ਬਾਜਵਾ ਨੇ ਕੈਪਟਨ ਤੇ ਜਾਖੜ ''ਤੇ ਮੁੜ ਵਿੰਨੇ ਤਿੱਖੇ ਨਿਸ਼ਾਨੇ

Sunday, Aug 09, 2020 - 12:45 AM (IST)

ਬਾਜਵਾ ਨੇ ਕੈਪਟਨ ਤੇ ਜਾਖੜ ''ਤੇ ਮੁੜ ਵਿੰਨੇ ਤਿੱਖੇ ਨਿਸ਼ਾਨੇ

ਗੁਰਦਾਸਪੁਰ,(ਵਿਸ਼ੇਸ਼)-ਜ਼ਹਿਰੀਲੀ ਸ਼ਰਾਬ ਨਾਲ ਕਰੀਬ 121 ਲੋਕਾਂ ਦੀਆਂ ਮੌਤਾਂ ਹੋਣ ਕਾਰਣ ਕੈਪਟਨ ਸਰਕਾਰ ਨੂੰ ਕਟਿਹਰੇ 'ਚ ਖੜ੍ਹੇ ਕਰ ਰਹੇ ਕਾਂਗਰਸ ਦੇ ਸੀਨੀਅਰ ਆਗੂ ਤੇ ਰਾਜ ਸਭਾ ਮੈਂਬਰ ਪ੍ਰਤਾਪ ਸਿੰਘ ਬਾਜਵਾ ਅਤੇ ਸ਼ਮਸ਼ੇਰ ਸਿੰਘ ਦੂਲੋ ਨੇ ਪੂਰੇ ਪੰਜਾਬ ਦੀ ਸਿਆਸਤ ਗਰਮਾ ਦਿੱਤੀ ਹੈ। ਇਸ ਤਹਿਤ ਪ੍ਰਤਾਪ ਸਿੰਘ ਬਾਜਵਾ ਨੇ ਮੁੜ ਨਾ ਸਿਰਫ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਦੀ ਕਾਰਗੁਜ਼ਾਰੀ 'ਤੇ ਸਵਾਲ ਖੜੇ ਕੀਤੇ ਹਨ ਸਗੋਂ ਉਨ੍ਹਾਂ ਨੇ ਪੰਜਾਬ ਕਾਂਗਰਸ ਦੇ ਪ੍ਰਧਾਨ ਸੁਨੀਲ ਜਾਖੜ ਖਿਲਾਫ ਵੀ ਸਖ਼ਤ ਟਿੱਪਣੀਆਂ ਕਰਦੇ ਹੋਏ ਇਹ ਐਲਾਨ ਕਰ ਦਿੱਤਾ ਹੈ ਕਿ ਜਿੰਨੀ ਦੇਰ ਕਾਂਗਰਸ ਦਾ ਨੁਕਸਾਨ ਕਰ ਰਹੇ ਕੈਪਟਨ ਅਤੇ ਜਾਖੜ ਨੂੰ ਲਾਂਭੇ ਨਹੀਂ ਕਰ ਦਿੰਦੇ, ਉਨੀ ਦੇਰ ਉਹ ਆਰਾਮ ਨਾਲ ਨਹੀਂ ਬੈਠਣਗੇ।

