ਜ਼ਹਿਰੀਲੀ ਸ਼ਰਾਬ ਮਾਮਲੇ 'ਚ 17 ਹੋਰ ਗ੍ਰਿਫਤਾਰ, ਕੁੱਲ ਗਿਣਤੀ ਹੋਈ 25

Sunday, Aug 02, 2020 - 12:36 AM (IST)

ਚੰਡੀਗੜ੍ਹ,(ਰਮਨਜੀਤ)- ਸੂਬੇ ਵਿਚ ਜ਼ਹਿਰੀਲੀ ਸ਼ਰਾਬ ਕਾਰਨ ਹੋਈਆਂ ਮੌਤਾਂ ਦੀ ਗਿਣਤੀ ਵਧ ਕੇ 86 ਹੋ ਗਈ ਹੈ, ਪੰਜਾਬ ਪੁਲਸ ਨੇ ਸ਼ਨੀਵਾਰ ਨੂੰ ਪ੍ਰਭਾਵਿਤ ਤਿੰਨ ਪੁਲਸ ਜ਼ਿਲਿਆਂ ਅੰਮ੍ਰਿਤਸਰ ਦਿਹਾਤੀ, ਗੁਰਦਾਸਪੁਰ ਅਤੇ ਤਰਨਤਾਰਨ ਵਿਚ 100 ਤੋਂ ਵੱਧ ਥਾਵਾਂ ਤੇ ਛਾਪੇਮਾਰੀ ਕਰਦਿਆਂ 17 ਹੋਰ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਇਸ ਦੇ ਨਾਲ ਹੀ ਕਈ ਹੋਰ ਥਾਵਾਂ ਜਿਵੇਂ ਰਾਜਪੁਰਾ ਅਤੇ ਸ਼ੰਭੂ ਬਾਰਡਰ ਨੇੜੇ ਵੀ ਛਾਪੇਮਾਰੀ ਕੀਤੀ ਗਈ। ਇਸ ਕੇਸ ਵਿਚ ਗ੍ਰਿਫ਼ਤਾਰੀਆਂ ਦੀ ਕੁੱਲ ਗਿਣਤੀ 25 ਹੋ ਗਈ ਹੈ। ਡੀ.ਜੀ.ਪੀ. ਦਿਨਕਰ ਗੁਪਤਾ ਨੇ ਦੱਸਿਆ ਕਿ ਗ੍ਰਿਫ਼ਤਾਰ ਕੀਤੇ ਮੁਲਜ਼ਮਾ ਵਿਚ ਮਾਫੀਆ ਮਾਸਟਰ ਮਾਈਂਡ, ਇਕ ਔਰਤ ਸਰਗਨਾ, ਇਕ ਟਰਾਂਸਪੋਰਟ ਮਾਲਕ, ਇਕ ਲੋੜੀਂਦਾ ਅਪਰਾਧੀ ਅਤੇ ਵੱਖ-ਵੱਖ ਢਾਬਿਆਂ ਦੇ ਮਾਲਕ / ਮੈਨੇਜ਼ਰ ਜਿਥੇ ਨਾਜਾਇਜ਼ ਸ਼ਰਾਬ ਦੀ ਸਪਲਾਈ ਕੀਤੀ ਜਾ ਰਹੀ ਸੀ, ਸ਼ਾਮਲ ਹਨ।

