ਪ੍ਰਧਾਨ ਮੰਤਰੀ ਜ਼ਿੱਦੀ ਰਵੱਈਆ ਛੱਡ ਕੇ ਕਿਸਾਨਾਂ ਦੀਆਂ ਮੰਗਾਂ ਪੂਰੀਆਂ ਕਰਨ : ਢੀਂਡਸਾ
Wednesday, May 26, 2021 - 12:27 AM (IST)
ਚੰਡੀਗੜ੍ਹ(ਅਸ਼ਵਨੀ)- ਸ਼੍ਰੋਮਣੀ ਅਕਾਲੀ ਦਲ (ਸੰਯੁਕਤ) ਦੇ ਜਥੇਬੰਦਕ ਢਾਂਚੇ ਦਾ ਐਲਾਨ ਜਲਦ ਕੀਤਾ ਜਾਵੇਗਾ। ਇਸ ਸਬੰਧੀ ਸ਼੍ਰੋਮਣੀ ਅਕਾਲੀ ਦਲ (ਸੰਯੁਕਤ) ਦੇ ਸੀਨੀਅਰ ਆਗੂ ਅਤੇ ਆਲ ਇੰਡੀਆ ਸਿੱਖ ਸਟੂਡੈਂਟਸ ਫੈੱਡਰੇਸ਼ਨ ਦੇ ਸਾਬਕਾ ਪ੍ਰਧਾਨ ਕਰਨੈਲ ਸਿੰਘ ਪੀਰ ਮੁਹੰਮਦ ਨੇ ਅੱਜ ਮੀਡੀਆ ਨੂੰ ਇਕ ਪ੍ਰੈੱਸ ਬਿਆਨ ਜਾਰੀ ਕਰਦਿਆਂ ਦੱਸਿਆ ਪਾਰਟੀ ਦੇ ਸਰਪ੍ਰਸਤ ਜਥੇਦਾਰ ਰਣਜੀਤ ਸਿੰਘ ਬ੍ਰਹਮਪੁਰਾ ਅਤੇ ਪਾਰਟੀ ਪ੍ਰਧਾਨ ਸੁਖਦੇਵ ਸਿੰਘ ਢੀਂਡਸਾ ਨੇ ਕਿਹਾ ਹੈ ਕਿ ਇਸ ਬਾਰੇ ਸਹਿਮਤੀ ਬਣ ਚੁੱਕੀ ਹੈ ਅਤੇ ਇਸ ਦਾ ਐਲਾਨ ਇਸ ਹਫ਼ਤੇ ਕਰ ਦਿੱਤਾ ਜਾਵੇਗਾ। ਦੋਵੇਂ ਨੇਤਾਵਾਂ ਨੇ ਕਿਹਾ ਕਿ ਕਿਸਾਨ ਅੰਦੋਲਨ ਦੇ 6 ਮਹੀਨੇ ਪੂਰੇ ਹੋਣ ’ਤੇ ਅਕਾਲੀ ਦਲ ਸੰਯੁਕਤ ਦੀ ਸਮੂਹ ਲੀਡਰਸ਼ਿਪ, ਸਮਰਥਕ ਅਤੇ ਵਰਕਰ (26 ਮਈ) ਬੁੱਧਵਾਰ ਨੂੰ ਆਪਣੇ ਘਰਾਂ ’ਤੇ ਕਾਲੇ ਝੰਡੇ ਲਗਾ ਕੇ ਤਿੰਨੇਂ ‘ਕਾਲੇ ਖੇਤੀ ਕਨੂੰਨਾਂ’ ਦਾ ਵਿਰੋਧ ਕਰਨਗੇ ਅਤੇ ਸੰਯੁਕਤ ਕਿਸਾਨ ਮੋਰਚਾ ਵਲੋਂ ਦਿੱਤੇ ਗਏ ਪ੍ਰੋਗਰਾਮ ਦਾ ਪੁਰਜੋਰ ਸਮਰਥਨ ਕੀਤਾ ਜਾਵੇਗਾ।
ਬ੍ਰਹਮਪੁਰਾ ਤੇ ਢੀਂਡਸਾ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਕਿਹਾ ਕਿ ਉਹ ਆਪਣਾ ਜ਼ਿੱਦੀ ਰਵੱਈਆ ਤਿਆਗਣ ਅਤੇ ਕਿਸਾਨਾਂ ਦੀਆਂ ਜਾਇਜ਼ ਮੰਗਾਂ ਨੂੰ ਪੂਰਾ ਕਰਨ। ਕਰਨੈਲ ਸਿੰਘ ਪੀਰ ਮੁਹੰਮਦ ਨੇ ਕਿਹਾ ਕਿ ਪੰਜਾਬ ਦੀ ਭਲਾਈ ਲਈ ਸ਼੍ਰੋਮਣੀ ਅਕਾਲੀ ਦਲ (ਟਕਸਾਲੀ) ਅਤੇ ਡੈਮੋਕ੍ਰੇਟਿਕ ਨੂੰ ਭੰਗ ਕਰਕੇ ਨਵਾਂ ਸ਼੍ਰੋਮਣੀ ਅਕਾਲੀ ਦਲ (ਸੰਯੁਕਤ) ਦਾ ਗਠਨ ਕੀਤਾ ਗਿਆ ਹੈ ਅਤੇ ਸਾਡੇ ਵਲੋਂ ਸਾਰੇ ਹਮਖਿਆਲ ਸੋਚ ਵਾਲੇ ਲੋਕਾਂ ਅਤੇ ਰਾਜਨੀਤਕ ਪਾਰਟੀਆਂ ਨੂੰ ਨਿੱਘਾ ਸੱਦਾ ਹੈ ਤਾਂ ਜੋ ਸੂਬੇ ਦੀ ਭਲਾਈ ਲਈ ਇਕ ਸਫ਼ਲ ਚੌਥਾ ਫਰੰਟ ਬਣਾਉਣ ਦੀ ਸਾਡੀ ਪੇਸ਼ਕਸ਼ ਸਿਰੇ ਚੜ੍ਹ ਸਕੇ ਅਤੇ ਲੋਕਾਂ ਨੂੰ ਰਵਾਇਤੀ ਪਾਰਟੀਆਂ ਤੋਂ ਨਿਜਾਤ ਦਿਵਾਈ ਜਾ ਸਕੇ।
ਉਨ੍ਹਾਂ ਇਹ ਵੀ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ (ਸੰਯੁਕਤ) ਨੇ 1 ਜੂਨ ਨੂੰ ਪਿੰਡ ਬੁਰਜ ਜਵਾਹਰ ਸਿੰਘ ਵਾਲਾ ਜ਼ਿਲਾ ਫਰੀਦਕੋਟ ਦੇ ਗੁਰਦੁਆਰੇ ਵਿਖੇ ਅਰਦਾਸ ਸਮਾਗਮ ਕਰਵਾਉਣ ਦਾ ਫੈਸਲਾ ਲਿਆ ਹੈ, (ਜਿੱਥੇ 1 ਜੂਨ, 2014 ਨੂੰ ਗ੍ਰੰਥ ਸਾਹਿਬ ਦਾ ਸਰੂਪ ਚੋਰੀ ਕੀਤਾ ਗਿਆ ਸੀ। ਇਸ ਅਰਦਾਸ ਸਮਾਗਮ ਵਿਚ ਪਾਰਟੀ ਦੇ ਸਾਰੇ ਸੀਨੀਅਰ ਆਗੂ ਅਰਦਾਸ ਵਿਚ ਸ਼ਾਮਲ ਹੋਣਗੇ।