ਮੈਂ ਨਾ ਬੋਲਦਾ ਤਾਂ ਅਜੇ ਵੀ ਨਹੀਂ ਖੁੱਲਣੀ ਸੀ ਕੈਪਟਨ ਦੀ ਕੁੰਭਕਰਨੀ ਨੀਂਦ
'ਜਗ ਬਾਣੀ' ਨਾਲ ਵਿਸ਼ੇਸ਼ ਗੱਲਬਾਤ ਦੌਰਾਨ ਬਾਜਵਾ ਨੇ ਕਿਹਾ ਕਿ ਜ਼ਹਿਰੀਲੀ ਸ਼ਰਾਬ ਦੀ ਦੁਖਦਾਈ ਘਟਨਾ ਦੇ ਬਾਵਜੂਦ ਕੈਪਟਨ ਅਮਰਿੰਦਰ ਸਿੰਘ ਅਤੇ ਸੁਨੀਲ ਜਾਖੜ ਸਮੇਤ ਪੰਜਾਬ ਦੀ ਮੁੱਖ ਸਕੱਤਰ, ਡੀ.ਜੀ.ਪੀ. ਘਰਾਂ ਵਿਚੋਂ ਹੀ ਨਹੀਂ ਨਿਕਲੇ। ਉਨ੍ਹਾਂ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਪਿਛਲੇ 5 ਮਹੀਨਿਆਂ ਤੋਂ ਕੁੰਭਕਰਨੀ ਨੀਂਦ ਸੁੱਤੇ ਹੋਏ ਸਨ। ਜੇ ਉਹ ਅਤੇ ਸਮਸ਼ੇਰ ਸਿੰਘ ਦੂਲੋ ਹੁਣ ਵੀ ਰਾਜਪਾਲ ਨੂੰ ਮਿਲ ਕੇ ਇਹ ਮਸਲਾ ਨਾ ਚੁੱਕਦੇ ਤਾਂ ਕੈਪਟਨ ਨੇ ਹੁਣ ਵੀ ਘਰੋਂ ਨਹੀਂ ਸੀ ਨਿਕਲਣਾ। ਉਨ੍ਹਾਂ ਕਿਹਾ ਕਿ ਉਨ੍ਹਾਂ ਨੇ ਜ਼ਹਿਰੀਲੀ ਸ਼ਰਾਬ ਨਾਲ ਮਾਰੇ ਗਏ ਪੀੜਤ ਪਰਿਵਾਰਾਂ ਲਈ 10-10 ਲੱਖ ਮੁਆਵਜ਼ੇ ਦੀ ਮੰਗ ਕੀਤੀ ਸੀ, ਇਸੇ ਕਾਰਣ ਪਹਿਲਾਂ ਸਿਰਫ 2-2 ਲੱਖ ਰੁਪਏ ਦੇਣ ਦਾ ਐਲਾਨ ਕਰ ਚੁੱਕੇ ਕੈਪਟਨ ਨੂੰ ਇਹ ਰਾਸ਼ੀ ਵਧਾ ਕੇ 5-5 ਲੱਖ ਰੁਪਏ ਕਰਨੀ ਪਈ।

ਹੁਣ ਤੱਕ ਕਿਸੇ ਨਤੀਜੇ 'ਤੇ ਨਹੀਂ ਪਹੁੰਚ ਸਕੀਆਂ ਕੈਪਟਨ ਵਲੋਂ ਗਠਿਤ 'ਸਿੱਟਾਂ'
ਬਾਜਵਾ ਨੇ ਕਿਹਾ ਕਿ ਦੋ ਸਾਲ ਪਹਿਲਾਂ ਅੰਮ੍ਰਿਤਸਰ ਵਿਚ ਵਾਪਰੇ ਰੇਲ ਹਾਦਸੇ ਦੌਰਾਨ ਹੋਈਆਂ ਕਰੀਬ 60 ਮੌਤਾਂ ਤੋਂ ਬਾਅਦ ਵੀ ਕੈਪਟਨ ਸਰਕਾਰ ਨੇ ਇਕ ਸਿੱਟ ਬਣਾਈ ਸੀ, ਪਰ ਉਸ ਜਾਂਚ ਕਮੇਟੀ ਨੇ ਵੀ ਇਸ ਮਾਮਲੇ 'ਚ ਸਹੀ ਰਿਪੋਰਟ ਨਹੀਂ ਦਿੱਤੀ। ਇਸੇ ਤਰ੍ਹਾਂ ਪਿਛਲੇ ਸਾਲ ਬਟਾਲਾ ਵਿਚ ਪਟਾਖਾ ਫੈਕਟਰੀ ਦੌਰਾਨ ਹੋਏ ਵਿਸਫੋਟ ਦੀ ਜਾਂਚ ਲਈ ਸਿੱਟ ਬਣਾਈ ਗਈ ਸੀ, ਪਰ ਇਹ ਸਿੱਟ ਵੀ ਬੇਸਿੱਟਾ ਰਹੀ। ਹੁਣ ਜਦੋਂ ਮੁੜ ਪੰਜਾਬ ਵਿਚ ਜ਼ਹਿਰੀਲੀ ਸ਼ਰਾਬ ਕਾਰਣ ਏਨਾ ਵੱਡਾ ਦੁਖਾਂਤ ਵਾਪਰਿਆ ਹੈ ਤਾਂ ਕੈਪਟਨ ਸਰਕਾਰ ਨੇ ਮੁੜ ਡਵੀਜਨਲ ਕਮਿਸ਼ਨਰ ਦੀ ਅਗਵਾਈ ਹੇਠ ਸਿੱਟ ਬਣਾ ਕੇ ਪੱਲਾ ਝਾੜ ਦਿੱਤਾ ਹੈ। ਪਰ ਉਹ ਪੁੱਛਣਾ ਚਾਹੁੰਦੇ ਹਨ ਕਿ ਕੀ ਇਕ ਡਵੀਜਨਲ ਕਮਿਸ਼ਨਰ ਕੋਲ ਏਨੀ ਤਾਕਤ ਹੈ, ਕਿ ਉਹ ਸਿੱਧੇ ਮੁੱਖ ਮੰਤਰੀ ਤੱਕ ਪਹੁੰਚ ਕੇ ਨਿਰਪੱਖ ਜਾਂਚ ਕਰ ਸਕਣ? ਉਨ੍ਹਾਂ ਕਿਹਾ ਕਿ ਐਕਸਾਈਜ ਵਿਭਾਗ ਸਿੱਧਾ ਮੁੱਖ ਮੰਤਰੀ ਦੇ ਅਧੀਨ ਹੈ, ਇਸ ਲਈ ਇਸ ਗੱਲ ਦੀ ਕੋਈ ਉਮੀਦ ਨਹੀਂ ਕੀਤੀ ਜਾ ਸਕਦੀ ਕਿ ਇਕ ਡਵੀਜਨਲ ਕਮਿਸ਼ਨਰ ਇਸ ਦੁਖਾਂਤ ਦੀ ਨਿਰਪੱਖ ਜਾਂਚ ਸਕੇਗਾ।

ਮੈਨੂੰ ਮੁੱਖ ਮੰਤਰੀ 'ਤੇ ਇਤਬਾਰ ਨਹੀਂ
2700 ਕਰੋੜ ਰੈਵੀਨਿਊ ਘਟ ਚੁੱਕਾ ਹੈ, ਏਨੀ ਵੱਡੀ ਗਿਣਤੀ ਵਿਚ ਲੋਕਾਂ ਦੀ ਮੌਤ ਹੋਈ ਅਤੇ ਪੰਜਾਬ ਅੰਦਰ ਨਾਜਾਇਜ਼ ਸ਼ਰਾਬ ਦੀ ਵਿਕਰੀ ਦੇ ਮਾਮਲੇ ਵੀ ਉਜਾਗਰ ਹੋ ਰਹੇ ਹਨ। ਇਸ ਲਈ ਉਹ ਮੁੱਖ ਮੰਤਰੀ 'ਤੇ ਇਤਬਾਰ ਨਹੀਂ ਕਰ ਸਕਦੇ। ਉਨ੍ਹਾਂ ਕਿਹਾ ਕਿ ਇਹ ਕਿਸ ਤਰ੍ਹਾਂ ਹੋ ਸਕਦਾ ਹੈ ਕਿ ਸੂਬੇ ਅੰਦਰ ਚਲ ਰਹੀਆਂ ਨਾਜਾਇਜ਼ ਡਿਸਟਿਲਰੀਆਂ ਸਰਕਾਰ ਦੀ ਸ਼ਹਿ ਅਤੇ ਮਰਜ਼ੀ ਤੋਂ ਬਿਨਾਂ ਚਲਦੀਆਂ ਹੋਣ?

