ਆਖਰੀ ਸਮੇਂ ’ਚ ਬਦਲਿਆ PM ਮੋਦੀ ਦਾ ਪ੍ਰੋਗਰਾਮ, ਸੂਬਾ ਪੁਲਸ ਦਾ ਨਹੀਂ ਕੋਈ ਦੋਸ਼ : CM ਚੰਨੀ

Thursday, Jan 06, 2022 - 07:33 PM (IST)

ਚੰਡੀਗੜ੍ਹ (ਬਿਊਰੋ)-ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਪੰਜਾਬ ਫੇਰੀ ਦੌਰਾਨ ਸੁਰੱਖਿਆ ’ਚ ਹੋਈ ਕੁਤਾਹੀ ਨੂੰ ਲੈ ਕੇ ਚੱਲ ਰਿਹਾ ਵਿਵਾਦ ਰੁਕਣ ਦਾ ਨਾਂ ਨਹੀਂ ਲੈ ਰਿਹਾ ਹੈ। ਇਸ ਨੂੰ ਲੈ ਕੇ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਸਪੱਸ਼ਟ ਕਰਦਿਆਂ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਰੈਲੀ ਵਾਲੀ ਥਾਂ ’ਤੇ ਜਾਣ ਦਾ ਪ੍ਰੋਗਰਾਮ ਆਖਰੀ ਸਮੇਂ ’ਚ ਬਦਲਿਆ ਗਿਆ, ਇਸ ਲਈ ਸੁਰੱਖਿਆ ’ਚ ਕੁਤਾਹੀ ਲਈ ਸੂਬਾ ਪੁਲਸ ਦਾ ਕੋਈ ਦੋਸ਼ ਨਹੀਂ ਹੈ। ਪ੍ਰਧਾਨ ਮੰਤਰੀ ਦਾ ਸੜਕੀ ਮਾਰਗ ਰਾਹੀਂ ਜਾਣ ਦਾ ਕੋਈ ਪ੍ਰੋਗਰਾਮ ਨਹੀਂ ਸੀ, ਉਨ੍ਹਾਂ ਨੇ ਹਵਾਈ ਮਾਰਗ ਰਾਹੀਂ ਜਾਣਾ ਸੀ। ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਮੋਦੀ ਦੀ ਸੁਰੱਖਿਆ ਨੂੰ ਕੋਈ ਖ਼ਤਰਾ ਨਹੀਂ ਸੀ। ਉਨ੍ਹਾਂ ਕਿਹਾ ਕਿ ਇਹ ਵਿਵਾਦ ਪੈਦਾ ਕਰਕੇ ਭਾਜਪਾ ਦੀ ਰੈਲੀ ਦੀ ਅਸਫ਼ਲਤਾ ਤੋਂ ਧਿਆਨ ਹਟਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਜਿਸ ਰੈਲੀ ’ਚ ਪ੍ਰਧਾਨ ਮੰਤਰੀ ਮੋਦੀ ਨੇ ਪਹੁੰਚਣਾ ਸੀ, ਉਥੇ 70,000 ਕੁਰਸੀਆਂ ਲਾਈਆਂ ਗਈਆਂ ਸਨ, ਜਦਕਿ ਬੰਦੇ ਤਕਰੀਬਨ 700 ਹੀ ਪਹੁੰਚੇ ਸਨ। ਇਸ ਲਈ ਰੈਲੀ ਦੀ ਅਸਫ਼ਲਤਾ ਸਾਹਮਣੇ ਆਉਣ ਤੋਂ  ਪਹਿਲਾਂ ਹੀ ਸੁਰੱਖਿਆ ਨੂੰ ਲੈ ਕੇ ਵਿਵਾਦ ਪੈਦਾ ਕਰ ਦਿੱਤਾ ਗਿਆ ਤਾਂ ਕਿ ਰੈਲੀ ਦੀ ਅਸਫਲਤਾ ਵੱਲ ਲੋਕਾਂ ਦਾ ਧਿਆਨ ਨਾ ਜਾਵੇ। ਉਨ੍ਹਾਂ ਕਿਹਾ ਕਿ ਰੈਲੀ ਦੀ ਨਾਕਾਮੀ ਤੋਂ ਧਿਆਨ ਹਟਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।

