ਕਈ ਬੀਮਾਰੀਆਂ ਨੂੰ ਦਾਅਵਤ ਦੇ ਰਿਹੈ ਕੂੜੇ ਦੇ ਡੰਪ ''ਚੋਂ ਉੱਠਣ ਵਾਲਾ ਜ਼ਹਿਰੀਲਾ ਧੂੰਆਂ : ਸਚਦੇਵਾ

Tuesday, Nov 14, 2017 - 04:02 PM (IST)

ਕਈ ਬੀਮਾਰੀਆਂ ਨੂੰ ਦਾਅਵਤ ਦੇ ਰਿਹੈ ਕੂੜੇ ਦੇ ਡੰਪ ''ਚੋਂ ਉੱਠਣ ਵਾਲਾ ਜ਼ਹਿਰੀਲਾ ਧੂੰਆਂ : ਸਚਦੇਵਾ

ਹੁਸ਼ਿਆਰਪੁਰ (ਘੁੰਮਣ)— ਪੰਜਾਬ ਦਾ ਕੋਈ ਵੀ ਅਜਿਹਾ ਜ਼ਿਲਾ ਅਤੇ ਥਾਂ ਨਹੀਂ ਹੋਵੇਗੀ, ਜੋ ਅੱਜਕਲ ਪਰਾਲੀ ਦੇ ਧੂੰਏਂ ਅਤੇ ਵਾਤਾਵਰਣ ਪ੍ਰਦੂਸ਼ਣ ਤੋਂ ਬਚੀ ਹੋਵੇ। ਵਾਤਾਵਰਣ ਵਿਚ ਪ੍ਰਦੂਸ਼ਣ ਦੀ ਮਾਤਰਾ ਜ਼ਿਆਦਾ ਵਧਣ ਕਾਰਨ ਆਮ ਲੋਕਾਂ ਦਾ ਸਾਹ ਲੈਣਾ ਵੀ ਮੁਸ਼ਕਲ ਹੋਇਆ ਪਿਆ ਹੈ ਪਰ ਹੁਸ਼ਿਆਰਪੁਰ ਵਿਚ ਪਰਾਲੀ ਤੋਂ ਇਲਾਵਾ ਨਗਰ ਨਿਗਮ ਵੱਲੋਂ ਪਿੱਪਲਾਂਵਾਲਾ ਕੋਲ ਬਣਾਏ ਕੂੜੇ ਦੇ ਡੰਪ ਵਿਚੋਂ ਉੱਠਣ ਵਾਲਾ ਜ਼ਹਿਰੀਲਾ ਧੂੰਆਂ ਕਈ ਬੀਮਾਰੀਆਂ ਨੂੰ ਦਾਅਵਤ ਦੇ ਰਿਹਾ ਹੈ ਪਰ ਇਸ ਸਬੰਧੀ ਨਗਰ ਨਿਗਮ ਨੇ ਕੋਈ ਠੋਸ ਕਦਮ ਨਹੀਂ ਚੁੱਕਿਆ।
ਉਕਤ ਵਿਚਾਰਾਂ ਦਾ ਪ੍ਰਗਟਾਵਾ ਆਮ ਆਦਮੀ ਪਾਰਟੀ ਦੇ ਦੋਆਬਾ ਜ਼ੋਨ ਪ੍ਰਧਾਨ ਪਰਮਜੀਤ ਸਿੰਘ ਸਚਦੇਵਾ ਨੇ ਡੰਪ ਦੇ ਨੇੜੇ ਰਹਿਣ ਵਾਲੇ ਲੋਕਾਂ ਦੀਆਂ ਸਮੱਸਿਆਵਾਂ ਨੂੰ ਸੁਣਨ ਅਤੇ ਡੰਪ ਦੀ ਜਾਂਚ ਕਰਨ ਤੋਂ ਬਾਅਦ ਕੀਤਾ। ਉਨ੍ਹਾਂ ਕਿਹਾ ਕਿ ਪੁਰਹੀਰਾਂ, ਕੀਰਤੀ ਨਗਰ ਅਤੇ ਨੇੜੇ ਦੇ ਇਲਾਕਾ ਵਾਸੀਆਂ ਨੇ ਉਨ੍ਹਾਂ ਨੂੰ ਦੱਸਿਆ ਕਿ ਨਗਰ ਨਿਗਮ ਦੇ ਡੰਪ ਉੱਤੇ 6-6 ਮਹੀਨੇ ਲਗਾਤਾਰ ਧੂੰਆਂ ਉੱਠਦਾ ਰਹਿੰਦਾ ਹੈ ਅਤੇ ਇਸ ਵਿਚੋਂ ਉੱਠਦੀ ਬਦਬੂ ਕਾਰਨ ਉਨ੍ਹਾਂ ਦਾ ਜਿਊਣਾ ਮੁਹਾਲ ਹੋਇਆ ਪਿਆ ਹੈ। ਇਸ ਤੋਂ ਇਲਾਵਾ ਜੇਕਰ ਕੋਈ ਰਾਤ ਸਮੇਂ ਆਪਣੇ ਘਰ ਦੇ ਦਰਵਾਜ਼ੇ ਅਤੇ ਬਾਰੀਆਂ ਬੰਦ ਕਰਨੇ ਭੁੱਲ ਜਾਂਦਾ ਹੈ ਤਾਂ ਘਰਾਂ ਵਿਚ ਕਾਲਖ ਜੰਮ ਜਾਂਦੀ ਹੈ। ਲੋਕਾਂ ਨੇ ਦੱਸਿਆ ਕਿ ਇੰਨੀ ਕਾਲਖ ਜਦੋਂ ਉਨ੍ਹਾਂ ਦੇ ਸਰੀਰ ਵਿਚ ਜਾਂਦੀ ਹੈ ਤਾਂ ਉਹ ਬੀਮਾਰ ਹੋ ਜਾਂਦੇ ਹਨ ਅਤੇ ਭਿਆਨਕ ਬੀਮਾਰੀਆਂ ਲੱਗਣ ਦਾ ਡਰ ਬਣਿਆ ਰਹਿੰਦਾ ਹੈ। ਸਚਦੇਵਾ ਨੇ ਨਗਰ ਨਿਗਮ ਅਧਿਕਾਰੀਆਂ ਨੂੰ ਅਪੀਲ ਕੀਤੀ ਕਿ ਉਹ ਕੂੜੇ ਦੇ ਡੰਪ ਵਿਚੋਂ ਉੱਠਣ ਵਾਲੇ ਧੂੰਏਂ ਨੂੰ ਬੰਦ ਕਰਵਾਵੇ ਤਾਂ ਜੋ ਵਾਤਾਵਰਣ ਦੇ ਨਾਲ-ਨਾਲ ਲੋਕਾਂ ਦੀ ਸਿਹਤ ਵੀ ਠੀਕ ਰਹਿ ਸਕੇ।  
ਇਸ ਦੌਰਾਨ ਉਨ੍ਹਾਂ ਦੇ ਨਾਲ ਸਿਟੀ ਪ੍ਰਧਾਨ ਮਦਨ ਲਾਲ ਸੂਦ, ਸਿਟੀ ਉਪ ਪ੍ਰਧਾਨ ਕੁਲਭੂਸ਼ਣ, ਬਲਾਕ ਪ੍ਰਧਾਨ ਸ਼ਸ਼ੀ ਸ਼ਾਰਦਾ, ਜਸਵੀਰ ਪਰਮਾਰ, ਪਵਨ ਸੈਣੀ, ਭਜਨ ਸਿੰਘ, ਪਰਮਿੰਦਰ ਸਿੰਘ, ਮੁਕੇਸ਼ ਕੁਮਾਰ, ਨਰੇਸ਼ ਸ਼ਰਮਾ, ਬਲਵਿੰਦਰ ਕੁਮਾਰ, ਮੰਗਤ ਰਾਮ, ਵਿਕਰਮ ਸਿੰਘ, ਬਲਦੇਵ ਸਿੰਘ, ਸੁਧੀਰ ਸ਼ਰਮਾ, ਵਿਪਨ ਸ਼ਰਮਾ, ਅੰਜੂ ਸ਼ਰਮਾ, ਬਬਿਤਾ, ਰੀਨੂ, ਨੀਨੂ, ਰੁਚੀ ਸ਼ਰਮਾ, ਸਾਕਸ਼ੀ ਸ਼ਰਮਾ ਅਤੇ ਅੰਜੂ ਸ਼ਰਮਾ ਵੀ ਮੌਜੂਦ ਸਨ।


Related News