4 ਸਾਲਾਂ 'ਚ ਨਾ ਰੁਕੇ ਨਸ਼ੇ ਅਤੇ ਨਾ ਹੀ ਮਾਫੀਏ ਨੂੰ ਪਈ ਨੱਥ
ਉਨ੍ਹਾਂ ਕਿਹਾ ਕਿ ਜੇ ਰਾਜ ਸਭਾ ਦੇ ਮੈਂਬਰਾਂ ਦੀ ਚਿੱਠੀਆਂ ਦੀ ਜੁਆਬ ਨਹੀਂ ਦਿੰਦਾ ਤਾਂ ਪੰਜਾਬ ਦੇ ਹੋਰ ਆਗੂਆਂ ਤੇ ਵਰਕਰਾਂ ਦੀ ਸੁਣਵਾਈ ਕਿਸ ਤਰ੍ਹਾਂ ਹੁੰਦੀ ਹੋਵੇਗੀ। ਇਤਿਹਾਸ ਗਵਾਹ ਹੈ ਕਿ ਤਾਕਤਵਾਰ ਲੋਕਾਂ ਦੀਆਂ ਵਧੀਕੀਆਂ ਖਿਲਾਫ ਪਹਿਲਾਂ ਕੁਝ ਲੋਕ ਹੀ ਅਵਾਜ਼ ਬੁਲੰਦ ਕਰਦੇ ਹਨ, ਪਰ ਬਾਅਦ ਵਿਚ ਹੋਰ ਲੋਕ ਵੀ ਖੜੇ ਹੋ ਜਾਂਦੇ ਹਨ। ਸਾਡੀ ਲੜਾਈ ਇਹ ਹੈ ਕਿ ਕੈਪਟਨ ਨੇ ਚੋਣਾਂ ਤੋਂ ਪਹਿਲਾਂ 4 ਹਫਤਿਆਂ ਵਿਚ ਨਸ਼ਾ ਖਤਮ ਕਰਨ ਦੀ ਕਸਮ ਖਾਧੀ ਸੀ। ਪਰ ਹੁਣ 4 ਸਾਲ ਬੀਤੇ ਚੱਲੇ ਹਨ। ਇਸ ਦੌਰਾਨ ਨਸ਼ੇ ਵੀ ਬੰਦ ਨਹੀਂ ਹੋਏ ਅਤੇ ਰੇਤ ਮਾਫੀਆ, ਸ਼ਰਾਬ ਮਾਫੀਆ, ਟਰਾਂਸਪੋਰਟ ਵੀ ਬੇਖੌਫ ਕੰਮ ਕਰ ਰਿਹਾ ਹੈ।

ਜਾਖੜ ਕੌਣ ਹੁੰਦਾ ਸਾਨੂੰ ਪਾਰਟੀ ਤੋਂ ਬਾਹਰ ਕਢਵਾਉਣ ਵਾਲਾ
ਜਾਖੜ ਵੱਲੋਂ ਬਾਜਵਾ ਤੇ ਦੂਲੋ ਖਿਲਾਫ ਕਾਰਵਾਈ ਲਈ ਹਾਈਕਮਾਨ ਨੂੰ ਲਿਖੇ ਪੱਤਰ ਸਬੰਧੀ ਇਕ ਸਵਾਲ ਦੇ ਜੁਆਬ ਦਿੰਦਿਆਂ ਬਾਜਵਾ ਨੇ ਕਿਹਾ ਕਿ ਜਾਖੜ ਕੌਣ ਹੁੰਦਾ ਹੈ ਜੋ ਉਨ੍ਹਾਂ ਨੂੰ ਪਾਰਟੀ 'ਚੋਂ ਕੱਢਣ ਦੀ ਗੱਲ ਕਰੇ। ਉਨ੍ਹਾਂ ਕਿਹਾ ਕਿ ਜਾਖੜ ਨੂੰ ਤਾਂ ਖੁਦ ਨੂੰ 12 ਅਪ੍ਰੈਲ ਨੂੰ ਮੁੱਖ ਮੰਤਰੀ ਦੀ ਸਕਿਓਰਿਟੀ ਨੇ ਬਾਹਰ ਕੱਢਿਆ ਸੀ ਅਤੇ ਜੇਕਰ ਜਾਖੜ 'ਚ ਕੋਈ ਅਣਖ ਹੁੰਦੀ ਤਾਂ ਉਹ ਅਸਤੀਫਾ ਦੇ ਕੇ ਆਪਣੇ ਪਿੰਡ ਚਲੇ ਜਾਂਦੇ। ਉਨ੍ਹਾਂ ਕਿਹਾ ਜਾਖੜ ਵਿਚ ਇਕ ਲੀਡਰ ਵਾਲੇ ਗੁਣ ਹੀ ਨਹੀਂ ਹਨ ਅਤੇ ਜਦੋਂ ਪੰਜਾਬ ਅੰਦਰ ਅੱਤਵਾਦ ਦਾ ਕਾਲਾ ਦੌਰ ਸੀ ਤਾਂ ਜਾਖੜ ਪਰਿਵਾਰ ਤਾਂ ਭੱਜ ਕੇ ਰਾਜਸਥਾਨ ਚਲਾ ਗਿਆ ਸੀ। ਇਸੇ ਕਾਰਣ ਇਸ ਨੂੰ ਪੰਜਾਬ ਦੇ ਲੋਕ ਪਸੰਦ ਨਹੀਂ ਕਰਦੇ ਜਿਸ ਦੀ ਮਿਸਾਲ ਇਹੀ ਹੈ ਕਿ ਇਹ ਭਾਜਪਾ ਦੇ ਇਕ ਕੌਂਸਲਰ ਰਹਿ ਚੁੱਕੇ ਆਗੂ ਤੋਂ ਵੀ ਹਾਰ ਗਿਆ। ਉਨ੍ਹਾਂ ਜਾਖੜ ਨੂੰ ਕੈਪਟਨ ਦਾ 'ਤੋਤਾ' ਤੱਕ ਕਹਿ ਦਿੱਤਾ ਜੋ ਕੈਪਟਨ ਵੱਲੋਂ ਮਿਲੀ ਚੂਰੀ ਕਾਰਣ ਹੀ ਬੋਲਦਾ ਹੈ।

