ਕੈਪਟਨ ਜੀ, ਦਾਅਵਾ 4 ਹਫਤਿਆਂ ਦਾ ਸੀ ਪਰ ਬੀਤ ਗਏ 40 ਹਫਤੇ, ਕਦੋਂ ਹੋਵੇਗਾ ਪੰਜਾਬ ਨਸ਼ਾਮੁਕਤ

08/11/2020 6:23:49 PM

ਜਲੰਧਰ (ਸੋਮਨਾਥ): ਪੰਜਾਬ ਦੇ ਮਾਝਾ ਜ਼ੋਨ 'ਚ ਪੈਂਦੇ ਤਰਨਤਾਰਨ, ਅੰਮ੍ਰਿਤਸਰ ਅਤੇ ਗੁਰਦਾਸਪੁਰ ਦੇ ਬਟਾਲਾ 'ਚ ਪਿਛਲੇ ਦਿਨੀਂ ਜ਼ਹਿਰੀਲੀ ਸ਼ਰਾਬ ਪੀਣ ਨਾਲ ਤਕਰੀਬਨ 120 ਲੋਕਾਂ ਦੀ ਮੌਤ ਹੋ ਗਈ ਅਤੇ ਕਈਆਂ ਦੀਆਂ ਅੱਖਾਂ ਦੀ ਰੌਸ਼ਨੀ ਚਲੀ ਗਈ। 2017 'ਚ ਜਦੋਂ ਪੰਜਾਬ ਵਿਧਾਨ ਸਭਾ ਦੀਆਂ ਚੋਣਾਂ ਹੋਈਆਂ ਸਨ ਤਾਂ ਕੈਪਟਨ ਅਮਰਿੰਦਰ ਸਿੰਘ ਨੇ ਹੱਥਾਂ 'ਚ ਗੁਟਕਾ ਸਾਹਿਬ ਫੜ੍ਹ ਕੇ ਸਹੁੰ ਚੁੱਕੀ ਸੀ ਕਿ ਪੰਜਾਬ 'ਚੋਂ 4 ਹਫਤਿਆਂ 'ਚ ਨਸ਼ਾ ਖਤਮ ਕਰ ਦੇਣਗੇ।

ਭਾਜਪਾ ਦੇ ਕੌਮੀ ਸਕੱਤਰ ਆਰ. ਪੀ. ਸਿੰਘ ਨੇ ਅੱਜ ਟਵੀਟ ਕਰਕੇ ਕਿਹਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਹੱਥਾਂ 'ਚ ਗੁਟਕਾ ਸਾਹਿਬ ਲੈ ਕੇ 4 ਹਫਤਿਆਂ 'ਚ ਨਸ਼ਾ ਖਤਮ ਕਰਨ ਦੇ ਦਾਅਵੇ ਨੂੰ 15 ਜੁਲਾਈ ਨੂੰ 40 ਹਫਤੇ ਬੀਤ ਗਏ ਹਨ ਪਰ ਪੰਜਾਬ 'ਚੋਂ ਨਸ਼ਾ ਖਤਮ ਨਹੀਂ ਹੋ ਸਕਿਆ। ਇਸ ਦੇ ਨਾਲ ਹੀ ਉਨ੍ਹਾਂ ਇਹ ਵੀ ਪੁੱਛਿਆ ਕਿ ਕੈਪਟਨ ਜੀ, ਪੰਜਾਬ 'ਚੋਂ ਨਸ਼ਾ ਕਦੋਂ ਖਤਮ ਹੋਵੇਗਾ। ਉਨ੍ਹਾਂ ਕਿਹਾ ਕਿ ਜੇਕਰ ਨਸ਼ਾ ਖਤਮ ਹੁੰਦਾ ਤਾਂ ਅੱਜ ਮਾਝੇ 'ਚ ਇਹ ਦੁਖਾਂਤ ਨਾ ਵਾਪਰਦਾ। ਉਨ੍ਹਾਂ ਅਪੀਲ ਕੀਤੀ 15 ਅਗਸਤ ਨੂੰ ਹਰ ਪੰਜਾਬੀ ਨਸ਼ਿਆਂ ਅਤੇ ਕੈਪਟਨ ਤੋਂ ਆਜ਼ਾਦੀ ਮੰਗੇ।