ਇਹ ਵੀ ਪੜ੍ਹੋ : PM ਦੀ ਸੁਰੱਖਿਆ ’ਚ ਕੁਤਾਹੀ ’ਤੇ ਬੋਲੇ ਸੁਖਬੀਰ ਬਾਦਲ, ਕਿਹਾ-DGP ਨੂੰ ਕੀਤੇ ਜਾਵੇ ਬਰਖਾਸਤ

ਮੁੱਖ ਮੰਤਰੀ ਚੰਨੀ ਨੇ ਕਿਹਾ ਕਿ ਉਨ੍ਹਾਂ ਨੇ ਪ੍ਰਧਾਨ ਮੰਤਰੀ ਨੂੰ ਪਹਿਲਾਂ ਹੀ ਦੱਸ ਦਿੱਤਾ ਸੀ ਕਿ ਇਕ ਤਾਂ ਮੌਸਮ ਖ਼ਰਾਬ ਹੈ ਤੇ ਦੂਜਾ ਕਿਸਾਨਾਂ ਵੱਲੋਂ ਵਿਰੋਧ ਪ੍ਰਦਰਸ਼ਨ ਦਾ ਪ੍ਰੋਗਰਾਮ ਉਲੀਕਿਆ ਗਿਆ ਹੈ। ਉਨ੍ਹਾਂ ਕਿਹਾ ਸੀ ਕਿ ਪੰਜਾਬ ਦੌਰੇ ਦਾ ਦਿਨ ਬਦਲ ਕੇ ਹੋਰ ਦਿਨ ਕੀਤਾ ਜਾਵੇ। ਪ੍ਰਧਾਨ ਮੰਤਰੀ ਆਫਿਸ ਨੇ ਇਕ ਇਕ ਮਿੰਟ ਦਾ ਪ੍ਰਧਾਨ ਮੰਤਰੀ ਦਾ ਪ੍ਰੋਗਰਾਮ ਲਿਖ ਕੇ ਭੇਜਿਆ ਸੀ ਪਰ ਉਸ ਵਿਚ ਸੜਕੀ ਮਾਰਗ ਰਾਹੀਂ ਜਾਣ ਦਾ ਕੋਈ ਪ੍ਰੋਗਰਾਮ ਤੈਅ ਨਹੀਂ ਸੀ। ਉਨ੍ਹਾਂ ਕਿਹਾ ਕਿ ਆਖਰੀ ਸਮੇਂ ’ਚ ਪੀ. ਐੱਮ. ਦੇ ਪ੍ਰੋਗਰਾਮ ’ਚ ਬਦਲਾਅ ਹੋਇਆ। ਪ੍ਰਧਾਨ ਮੰਤਰੀ ਨੇ ਹੈਲੀਕਾਪਟਰ ਰਾਹੀਂ ਜਾਣਾ ਸੀ ਪਰ ਅਚਾਨਕ ਸੜਕੀ ਮਾਰਗ ਜਾਣ ਦਾ ਫੈਸਲਾ ਕੀਤਾ ਗਿਆ। ਇਸ ’ਚ ਸੂਬਾ ਪੁਲਸ ਦਾ ਕੋਈ ਦੋਸ਼ ਨਹੀਂ ਹੈ। ਉਨ੍ਹਾਂ ਕਿਹਾ ਕਿ ਪ੍ਰਦਰਸ਼ਨਕਾਰੀ ਜਿਸ ਜਗ੍ਹਾ ਰਸਤਾ ਰੋਕ ਕੇ ਬੈਠੇ ਸਨ, ਉਥੋਂ ਇਕ ਕਿਲੋਮੀਟਰ ਪਹਿਲਾਂ ਹੀ ਪ੍ਰਧਾਨ ਮੰਤਰੀ ਦਾ ਕਾਫ਼ਿਲਾ ਰੋਕ ਦਿੱਤਾ ਗਿਆ ਸੀ ਤਾਂ ਇਸ ’ਚ ਕਿਹੋ ਜਿਹਾ ਖ਼ਤਰਾ।