ਹੁਣ ਪਾਰਟੀ ਨੂੰ ਫੈਸਲਾ ਕਰਨਾ ਪਵੇਗਾ
ਉਨ੍ਹਾਂ ਕਿਹਾ ਕਿ ਹੁਣ ਸਮਾਂ ਆ ਗਿਆ ਹੈ ਕਿ ਹਾਈਕਮਾਨ ਨੂੰ ਫੈਸਲਾ ਕਰਨਾ ਪਵੇਗਾ। ਉਨ੍ਹਾਂ ਕਿਹਾ ਕਿ ਕੈਪਟਨ ਦੇ ਉਸ ਦੇ ਹਮਾਇਤੀ ਕਾਂਗਰਸ ਦਾ ਜਨਾਜਾ ਕੱਢਣਾ ਚਾਹੁੰਦੇ ਹਨ। ਪਰ ਉਹ ਕਾਂਗਰਸ ਦੇ ਵਫਾਦਾਰ ਆਗੂ ਹਨ, ਇਸ ਲਈ ਉਹ ਹੁਣ ਕੈਪਟਨ ਤੇ ਜਾਖੜ ਨੂੰ ਲਾਂਭੇ ਕਰਵਾ ਕੇ ਹੀ ਚੁੱਪ ਰਹਿਣਗੇ। ਉਨ੍ਹਾਂ ਕਿਹਾ ਕਿ ਜਾਖੜ ਲੰਮੇ ਸਮੇਂ ਤੋਂ ਕਾਂਗਰਸ ਭਵਨ ਵਿਚ ਨਹੀਂ ਗਿਆ ਅਤੇ ਨਾ ਹੀ ਕਦੇ ਉਸ ਨੇ ਜ਼ਿਲਿਆਂ ਵਿਚ ਮੀਟਿੰਗਾਂ ਕੀਤੀਆਂ ਹਨ। ਉਨ੍ਹਾਂ ਕਿਹਾ ਕਿ ਅੱਜ ਪੰਜਾਬ ਅੰਦਰ 75 ਫੀਸਦੀ ਚੇਅਰਮੈਨਸ਼ਿੱਪ ਦੇ ਅਹੁੱਦੇ ਸੇਵਾ ਮੁਕਤ ਅਫਸਰਸ਼ਾਹੀ ਨੂੰ ਦਿੱਤੇ ਹਨ। ਜਿਸ ਕਾਰਣ ਕਾਂਗਰਸ ਦੇ ਆਗੂ ਤੇ ਵਰਕਰਾਂ ਨਿਰਾਸ਼ ਹਨ। ਉਨ੍ਹਾਂ ਕਿਹਾ ਕਿ ਮੇਰਾ ਪਿਤਾਜੀ ਸ਼ਹੀਦ ਹੋਏ ਅਤੇ ਅਸੀਂ ਵੀ ਪਾਰਟੀ ਲਈ ਕੁਰਬਾਨੀ ਕਰਦੇ ਆ ਰਹੇ ਹਾਂ। ਇਸ ਲਈ ਕਾਂਗਰਸ ਦਾ ਨੁਕਸਾਨ ਨਹੀਂ ਹੋਣ ਦੇਵਾਂਗੇ। ਉਨ੍ਹਾਂ ਕਿਹਾ ਕਿ ਪਾਰਟੀ ਵੱਲੋਂ ਕਾਂਗਰਸ ਦੇ ਜਿਹੜੇ ਵੀ ਵਫਾਦਾਰ, ਸੀਨੀਅਰ ਅਤੇ ਕਾਬਲ ਆਗੂ ਨੂੰ ਉਨ੍ਹਾਂ ਦਾ ਲੀਡਰ ਬਣਾਵੇਗੀ, ਉਹ ਉਸਨੂੰ ਆਗੂ ਮੰਨਣਗੇ।


 


author

Deepak Kumar

Content Editor

Related News