ਚਾਈਨਾ ਡੋਰ ਵੇਚਣ ਵਾਲਿਆਂ ਬਾਰੇ ਤੁਰੰਤ ਪੁਲਸ ਨੂੰ ਦੱਸੋ : ਐੱਸ. ਐੱਸ. ਪੀ.

Tuesday, Jan 02, 2018 - 12:52 PM (IST)

ਬਟਾਲਾ (ਸੈਂਡੀ, ਬੇਰੀ, ਵਿਪਨ, ਅਸ਼ਵਨੀ, ਯੋਗੀ, ਭੱਲਾ) – ਸੋਚਣ ਵਾਲੀ ਗੱਲ ਇਹ ਹੈ ਕਿ ਜਿਹੜੇ ਲੋਕ ਚਾਈਨਾ ਡੋਰ ਵਰਗੀ ਮਾਰੂ ਚੀਜ਼ ਨੂੰ ਵੇਚ ਰਹੇ ਹਨ, ਕੀ ਉਨ੍ਹਾਂ ਦੇ ਘਰ 'ਚ ਪਤੰਗ ਉਡਾਉਣ ਲਈ ਬੱਚੇ ਜਾਂ ਰਿਸ਼ਤੇਦਾਰ ਨਹੀਂ ਹਨ ਜਾਂ ਫਿਰ ਉਹ ਜ਼ਮੀਰ ਤੋਂ ਡਿੱਗ ਕੇ ਸਿਰਫ ਪੈਸੇ ਲਈ ਕਿਸੇ ਦੀ ਵੀ ਜ਼ਿੰਦਗੀ ਦਾਅ 'ਤੇ ਲਾਉਣ ਤੋਂ ਗੁਰੇਜ਼ ਨਹੀਂ ਕਰਦੇ। ਬਾਜ਼ਾਰ ਵਿਚ ਪਹਿਲਾਂ ਸ਼ਰੇਆਮ ਅਤੇ ਹੁਣ ਗੁਪਤ ਢੰਗ ਨਾਲ ਵਿਕ ਰਹੀ ਜਾਨਲੇਵਾ ਚਾਈਨਾ ਡੋਰ ਬਾਰੇ ਜਦੋਂ ਪੁਲਸ ਜ਼ਿਲਾ ਬਟਾਲਾ ਦੇ ਅਧਿਕਾਰੀਆਂ ਨਾਲ ਗੱਲਬਾਤ ਕੀਤੀ, ਤਾਂ ਉਨ੍ਹਾਂ ਅਜਿਹਾ ਕਰਨ ਵਾਲਿਆਂ ਦੀ ਜਾਣਕਾਰੀ ਦੇਣ ਲਈ ਲੋਕਾਂ ਤੋਂ ਸਹਿਯੋਗ ਮੰਗਿਆ। 
ਐੱਸ. ਐੱਸ. ਪੀ. ਬਟਾਲਾ ਉਪਿੰਦਰਜੀਤ ਸਿੰਘ ਘੁੰਮਣ ਨੇ 'ਜਗ ਬਾਣੀ' ਰਾਹੀਂ ਵਿਸ਼ੇਸ਼ ਤੌਰ 'ਤੇ ਸਮੂਹ ਪੁਲਸ ਜ਼ਿਲੇ ਦੇ ਲੋਕਾਂ ਨੂੰ ਪੁਰਜ਼ੋਰ ਅਪੀਲ ਕਰਦਿਆਂ ਕਿਹਾ ਕਿ ਜਿਥੇ ਵੀ ਕੀਤੇ ਚਾਈਨਾ ਡੋਰ ਵੇਚਣ ਬਾਰੇ ਪਤਾ ਲੱਗੇ ਤਾਂ ਉਸ ਬਾਰੇ ਤੁਰੰਤ ਪੁਲਸ ਨੂੰ ਦੱਸਿਆ ਜਾਵੇ। ਉਨ੍ਹਾਂ ਕਿਹਾ ਕਿ ਸਮਾਜ ਵਿਚ ਕਿਸੇ ਵੀ ਵਪਾਰਕ ਵਿਅਕਤੀ ਨੂੰ ਅਜਿਹਾ ਧੰਦਾ ਨਹੀਂ ਕਰਨਾ ਚਾਹੀਦਾ, ਜਿਹੜਾ ਲੋਕਾਂ ਦੀ ਜਾਨ ਨਾਲ ਖਿਲਵਾੜ ਕਰਦਾ ਹੋਵੇ। ਉਨ੍ਹਾਂ ਕਿਹਾ ਕਿ ਭਾਵੇਂ ਚਾਈਨਾ ਡੋਰ ਦੀ ਵਿਕਰੀ 'ਚ ਪਹਿਲਾਂ ਨਾਲੋਂ ਕਾਫ਼ੀ ਕਮੀ ਆਈ ਹੈ ਪਰ ਅਜੇ ਵੀ ਲਾਲਚੀ ਕਿਸਮ ਦੇ ਲੋਕ ਚੋਰੀ-ਛਿੱਪੇ ਅਜਿਹਾ ਧੰਦਾ ਕਰਨ ਵਿਚ ਮਸ਼ਰੂਫ ਹਨ। ਐੱਸ. ਐੱਸ. ਪੀ. ਨੇ ਅੱਗੇ ਕਿਹਾ ਕਿ ਅਸੀਂ ਸਖ਼ਤੀ ਨਾਲ ਥਾਣਾ ਮੁਖੀਆਂ, ਚੌਕੀ ਇੰਚਾਰਜਾਂ ਨੂੰ ਕਿਹਾ ਹੈ ਕਿ ਉਹ ਅਜਿਹੇ ਮਾਮਲੇ ਵਿਚ ਫੜੇ ਜਾਣ ਵਾਲੇ ਵਿਅਕਤੀਆਂ 'ਤੇ ਬਿਨਾਂ ਕਿਸੇ ਦਬਾਅ ਦੇ ਤੁਰੰਤ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇ, ਤਾਂ ਜੋ ਦੂਜਿਆਂ ਨੂੰ ਵੀ ਅਜਿਹੀ ਕਾਰਵਾਈ ਤੋਂ ਸਬਕ ਮਿਲੇ। 
ਦੁਕਾਨਾਂ ਤੋਂ ਇਲਾਵਾ ਘਰਾਂ 'ਚ ਚਾਈਨਾ ਡੋਰ ਵੇਚਣ ਵਾਲਿਆਂ ਦੀ ਵੀ ਦਿਉ ਜਾਣਕਾਰੀ : ਡੀ. ਐੱਸ. ਪੀ
ਸੁੱਚਾ ਸਿੰਘ ਡੀ. ਐੱਸ. ਪੀ. ਸਿਟੀ ਨੇ ਗੱਲਬਾਤ ਦੌਰਾਨ ਕਿਹਾ ਕਿ ਸ਼ਹਿਰ ਵਿਚ ਚਰਚਾ ਜ਼ਰੂਰ ਹੈ ਕਿ ਜਿਹੜੇ ਲੋਕ ਪਹਿਲਾਂ ਦੁਕਾਨਾਂ ਵਿਚ ਚਾਈਨਾ ਡੋਰ ਵੇਚਦੇ ਸਨ। ਉਹ ਹੁਣ ਚੋਰੀ-ਛਿੱਪੇ ਘਰਾਂ ਵਿਚ ਵੇਚਣ ਲੱਗੇ ਹਨ, ਜਿਸ ਤੋਂ ਬਾਅਦ ਹਦਾਇਤਾਂ ਮੁਤਾਬਕ ਅਸੀਂ ਚੈਕਿੰਗ ਹੋਰ ਤੇਜ਼ ਕਰ ਦਿੱਤੀ ਹੈ ਅਤੇ ਜਲਦ ਹੀ ਅਜਿਹੇ ਲੋਕਾਂ ਨੂੰ ਕਾਬੂ ਕੀਤਾ ਜਾਵੇਗਾ। ਉਨ੍ਹਾਂ ਪੁਲਸ ਜ਼ਿਲਾ ਬਟਾਲਾ ਦੇ ਆਵਾਮ ਨੂੰ ਕਿਹਾ ਕਿ ਜਿਹੜਾ ਵੀ ਵਿਅਕਤੀ ਘਰਾਂ ਵਿਚ ਚਾਈਨਾ ਡੋਰ ਵੇਚ ਰਿਹਾ ਹੈ, ਉਸ ਬਾਰੇ ਨੈਤਿਕਤਾ ਦੇ ਆਧਾਰ 'ਤੇ ਪੁਲਸ ਨੂੰ ਤੁਰੰਤ ਜਾਣਕਾਰੀ ਦਿਉ। 
ਸੂਚਨਾ ਦੇਣ ਵਾਲਿਆਂ ਦਾ ਨਾਂ ਰੱਖਾਂਗੇ ਗੁਪਤ : ਐੱਸ. ਐੱਚ. ਓ. ਸਿਟੀ ਤੇ ਸਿਵਲ ਲਾਈਨ
ਐੱਸ. ਐੱਚ. ਓ. ਥਾਣਾ ਸਿਟੀ ਸੁਖਵਿੰਦਰ ਸਿੰਘ ਅਤੇ ਐੱਸ. ਐੱਚ. ਓ. ਸਿਵਲ ਲਾਈਨ ਪਰਮਜੀਤ ਸਿੰਘ ਨੇ ਸਾਂਝੇ ਤੌਰ 'ਤੇ ਕਿਹਾ ਕਿ ਚਾਈਨਾ ਡੋਰ ਵੇਚਣ ਵਾਲਿਆਂ ਬਾਰੇ ਦੱਸਣ ਤੋਂ ਲੋਕ ਪਿੱਛੇ ਨਾ ਹੱਟਣ ਅਤੇ ਬਿਨਾਂ ਡਰ ਅਜਿਹਾ ਧੰਦਾ ਕਰਨ ਵਾਲਿਆਂ ਬਾਰੇ ਪੁਲਸ ਨੂੰ ਦੱਸਣ। ਉਨ੍ਹਾਂ ਇਹ ਵੀ ਕਿਹਾ ਕਿ ਜਿਹੜਾ ਵੀ ਵਿਅਕਤੀ ਚਾਈਨਾ ਡੋਰ ਵੇਚਣ ਵਾਲਿਆਂ ਨੂੰ ਪਕੜਾਏਗਾ, ਉਸ ਦੀ ਪੁਲਸ ਵੱਲੋਂ ਸ਼ਲਾਘਾ ਕਰਨ ਦੇ ਨਾਲ-ਨਾਲ ਪਛਾਣ ਵੀ ਪੂਰੀ ਤਰ੍ਹਾਂ ਗੁਪਤ ਰੱਖੀ ਜਾਵੇਗੀ।


Related News