ਜ਼ਹਿਰੀਲੇ ਪਾਣੀ 'ਚ ਮੱਛੀਆਂ ਮਰਨ ਕਾਰਨ ਇਲਾਕੇ 'ਚ ਦਹਿਸ਼ਤ ਦਾ ਮਾਹੌਲ
Saturday, Apr 06, 2019 - 10:30 AM (IST)
ਰੋਪੜ (ਸ਼ਰਮਾ)— ਘਨੌਲੀ, ਨੁਹੋਂ ਰਤਨਪੁਰਾ ਆਦਿ ਪਿੰਡਾਂ ਤੋਂ ਅੰਬੂਜਾ ਸੀਮੈਂਟ ਫੈਕਟਰੀ 'ਚੋਂ ਗੁਜ਼ਰਦੇ ਪਾਣੀ ਦੇ ਨਾਲੇ 'ਚ ਵੱਡੀ ਗਿਣਤੀ 'ਚ ਮੱਛੀਆਂ ਮਰਨ ਕਾਰਨ ਇਲਾਕੇ ਵਿਚ ਦਹਿਸ਼ਤ ਦਾ ਮਾਹੌਲ ਬਣਿਆ ਹੋਇਆ ਹੈ। ਪਿੰਡ ਦਬੁਰਜੀ ਨੇੜੇ ਜਦੋਂ ਪਾਣੀ ਦਾ ਉਕਤ ਨਾਲਾ ਅੰਬੂਜਾ ਸੀਮੈਂਟ ਫੈਕਟਰੀ 'ਚੋਂ ਲੰਘ ਕੇ ਬਾਹਰ ਨਿਕਲਦਾ ਹੈ ਤਾਂ ਪਿੰਡ ਚੱਕ ਢੇਰਾਂ ਅਤੇ ਰਣਜੀਤਪੁਰਾ ਨੂੰ ਜਾਣ ਲਈ ਬਣੀ ਪੁਲੀ ਕੋਲ ਰਾਹਗੀਰਾਂ ਨੇ ਜਦੋਂ ਭਾਰੀ ਗਿਣਤੀ 'ਚ ਮਰੀਆਂ ਹੋਈਆਂ ਮੱਛੀਆਂ ਪਾਣੀ 'ਚ ਤੈਰਦੀਆਂ ਦੇਖੀਆਂ ਤਾਂ ਉਨ੍ਹਾਂ ਇਸ ਦੀ ਸੂਚਨਾ ਪਿੰਡ ਦਬੁਰਜੀ ਦੇ ਸਰਪੰਚ ਨੂੰ ਦਿੱਤੀ।
ਸੂਚਨਾ ਮਿਲਦੇ ਹੀ ਜਿੱਥੇ ਸਰਪੰਚ ਗੁਰਦੀਪ ਸਿੰਘ ਆਪਣੇ ਪੰਚਾਂ ਨਾਲ ਉਕਤ ਥਾਂ 'ਤੇ ਪਹੁੰਚ ਗਏ ਉੱਥੇ ਹੀ ਕੁਦਰਤ ਦੇ ਸਭ ਬੰਦੇ ਟੀਮ ਘਨੌਲੀ ਦੇ ਸੰਚਾਲਕ ਵਿੱਕੀ ਧੀਮਾਨ, ਵਾਤਾਵਰਣ ਪ੍ਰੇਮੀ ਕੁਲਦੀਪ ਸਿੰਘ ਜੇ. ਈ., ਮੁਕੇਸ਼ ਸਿੰਘ ਸਰਪੰਚ ਚੱਕ ਢੇਰਾਂ, ਸਰਵਣ ਸਿੰਘ ਪ੍ਰਧਾਨ ਗੁਰਦੁਆਰਾ ਪ੍ਰਬੰਧਕ ਕਮੇਟੀ ਕੁੰਮਾ ਮਾਸ਼ਕੀ ਸਾਹਿਬ ਚੱਕ ਢੇਰਾਂ, ਤੇਜਿੰਦਰ ਸਿੰਘ ਸੋਨੀ ਸਾਬਕਾ ਸਰਪੰਚ ਲੋਹਗੜ੍ਹ ਫਿੱਡੇ, ਆਪ ਆਗੂ ਰਣਜੀਤ ਸਿੰਘ, ਪਰਮਜੀਤ ਸਿੰਘ, ਮਨਦੀਪ ਸਿੰਘ, ਪਰਮਪਾਲ ਸਿੰਘ ਰਾਣੂ ਨੂੰਹੋਂ ਆਦਿ ਪਿੰਡ ਵਾਸੀ ਵੀ ਉਕਤ ਥਾਂ 'ਤੇ ਪਹੁੰਚ ਗਏ। ਉਕਤ ਥਾਂ 'ਤੇ ਪਹੁੰਚੇ ਇਲਾਕਾ ਨਿਵਾਸੀਆਂ ਨੇ ਖਦਸ਼ਾ ਜ਼ਾਹਰ ਕੀਤਾ ਹੈ ਕਿ ਉਕਤ ਨਾਲਾ ਅੰਬੂਜਾ ਸੀਮੈਂਟ ਫੈਕਟਰੀ 'ਚੋਂ ਹੋ ਕੇ ਨਿਕਲਦਾ ਹੈ. ਇਸ ਲਈ ਇਸ 'ਚ ਕੋਈ ਨਾ ਕੋਈ ਜ਼ਹਿਰੀਲਾ ਪਦਾਰਥ (ਕੈਮੀਕਲ) ਮਿਲ ਜਾਂਦਾ ਹੈ, ਜਿਸ ਕਾਰਨ ਮੱਛੀਆਂ ਦੀ ਮੌਤ ਹੋ ਗਈ।
ਦੂਜੇ ਪਾਸੇ ਉਕਤ ਨਾਲਾ ਅੱਗੇ ਜਾ ਕੇ ਸਤਲੁਜ ਦਰਿਆ ਨਾਲ ਮਿਲਦਾ ਹੈ ਅਤੇ ਰਸਤੇ 'ਚ ਪਿੰਡ ਚੱਕ ਢੇਰਾਂ ਦੇ ਪਸ਼ੂ ਵੀ ਇਸੇ ਨਾਲੇ ਵਿਚੋਂ ਹੀ ਪਾਣੀ ਪੀਂਦੇ ਹਨ। ਇਸ ਲਈ ਇਲਾਕਾ ਨਿਵਾਸੀਆਂ ਨੇ ਉਕਤ ਪਿੰਡ ਵਿਚ ਵੀ ਲੋਕਾਂ ਨੂੰ ਸੁਚੇਤ ਕੀਤਾ ਤਾਂ ਕਿ ਕੋਈ ਹੋਰ ਅਣਸੁਖਾਵੀਂ ਘਟਨਾ ਨਾ ਵਾਪਰ ਸਕੇ। ਸੂਚਨਾ ਮਿਲਦੇ ਹੀ ਮੱਛੀ ਪਾਲਣ ਵਿਭਾਗ ਰੂਪਨਗਰ ਦੇ ਉੱਚ ਅਧਿਕਾਰੀ ਵੀ ਆਪਣੀ ਟੀਮ ਨਾਲ ਉਕਤ ਥਾਂ 'ਤੇ ਪਹੁੰਚ ਗਏ ਅਤੇ ਘਟਨਾ ਦਾ ਜਾਇਜ਼ਾ ਲੈਣ ਉਪਰੰਤ ਮਰੀਆਂ ਹੋਈਆਂ ਕੁਝ ਮੱਛੀਆਂ ਅਤੇ ਪਾਣੀ ਦੇ ਸੈਂਪਲ ਭਰ ਕੇ ਲੈ ਗਏ।
ਕੀ ਕਹਿੰਦੇ ਹਨ ਅੰਬੂਜਾ ਸੀਮੈਂਟ ਫੈਕਟਰੀ ਦੇ ਯੂਨਿਟ ਹੈੱਡ
ਇਸ ਸਬੰਧੀ ਅੰਬੂਜਾ ਸੀਮੈਂਟ ਫੈਕਟਰੀ ਦੇ ਯੂਨਿਟ ਹੈੱਡ ਰਾਜੀਵ ਜੈਨ ਨਾਲ ਸੰਪਰਕ ਕਰਨ 'ਤੇ ਉਨ੍ਹਾਂ ਉਕਤ ਦੋਸ਼ਾਂ ਨੂੰ ਨਕਾਰਦੇ ਹੋਏ ਕਿਹਾ ਕਿ ਅੰਬੂਜਾ ਸੀਮੈਂਟ ਫੈਕਟਰੀ 'ਚ ਨਾ ਤਾਂ ਪਾਣੀ ਦੀ ਵਰਤੋਂ ਹੁੰਦੀ ਹੈ ਅਤੇ ਨਾ ਹੀ ਫੈਕਟਰੀ ਵੱਲੋਂ ਕੋਈ ਉਕਤ ਨਾਲੇ 'ਚ ਪਾਣੀ ਛੱਡਿਆ ਜਾਂਦਾ ਹੈ। ਉਕਤ ਨਾਲਾ ਕਰੀਬ ਅੱਧਾ ਦਰਜਣ ਪਿੰਡਾਂ 'ਚੋਂ ਨਿਕਲਣ ਵਾਲੇ ਗੰਦੇ ਪਾਣੀ ਦਾ ਹੈ। ਕੁਝ ਲੋਕ ਅੰਬੂਜਾ ਸੀਮੈਂਟ ਫੈਕਟਰੀ ਨੂੰ ਬਦਨਾਮ ਕਰਨਾ ਚਾਹੁੰਦੇ ਹਨ।
