ਪੀ. ਐੱਨ. ਬੀ. ਦਾ ਏ. ਟੀ. ਐੱਮ. ਤੋੜਨ ਦੀ ਕੋਸ਼ਿਸ਼
Saturday, Nov 10, 2018 - 06:08 PM (IST)

ਹੁਸ਼ਿਆਰਪੁਰ (ਅਮਰਿੰਦਰ) : ਜੇਲ ਚੌਕ ਨਜ਼ਦੀਕ ਬੀਤੀ ਰਾਤ ਚੋਰਾਂ ਨੇ ਪੰਜਾਬ ਨੈਸ਼ਨਲ ਬੈਂਕ ਦੇ ਏ. ਟੀ. ਐੱਮ. ਨੂੰ ਤੋੜਨ ਦੀ ਕੋਸ਼ਿਸ਼ ਕੀਤੀ ਪਰ ਕਾਮਯਾਬ ਨਹੀਂ ਹੋ ਸਕੇ। ਸਵੇਰੇ ਗਾਰਡ ਦੇ ਆਉਣ 'ਤੇ ਵਾਰਦਾਤ ਬਾਰੇ ਪਤਾ ਲੱਗਾ। ਚੋਰ ਏ. ਟੀ. ਐੱਮ. ਦੇ ਕਮਰੇ 'ਚ ਲੱਗੇ ਸੀ. ਸੀ. ਟੀ. ਵੀ. ਕੈਮਰੇ ਵੀ ਤੋੜ ਕੇ ਆਪਣੇ ਨਾਲ ਲੈ ਗਏ।
ਬੈਂਕ ਪ੍ਰਬੰਧਕਾਂ ਨੇ ਕਿਹਾ, 'ਕੈਸ਼ ਸੁਰੱਖਿਅਤ'
ਦੱਸਣਯੋਗ ਹੈ ਕਿ ਸੈਂਟਰਲ ਜੇਲ ਤੋਂ ਲੈ ਕੇ ਜ਼ਿਲਾ ਪ੍ਰਬੰਧਕੀ ਕੰਪਲੈਕਸ ਤੱਕ ਕਈ ਏ. ਟੀ. ਐੱਮ. ਹਨ। ਅੱਜ ਸਵੇਰੇ ਜਦੋਂ ਗਾਰਡ ਮੌਕੇ 'ਤੇ ਆਇਆ ਤਾਂ ਦੇਖਿਆ ਕਿ ਕਿਸੇ ਨੇ ਏ. ਟੀ. ਐੱਮ. ਨੂੰ ਤੋੜਨ ਦੀ ਕੋਸ਼ਿਸ਼ ਕੀਤੀ ਹੈ। ਗਾਰਡ ਨੇ ਆਪਣੇ ਅਧਿਕਾਰੀਆਂ ਅਤੇ ਪੁਲਸ ਨੂੰ ਇਸ ਦੀ ਸੂਚਨਾ ਦਿੱਤੀ। ਸੂਚਨਾ ਮਿਲਦੇ ਹੀ ਡੀ. ਐੱਸ. ਪੀ. ਸਿਟੀ ਅਨਿਲ ਕੋਹਲੀ ਅਤੇ ਐੱਸ.ਐੱਚ.ਓ. ਗੋਬਿੰਦਰ ਕੁਮਾਰ ਬੰਟੀ ਮੌਕੇ 'ਤੇ ਪਹੁੰਚੇ ਅਤੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ। ਮੌਕੇ 'ਤੇ ਪਹੁੰਚੇ ਬੈਂਕ ਅਧਿਕਾਰੀ ਨੇ ਪੁਲਸ ਅਧਿਕਾਰੀਆਂ ਨੂੰ ਦੱਸਿਆ ਕਿ ਏ. ਟੀ. ਐੱਮ. 'ਚ ਕੈਸ਼ ਪੂਰੀ ਤਰ੍ਹਾਂ ਸੁਰੱਖਿਅਤ ਹੈ।
ਕੀ ਕਹਿੰਦੇ ਹਨ ਐੱਸ. ਐੱਚ. ਓ.
ਸਿਟੀ ਐੱਸ. ਐੱਚ. ਓ. ਗੋਬਿੰਦਰ ਕੁਮਾਰ ਬੰਟੀ ਨੇ ਦੱਸਿਆ ਕਿ ਗਾਰਡ ਵੱਲੋਂ ਸੂਚਨਾ ਮਿਲਦੇ ਹੀ ਪੁਲਸ ਨੇ ਮੌਕੇ 'ਤੇ ਪਹੁੰਚ ਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ। ਸੀ. ਸੀ. ਟੀ. ਵੀ. ਕੈਮਰੇ ਨੂੰ ਤੋੜਨ ਕਾਰਨ ਪੁਲਸ ਬੈਂਕ ਅਧਿਕਾਰੀਆਂ ਨਾਲ ਮਿਲ ਕੇ ਮਾਮਲੇ ਦੀ ਜਾਂਚ ਕਰ ਰਹੀ ਹੈ। ਜਲਦ ਦੋਸ਼ੀਆਂ ਨੂੰ ਗ੍ਰਿਫ਼ਤਾਰ ਕਰ ਲਿਆ ਜਾਵੇਗਾ।