ਛਾਪੇਮਾਰੀ ਕਰਨ ਵਾਲੀਆਂ ਟੀਮਾਂ ਨੇ ਸ਼ੰਭੂ-ਅੰਬਾਲਾ ਸਰਹੱਦ, ਰਾਜਪੁਰਾ ਅਤੇ ਪਟਿਆਲੇ ਦੇ ਆਸ-ਪਾਸ ਦੇ ਖੇਤਰਾਂ ਵਿਚ ਵੱਖ-ਵੱਖ ਪਿੰਡਾਂ ਅਤੇ ਢਾਬਿਆਂ ਤੋਂ ਵੱਡੀ ਮਾਤਰਾ ਵਿਚ ਲਾਹਣ ਬਰਾਮਦ ਕੀਤੀ ਹੈ। ਉਨ੍ਹਾਂ ਦੱਸਿਆ ਕਿ ਛਾਪੇਮਾਰੀ ਨੇ ਕਈ ਜ਼ਿਲਿਆਂ ਵਿਚ ਫੈਲੀ ਨਾਜਾਇਜ਼ ਸ਼ਰਾਬ ਦੇ ਵੱਡੇ ਰੈਕੇਟ ਦਾ ਪਰਦਾਫਾਸ਼ ਕੀਤਾ ਹੈ। ਪਟਿਆਲਾ ਜ਼ਿਲਾ ਦੇ ਸ਼ੰਭੂ, ਰਾਜਪੁਰਾ ਤੇ ਬਨੂੜ ਦੇ ਢਾਬਿਆਂ ਜਿਨ੍ਹਾਂ ਵਿਚ ਝਿਲਮਿਲ ਢਾਬਾ, ਗ੍ਰੀਨ ਢਾਬਾ, ਛਿੰਦਾ ਢਾਬਾ ਸ਼ਾਮਲ ਹਨ, ਨੂੰ ਸੀਲ ਕੀਤਾ ਗਿਆ ਹੈ। ਪਿੰਡ ਬਘੌਰਾ ਤੋਂ 750 ਲੀਟਰ ਲਾਹਣ ਬਰਾਮਦ ਕੀਤੀ ਗਈ, ਜਿੱਥੋਂ ਦੋ ਵਿਅਕਤੀਆਂ, ਸਤਨਾਮ ਅਤੇ ਰਸ਼ਮ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ, ਜਦੋਂ ਕਿ ਇਕ ਹੋਰ ਵਿਅਕਤੀ ਜਿਸ ਦੀ ਪਛਾਣ ਲਖਵਿੰਦਰ ਵਜੋਂ ਹੋਈ ਹੈ, ਵੀ ਦੋਸ਼ੀ ਵਿਚ ਸ਼ਾਮਲ ਹੈ।

