕਾਬੂ ਕਰਕੇ ਉਸ ਵਿਚੋਂ 1 ਲੱਖ 70 ਹਜ਼ਾਰ ਨਸ਼ੀਲੀਆਂ ਗੋਲੀਆਂ ਟਰਾਂਮਾਡੋਲ ਬਰਾਮਦ ਕਰਕੇ ਦੋਸ਼ੀਆ ਵਿਰੁੱਧ ਥਾਣਾ ਪਾਤੜਾ ਵਿਖੇ ਕੇਸ ਦਰਜ ਕੀਤਾ ਹੈ। ਦੋਵੇਂ ਦੋਸ਼ੀ ਭੱਜਣ ਵਿਚ ਸਫਲ ਹੋ ਗਏ ਹਨ।