ਹਰ ਰੋਜ਼ 215 ਲੋਕ ਆ ਰਹੇ ਨਸ਼ਿਆਂ ਦੀ ਗ੍ਰਿਫਤ 'ਚ
ਪੰਜਾਬ 'ਚ ਹਜ਼ਾਰਾਂ ਨਸ਼ਾ ਸਮੱਗਲਰਾਂ ਦੀ ਗ੍ਰਿਫਤਾਰੀ ਦੇ ਬਾਵਜੂਦ ਨਸ਼ਾ ਕਾਰੋਬਾਰੀਆਂ ਦੀਆਂ ਜੜ੍ਹਾਂ ਇੰਨੀਆਂ ਡੂੰਘੀਆਂ ਹਨ ਕਿ ਖੁਦ ਸਿਹਤ ਵਿਭਾਗ ਵਲੋਂ ਜਾਰੀ ਕੀਤੀ ਗਈ ਰਿਪੋਰਟ 'ਚ ਕਿਹਾ ਜਾ 
ਚੁੱਕਿਆ ਹੈ ਕਿ ਇਕ ਸਾਲ 'ਚ ਤਕਰੀਬਨ 80 ਹਜ਼ਾਰ ਨਵੇਂ ਨਸ਼ੇੜੀਆਂ ਦੇ ਕੇਸ ਸਾਹਮਣੇ ਆਏ ਹਨ, ਜੋ ਹੈਰੋਇਨ ਦਾ ਸੇਵਨ ਕਰਨ ਦੇ ਆਦੀ ਹੋ ਗਏ ਹਨ। ਇਸ ਤਰ੍ਹਾਂ ਔਸਤਨ 215 ਨਵੇਂ ਲੋਕ ਹਰ ਰੋਜ਼ ਨਸ਼ਿਆਂ ਦੀ ਦਲਦਲ 'ਚ ਫਸ ਰਹੇ ਹਨ।

ਇਕ ਸਾਲ 'ਚ 35 ਫੀਸਦੀ ਵਧ ਗਏ ਹੈਰੋਇਨ ਦੀ ਵਰਤੋਂ ਕਰਨ ਵਾਲੇ
ਰਿਪੋਰਟ 'ਚ ਇਹ ਵੀ ਖੁਲਾਸਾ ਹੋਇਆ ਹੈ ਕਿ ਇਕ ਸਾਲ 'ਚ 2.09 ਲੱਖ ਨਵੇਂ ਨਸ਼ੇੜੀ ਅਫੀਮ, ਭੁੱਕੀ ਜਾਂ ਫਿਰ ਕੋਈ ਹੋਰ ਨਸ਼ਾ ਕਰਨ ਵਾਲੇ ਇਲਾਜ ਲਈ ਸੂਚੀਬੱਧ ਕੀਤੇ ਗਏ ਹਨ। ਜਨਵਰੀ ਤੋਂ ਦਸੰਬਰ 2019 ਦੌਰਾਨ ਹੈਰੋਇਨ ਦੀ ਵਰਤੋਂ ਕਰਨ ਵਾਲਿਆਂ ਦੀ ਗਿਣਤੀ 'ਚ 35 ਫੀਸਦੀ ਦਾ ਵਾਧਾ ਹੋਇਆ ਹੈ। ਰਿਕਾਰਡ ਅਨੁਸਾਰ ਜਨਵਰੀ 2019 'ਚ ਜਿੱਥੇ ਹੈਰੋਇਨ ਦੇ 5439 ਨਵੇਂ ਮਾਮਲੇ ਸਾਹਮਣੇ ਆਏ, ਦਸੰਬਰ 2019 'ਚ ਇਹ ਗਿਣਤੀ ਵਧ ਕੇ 8230 ਤਕ ਪਹੁੰਚ ਗਈ ਹੈ। ਬੀਤੇ ਸਾਲ ਪੁਲਸ ਵਲੋਂ 4700 ਛੋਟੇ-ਮੋਟੇ ਨਾ ਸਮੱਗਲਰਾਂ ਨੂੰ ਫੜ੍ਹਿਆ ਗਿਆ ਹੈ। ਇਸਦਾ ਮਤਲਬ ਇਹ ਹੈ ਕਿ ਸੂਬਾ ਸਰਕਾਰ ਅਤੇ ਪੰਜਾਬ ਪੁਲਸ ਦੇ ਦਾਅਵਿਆਂ ਦੇ ਬਾਵਜੂਦ ਪੰਜਾਬ 'ਚ ਹੈਰੋਇਨ ਦੀ ਸਪਲਾਈ ਜਾਰੀ ਹੈ। ਨਸ਼ਿਆਂ ਦੀ ਰੋਕਥਾਮ ਲਈ 'ਸਿੱਟ' ਦਾ ਗਠਨ ਕੀਤੇ ਜਾਣ ਦੇ ਬਾਅਦ ਪੂਰੇ ਸੂਬੇ 'ਚ ਨਸ਼ਾ ਸਮਗਲਰਾਂ ਨੂੰ ਫੜ੍ਹਨ 'ਚ ਤੇਜ਼ੀ ਲਿਆਂਦੀ ਗਈ ਸੀ। 2017 'ਚ ਨਸ਼ਿਆਂ ਦੀ ਵਿਕਰੀ 'ਚ ਕਮੀ ਆਈ ਸੀ ਪਰ ਸਿਹਤ ਵਿਭਾਗ ਦੇ ਅੰਕੜਿਆਂ ਤੋਂ ਸਾਫ ਹੋ ਗਿਆ ਹੈ ਕਿ ਹੈਰੋਇਨ ਵਰਗਾ ਨਸ਼ਾ ਸੂਬੇ 'ਚ ਅਜੇ ਵੀ ਪੁੱਜ ਰਿਹਾ ਹੈ।