ਕਥਿਤ ਸਰਗਨਾ ਦਰਸ਼ਨ ਰਾਣੀ ਉਰਫ ਫੌਜਣ ਨੂੰ ਬਟਾਲਾ ਪੁਲਸ ਨੇ ਗ੍ਰਿਫ਼ਤਾਰ ਕੀਤਾ ਸੀ, ਜਦੋਂ ਕਿ ਇਕ ਹੋਰ ਅਹਿਮ ਮੁਲਜ਼ਿਮ ਬੀਰੀ, ਜੋ ਪਿੰਡ ਦਿਓ, ਥਾਣਾ ਸਦਰ ਤਰਨ ਤਾਰਨ ਨਾਲ ਸਬੰਧਤ ਹੈ, ਨੂੰ ਵੀ ਨਸ਼ੀਲੇ ਪਦਾਰਥਾਂ ਦੀ ਸਪਲਾਈ ਕਰਨ ਦੇ ਦੋਸ਼ ਵਿਚ ਗ੍ਰਿਫ਼ਤਾਰ ਕੀਤਾ ਗਿਆ ਹੈ। ਅੱਜ ਕੀਤੀ ਗਈ ਛਾਪੇਮਾਰੀ ਦੌਰਾਨ ਆਜ਼ਾਦ ਟਰਾਂਸਪੋਰਟ ਦਾ ਮਾਲਕ ਪ੍ਰੇਮ ਸਿੰਘ ਅਤੇ ਭਿੰਦਾ (ਤਰਨਤਾਰਨ ਪੁਲਿਸ ਨੂੰ ਲੋੜੀਂਦੇ) ਨੂੰ ਰਾਜਪੁਰਾ ਪੁਲਸ ਨੇ ਗ੍ਰਿਫ਼ਤਾਰ ਕੀਤਾ ਹੈ। ਡੀ.ਜੀ.ਪੀ. ਅਨੁਸਾਰ ਰੁਪਿੰਦਰ ਸਿੰਘ ਉਰਫ਼ ਬਿੱਟੂ ਪੁੱਤਰ ਗੁਰਮੇਲ ਸਿੰਘ ਵਾਸੀ ਥੂਹਾ ਦੇ ਘਰ ਛਾਪੇਮਾਰੀ ਕੀਤੀ ਗਈ ਸੀ ਪਰ ਉਹ ਪਿਛਲੇ ਕਈ ਦਿਨਾਂ ਤੋਂ ਉਥੇ ਮੌਜੂਦ ਨਹੀਂ ਸੀ। ਬਿੱਟੂ, ਹਰਦੀਪ ਸਿੰਘ ਉਰਫ ਗੋਲਡੀ, ਉਰਫ਼ ਕੱਛੂ ਦਾ ਦੋਸਤ ਹੈ, ਜਿਸ ਨੂੰ ਹਾਲ ਹੀ ਵਿਚ ਸੀ.ਆਈ.ਏ. ਜਲੰਧਰ ਦਿਹਾਤੀ ਨੇ ਗ੍ਰਿਫ਼ਤਾਰ ਕੀਤਾ ਸੀ, ਅਤੇ ਕੱਛੂ ਦੀ ਸਕਾਰਪੀਓ ਗੱਡੀ ਬਿੱਟੂ ਦੀ ਰਿਹਾਇਸ਼ ਤੋਂ ਬਰਾਮਦ ਕੀਤੀ ਗਈ ਸੀ। ਝਿਲਮਿਲ ਢਾਬੇ 'ਤੇ ਕੀਤੀ ਛਾਪੇਮਾਰੀ ਦੌਰਾਨ ਮੈਨੇਜਰ ਨਰਿੰਦਰ ਸਿੰਘ ਨੂੰ 200 ਲੀਟਰ ਲਾਹਣ ਸਮੇਤ ਗ੍ਰਿਫ਼ਤਾਰ ਕੀਤਾ ਗਿਆ ਹੈ। ਢਾਬਾ ਮਾਲਕ ਹਰਜੀਤ ਸਿੰਘ ਦਾ ਨਾਮ ਐੱਫ.ਆਈ.ਆਰ. ਵਿਚ ਸ਼ਾਮਲ ਹੈ।

