ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰਨ ਗਈ ਪੁਲਸ ਪਾਰਟੀ ’ਤੇ ਕੀਤਾ ਹਮਲਾ

01/01/2023 3:43:51 PM

ਤਰਨਤਾਰਨ (ਰਮਨ,ਜ.ਬ) : ਥਾਣਾ ਸਿਟੀ ਪੱਟੀ ਦੀ ਪੁਲਸ ਨੇ ਐੱਨ.ਡੀ.ਪੀ.ਐੱਸ. ਐਕਟ ਅਤੇ ਅਸਲਾ ਐਕਟ ਵਿਚ ਲੋੜੀਂਦੇ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰਨ ਗਈ ਪੁਲਸ ਪਾਰਟੀ ਨਾਲ ਹੱਥੋਪਾਈ ਕਰਦਿਆਂ ਵਰਦੀ ਪਾੜਨ ਅਤੇ ਕੁੱਟਮਾਰ ਕਰਨ ਦੇ ਦੋਸ਼ ਹੇਠ 6 ਵਿਅਕਤੀਆਂ ਖ਼ਿਲਾਫ ਕੇਸ ਦਰਜ ਕੀਤਾ ਹੈ। ਜਦਕਿ ਕੇਸ ਵਿਚ ਲੋੜੀਂਦੇ ਦੋ ਮੁਲਜ਼ਮਾਂ ਨੂੰ ਪੁਲਸ ਨੇ ਗ੍ਰਿਫ਼ਤਾਰ ਕਰ ਲਿਆ ਹੈ। ਇਸ ਸਬੰਧੀ ਸਬ-ਇੰਸਪੈਕਟਰ ਹਰਦਿਆਲ ਸਿੰਘ ਨੇ ਦੱਸਿਆ ਕਿ ਉਹ ਪੁਲਸ ਪਾਰਟੀ ਸਮੇਤ ਗਸ਼ਤ ਕਰ ਰਹੇ ਸਨ ਤਾਂ ਉਨ੍ਹਾਂ ਨੂੰ ਇਤਲਾਹ ਮਿਲੀ ਕਿ ਪਾਰਸ ਅਤੇ ਸੰਨੀ ਪੁੱਤਰਾਂ ਭੀਮ ਸੈਨ ਜੋ ਕਿ ਥਾਣਾ ਸਿਟੀ ਪੱਟੀ ’ਚ ਦਰਜ ਮੁਕੱਦਮਾ ਨੰਬਰ 196/22 ਧਾਰਾ 15/18/21/22/61/85 ਐੱਨ.ਡੀ.ਪੀ.ਐੱਸ. ਐਕਟ, 25/27/54/59 ਅਸਲਾ ਐਕਟ ਵਿਚ ਪੁਲਸ ਨੂੰ ਲੋੜੀਂਦੇ ਹਨ ਅਤੇ ਆਪਣੇ ਘਰ ਵਿਚ ਮੌਜੂਦ ਹਨ, ਜਿਸ ’ਤੇ ਪੁਲਸ ਪਾਰਟੀ ਨੇ ਛਾਪੇਮਾਰੀ ਕਰਕੇ ਪਾਰਸ ਅਤੇ ਸੰਨੀ ਨੂੰ ਕਾਬੂ ਕਰ ਲਿਆ। 

ਇਸੇ ਦੌਰਾਨ ਰਮਨਦੀਪ ਕੌਰ, ਮਹਿਕ, ਕੋਮਲ ਅਤੇ ਗੁਰਮਿਲਾਪ ਆ ਗਏ ਜਿਨ੍ਹਾਂ ਨੇ ਪੁਲਸ ਪਾਰਟੀ ਨਾਲ ਗਾਲੀ-ਗਲੋਚ ਕਰਨਾ ਸ਼ੁਰੂ ਕਰ ਦਿੱਤਾ ਅਤੇ ਪੁਲਸ ਪਾਰਟੀ ਨਾਲ ਹੱਥੋਪਾਈ ਕਰਦਿਆਂ ਐੱਚ. ਸੀ. ਜਗਰੂਪ ਸਿੰਘ ਅਤੇ ਕਾਂਸਟੇਬਲ ਜੋਬਨਜੀਤ ਸਿੰਘ ਦੀ ਕੁੱਟ ਮਾਰ ਕੀਤੀ ਅਤੇ ਵਰਦੀ ਪਾੜ ਦਿੱਤੀ। ਲੋਕਾਂ ਦਾ ਇਕੱਠ ਹੋਣ ’ਤੇ ਉਕਤ ਵਿਅਕਤੀ ਮੌਕੇ ਤੋਂ ਭੱਜ ਗਏ, ਜਦ ਕਿ ਸੰਨੀ ਅਤੇ ਪਾਰਸ ਨੂੰ ਉਨ੍ਹਾਂ ਨੇ ਗ੍ਰਿਫ਼ਤਾਰ ਕਰ ਲਿਆ। ਸਬ ਇੰਸਪੈਕਟਰ ਹਰਦਿਆਲ ਸਿੰਘ ਨੇ ਦੱਸਿਆ ਕਿ ਪਾਰਸ ਪੁੱਤਰ ਭੀਮ ਸੈਨ, ਸੰਨੀ ਪੁੱਤਰ ਭੀਮ ਸੈਨ, ਰਮਨਦੀਪ ਕੌਰ ਪਤਨੀ ਸੰਨੀ, ਮਹਿਕ ਪਤਨੀ ਪਾਰਸ, ਕੋਮਲ ਉਰਫ਼ ਕੁਲਵੰਤ ਪਤਨੀ ਭੀਮ ਸੈਨ, ਗੁਰਮਿਲਾਪ ਪੁੱਤਰ ਬਲਦੇਵ ਸਿੰਘ ਵਾਸੀਆਨ ਸਿੰਗਲ ਬਸਤੀ ਪੱਟੀ ਖ਼ਿਲਾਫ ਮੁਕੱਦਮਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। 


Gurminder Singh

Content Editor

Related News