ਕੀ ਕਹਿਣੈ ਸਬੰਧਤ ਵਿਭਾਗ ਦਾ
ਇਸ ਸਬੰਧੀ ਜਦੋਂ ਸਬੰਧਤ ਵਿਭਾਗ ਦੇ ਉੱਚ ਅਧਿਕਾਰੀ ਸੰਜੀਵ ਨੰਗਲ ਨਾਲ ਉਨ੍ਹਾਂ ਦੇ ਫੋਨ 'ਤੇ ਸੰਪਰਕ ਕੀਤਾ ਤਾਂ ਉਨ੍ਹਾਂ ਦੱਸਿਆ ਕਿ ਉਕਤ ਸੈਂਪਲ ਲੁਧਿਆਣਾ ਵਿਖੇ ਲੈਬ ਟੈਸਟਿੰਗ ਲਈ ਭੇਜੇ ਗਏ ਹਨ ਅਤੇ ਰਿਪੋਰਟ ਆਉਣ ਉਪਰੰਤ ਹੀ ਅਸਲੀਅਤ ਦਾ ਪਤਾ ਲੱਗ ਸਕੇਗਾ।
ਕੀ ਕਹਿਣੈ ਪਿੰਡ ਦਬੁਰਜੀ ਦੇ ਸਰਪੰਚ ਦਾ
ਇਸ ਸਬੰਧੀ ਜਦੋਂ ਪਿੰਡ ਦਬੁਰਜੀ ਦੇ ਸਰਪੰਚ ਗੁਰਦੀਪ ਸਿੰਘ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਦੱਸਿਆ ਕਿ ਉਨ੍ਹਾਂ ਵੱਲੋਂ ਆਪਣੇ ਪੰਚਾਇਤ ਮੈਂਬਰਾਂ ਅਤੇ ਪਿੰਡ ਲੋਹਗੜ੍ਹ ਫਿੱਡੇ ਦੇ ਸਾਬਕਾ ਸਰਪੰਚ ਤੇਜਿੰਦਰ ਸਿੰਘ ਸੋਨੀ ਅਤੇ ਪਰਮਜੀਤ ਸਿੰਘ ਫਿੱਡੇ ਦੇ ਨਾਲ ਉਸ ਥਾਂ ਦਾ ਵੀ ਜਾਇਜ਼ਾ ਲਿਆ ਜਿਸ ਥਾਂ 'ਤੇ ਪਾਣੀ ਅੰਬੂਜਾ ਸੀਮੈਂਟ ਫੈਕਟਰੀ ਕੋਲ ਪਿੱਛੋਂ ਆਉਂਦੇ ਹੋਏ ਉਕਤ ਨਾਲੇ 'ਚ ਮਿਲਦਾ ਹੈ ਪਰ ਉਸ ਥਾਂ 'ਤੇ ਮੱਛੀਆਂ ਅਤੇ ਹੋਰ ਜੀਵਾਂ ਦਾ ਕੋਈ ਨੁਕਸਾਨ ਨਹੀਂ ਸੀ ਹੋਇਆ। ਜਦੋਂ ਉਕਤ ਨਾਲਾ ਅੰਬੂਜਾ ਸੀਮੈਂਟ ਫੈਕਟਰੀ 'ਚੋਂ ਹੋ ਕੇ ਬਾਹਰ ਨਿਕਲਦਾ ਹੈ ਤਾਂ ਉੱਥੇ ਹੀ ਮਰੀਆਂ ਹੋਈਆਂ ਮੱਛੀਆਂ ਸਨ। ਇਸ ਲਈ ਇਸ ਗੱਲ ਦਾ ਪੂਰਾ ਖਦਸ਼ਾ ਹੈ ਕਿ ਕੋਈ ਨਾ ਕੋਈ ਕੈਮੀਕਲ ਜ਼ਰੂਰ ਹੋਵੇਗਾ ਜਿਸ ਕਾਰਨ ਮੱਛੀਆਂ ਨੂੰ ਮਿਲਣ ਵਾਲੀ ਆਕਸੀਜਨ ਬੰਦ ਹੋ ਗਈ ਅਤੇ ਉਨ੍ਹਾਂ ਦੀ ਮੌਤ ਹੋ ਗਈ।