ਗ੍ਰੀਨ ਢਾਬਾ, ਰਾਜਪੁਰਾ ਚੰਡੀਗੜ੍ਹ੍ਹ ਰੋਡ ਥਾਣਾ ਜ਼ੀਰਕਪੁਰ ਵਿਖੇ 4/5 ਛੋਟੇ ਡੱਬਿਆਂ ਵਿਚ ਲਗਭਗ 200 ਲੀਟਰ ਡੀਜ਼ਲ ਵਰਗਾ ਤਰਲ ਪਦਾਰਥ ਬਰਾਮਦ ਹੋਇਆ, ਜੋ ਟਰੱਕ ਡਰਾਈਵਰ ਢਾਬਾ ਮਾਲਕ ਨੂੰ ਵੇਚ ਰਹੇ ਸਨ। ਉਕਤ ਢਾਬੇ ਨੂੰ ਵੀ ਸੀਲ ਕਰ ਦਿੱਤਾ ਗਿਆ ਹੈ ਅਤੇ ਇਸ ਦੇ ਮਾਲਕ ਗੁਰਜੰਟ ਸਿੰਘ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਡੀ.ਜੀ.ਪੀ. ਨੇ ਦੱਸਿਆ ਕਿ ਮੁਲਤਾਨੀ ਢਾਬਾ ਦੇ ਮਾਲਕ ਨਰਿੰਦਰ ਸਿੰਘ ਨੂੰ ਵੀ ਇਸ ਕੇਸ ਵਿਚ ਗ੍ਰਿਫ਼ਤਾਰ ਕੀਤਾ ਗਿਆ ਹੈ। ਇਕ ਹੋਰ ਵਿਅਕਤੀ ਪਰਮਿੰਦਰ ਸਿੰਘ ਕੋਲੋਂ 150 ਲੀਟਰ ਅਤੇ ਬਲਜੀਤ ਸਿੰਘ ਕੋਲੋਂ 200 ਲੀਟਰ ਲਾਹਣ ਬਰਾਮਦ ਹੋਇਆ। ਇਨ੍ਹਾਂ ਦੋਵਾਂ ਵਿਅਕਤੀਆਂ ਨੂੰ ਵੀ ਗ੍ਰਿਫ਼ਤਾਰ ਕੀਤਾ ਗਿਆ ਹੈ। ਇਕ ਹੋਰ ਮੁੱਖ ਮੁਲਜ਼ਮ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ ਜੋ ਕਿ ਤਰਨਤਾਰਨ ਤੋਂ ਅੰਮ੍ਰਿਤਸਰ ਦਿਹਾਤੀ ਖੇਤਰ ਵਿਚ ਜਾਅਲੀ ਸ਼ਰਾਬ ਲਿਆ ਰਿਹਾ ਸੀ। ਇਸ ਦੀ ਪਛਾਣ ਗੋਵਿੰਦਰਬੀਰ ਸਿੰਘ ਉਰਫ਼ ਗੋਬਿੰਦਾ ਪੁੱਤਰ ਗੁਰਮੀਤ ਸਿੰਘ ਵਾਸੀ ਜੰਡਿਆਲਾ ਸਿਟੀ, ਥਾਣਾ ਜੰਡਿਆਲਾ ਵਜੋਂ ਹੋਈ ਹੈ। ਉਹ ਅੰਮ੍ਰਿਤਸਰ ਦਿਹਾਤੀ ਜ਼ਿਲੇ ਵਿਚ ਮਾਫੀਆ ਦਾ ਮੁੱਖ ਮਾਸਟਰਮਾਈਂਡ ਸੀ।