4 ਸਾਲਾਂ 'ਚ 47,000 ਨਸ਼ਾ ਸਮੱਗਲਰ ਫੜ੍ਹੇ
ਖਾਸ ਗੱਲ ਇਹ ਹੈ ਕਿ ਦੇਸ਼ ਦੇ ਮੁਕਾਬਲੇ ਪੰਜਾਬ 'ਚ ਨਸ਼ਿਆਂ ਦੀ ਬਰਾਮਦਗੀ ਅਤੇ ਨਸ਼ਾ ਸਮੱਗਲਰਾਂ ਦੀਆਂ ਗ੍ਰਿਫਤਾਰੀਆਂ ਸਭ ਤੋਂ ਵੱਧ ਹੋਈਆਂ ਹਨ।ਕੇਂਦਰੀ ਗ੍ਰਹਿ ਮੰਤਰਾਲਾ ਦੇ ਅੰਕੜਿਆਂ ਅਨੁਸਾਰ 2015-2018 ਤਕ ਸੂਬੇ 'ਚ ਭਾਰੀ ਮਾਤਰਾ 'ਚ ਗਾਂਜਾ, ਹੈਰੋਇਨ, ਅਫੀਮ, ਭੁੱਕੀ, ਨਸ਼ੀਲੀਆਂ ਗੋਲੀਆਂ ਬਰਾਮਦ ਕੀਤੀਆਂ ਗਈਆਂ। ਬਰਾਮਦਗੀ 'ਚ ਪੰਜਾਬ ਦਾ ਸਥਾਨ ਉੱਤਰ ਪ੍ਰਦੇਸ਼ ਅਤੇ ਰਾਜਸਥਾਨ ਨਾਲੋਂ ਵੀ ਅੱਗੇ ਹੈ। 4 ਸਾਲਾਂ 'ਚ ਪੰਜਾਬ 'ਚੋਂ ਹੈਰੋਇਨ 1884 ਕਿਲੋ, ਗਾਂਜਾ 5414 ਕਿਲੋ, ਅਫੀਮ 1670 ਕਿਲੋ, 1 ਕਰੋੜ 58 ਲੱਖ ਨਸ਼ੀਲੀਆਂ ਗੋਲੀਆਂ ਫੜ੍ਹੀਆਂ ਗਈਆਂ, ਜਦਕਿ ਇਸ ਸਮੇਂ ਦੌਰਾਨ 46909 ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ।


Shyna

Content Editor

Related News