ਡੀ.ਜੀ.ਪੀ. ਨੇ ਮੁਲਜ਼ਮਾਂ ਬਾਰੇ ਦੱਸਿਆ ਕਿਹਾ ਕਿ 6-7 ਪਛਾਣੇ ਗਏ ਢਾਬਿਆਂ 'ਤੇ ਸਪਿਰਟ ਵਾਲੇ ਟਰੱਕ ਰੁਕਦੇ ਸਨ ਤੇ ਢਾਬਾ ਮਾਲਕਾਂ ਨੇ ਟਰੱਕ ਚਾਲਕਾਂ ਕੋਲੋਂ ਸ਼ਰਾਬ ਇਕਠਾ ਕਰਕੇ ਭਿੰਦਾ ਵਾਸੀ ਪਿਪਲਾ ਰੋਡ, ਰਾਜਪੁਰਾ ਨੂੰ ਵੇਚ ਦਿੰਦੇ ਸਨ ਜੋ ਕਿ ਰਾਜਪੁਰਾ ਫੈਕਟਰੀ ਕੇਸ ਵਿਚ ਕਥਿਤ ਦੋਸ਼ੀ ਸੀ ਅਤੇ ਬਨੂੜ ਨੇੜਲੇ ਇਕ ਪਿੰਡ ਦਾ ਬਿੱਟੂ ਵੀ ਦੋਸ਼ੀ ਸੀ। ਇਹ ਦੋਵੇਂ ਦੋਸ਼ੀ ਅੰਮ੍ਰਿਤਸਰ ਅਤੇ ਆਸ-ਪਾਸ ਦੇ ਇਲਾਕਿਆਂ ਵਿਚ ਸ਼ਰਾਬ ਦੀ ਸਪਲਾਈ ਕਰਦੇ ਸਨ। ਐੱਸ.ਐੱਸ.ਪੀ. ਪਟਿਆਲਾ ਵਲੋਂ ਰਾਜਪੁਰਾ ਵਿਖੇ ਨਿੱਜੀ ਤੌਰ 'ਤੇ ਛਾਪੇਮਾਰੀ ਕਰਨ ਅਤੇ ਦੋਸ਼ੀਆਂ ਨੂੰ ਕਾਬੂ ਕਰਨ ਲਈ ਨਿਗਰਾਨੀ ਕੀਤੀ ਜਾ ਰਹੀ ਹੈ। ਡੀ.ਜੀ.ਪੀ. ਨੇ ਅੱਗੇ ਕਿਹਾ ਕਿ ਸ਼ਰਾਬ ਦੀ ਪੂਰੀ ਸਪਲਾਈ ਚੋਨ ਨੂੰ ਤੋੜਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਇਸੇ ਦੌਰਾਨ ਗੁਰਪਾਲ ਸਿੰਘ ਪੁੱਤਰ ਬੂਟਾ ਸਿੰਘ ਵਾਸੀ ਪਿੰਡ ਧੋਟੀਆਂ, ਥਾਣਾ ਸਰਹਾਲੀ ਜ਼ਿਲਾ ਤਰਨ ਤਾਰਨ, ਜਿਸ ਨੂੰ ਫਿਲੌਰ ਵਿਚ ਸ਼ਰਾਬ ਦੀ ਤਸਕਰੀ ਦੇ ਦੋਸ਼ ਵਿਚ 09.07.2020 ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ, ਨੂੰ ਇਸ ਤਸਕਰੀ ਵਿਚ ਸ਼ਾਮਲ ਹੋਰ ਵਿਅਕਤੀਆਂ ਦੀ ਪਛਾਣ ਲਈ ਪ੍ਰੋਡਕਸ਼ਨ ਵਾਰੰਟ 'ਤੇ ਲਿਆਂਦਾ ਜਾ ਰਿਹਾ ਹੈ। ਉਸ ਨੂੰ ਥਾਣਾ ਫਿਲੌਰ ਪੁਲਸ ਖੇਤਰ ਵਿਚ 4000 ਲੀਟਰ ਕੈਮੀਕਲ/ਸਪਿਰਟ ਨਾਲ ਗ੍ਰਿਫ਼ਤਾਰ ਕੀਤਾ ਗਿਆ ਸੀ। ਆਬਕਾਰੀ ਕਮਿਸ਼ਨਰ ਦੇ ਅਨੁਸਾਰ, ਹਾਲਾਂਕਿ ਕੱਲ੍ਹ ਦੇ ਛਾਪਿਆਂ ਦੌਰਾਨ ਜ਼ਬਤ ਕੀਤੀ ਗਈ ਸਮੱਗਰੀ ਦੇ ਰਸਾਇਣਕ ਵਿਸ਼ਲੇਸ਼ਣ ਦੀਆਂ ਰਿਪੋਰਟਾਂ ਆਉਣੀਆਂ ਅਜੇ ਬਾਕੀ ਸਨ, ਪਰ ਹੁਣ ਤੱਕ ਦੀ ਜਾਂਚ ਤੋਂ ਪਤਾ ਚੱਲਿਆ ਕਿ ਉਕਤ ਸਮੱਗਰੀ ਡੀਨੇਚਰਡ ਸਪਿਰਟ ਸੀ, ਜੋ ਆਮ ਤੌਰ ਤੇ ਰੰਗ/ਹਾਰਡਵੇਅਰ ਉਦਯੋਗ ਵਿਚ ਵਰਤੀ ਜਾਂਦੀ ਹੈ।
 


Deepak Kumar

Content Editor

Related News