ਇਹ ਵੀ ਪੜ੍ਹੋ : ਮਾਨਸਾ ਦੇ ਪਿੰਡ ਮੂਸਾ ’ਚ ਵੱਡੀ ਵਾਰਦਾਤ, ਮਾਂ-ਪੁੱਤ ਦਾ ਬੇਰਹਿਮੀ ਨਾਲ ਕਤਲ, ਧੜ ਨਾਲੋਂ ਵੱਖ ਕੀਤਾ ਮਾਂ ਦਾ ਸਿਰ

ਮੁੱਖ ਮੰਤਰੀ ਚੰਨੀ ਨੇ ਕਿਹਾ ਕਿ ਇਸ ਨੂੰ ਕੇਂਦਰੀ ਏਜੰਸੀਆਂ ਦੀ ਅਸਫਲਤਾ ਕਿਹਾ ਜਾ ਸਕਦਾ ਹੈ। ਇਹ ਕੇਂਦਰੀ ਏਜੰਸੀਆਂ ਇੰਟੈਲੀਜੈਂਸ ਤੇ ਐੱਸ. ਪੀ. ਜੀ. ਦੀ ਅਸਫਲਤਾ ਹੈ। ਉਂਝ ਵੀ ਜਿਹੜੇ ਇਲਾਕੇ ’ਚ ਪੀ. ਐੱਮ. ਨੇ ਆਉਣਾ ਸੀ, ਉਹ ਬੀ. ਐੱਸ. ਐੱਫ. ਦੇ ਅਧਿਕਾਰ ਖੇਤਰ ’ਚ ਆਉਂਦਾ ਹੈ, ਇਸ ਲਈ ਸੂਬੇ ਦੀ ਪੁਲਸ ਜ਼ਿੰਮੇਵਾਰ ਨਹੀਂ ਹੈ। ਉਨ੍ਹਾਂ ਨੇ ਕਿਹਾ ਕਿ ਅਸੀਂ ਪ੍ਰਧਾਨ ਮੰਤਰੀ ਦਾ ਪੂਰਾ ਸਨਮਾਨ ਕਰਦੇ ਹਾਂ ਪਰ ਸਾਨੂੰ ਅਫਸੋਸ ਹੈ ਕਿ ਉਨ੍ਹਾਂ ਨੂੰ ਵਾਪਸ ਜਾਣਾ ਪਿਆ ਪਰ ਮੈਂ ਇਹ ਦੱਸਣਾ ਚਾਹੁੰਦਾ ਹਾਂ ਕਿ ਮੈਨੂੰ ਪੂਰੀ ਜਾਣਕਾਰੀ ਸੀ ਕਿ ਪ੍ਰਧਾਨ ਮੰਤਰੀ ਮੋਦੀ ਆਉਣ ਵਾਲੇ ਹਨ ਤੇ ਸੁਰੱਖਿਆ ਦੇ ਸਖ਼ਤ ਇੰਤਜ਼ਾਮ ਸਨ। ਮੈਂ ਉਨ੍ਹਾਂ ਦਾ ਸਵਾਗਤ ਕਰਨ ਜਾਣਾ ਸੀ ਪਰ ਕੋਰੋਨਾ ਪੀੜਤ ਦੇ ਸੰਪਰਕ ਵਿਚ ਆਉਣ ਕਾਰਨ ਨਹੀਂ ਜਾ ਸਕਿਆ ਪਰ ਸਾਡੇ ਮੰਤਰੀ ਉਨ੍ਹਾਂ ਦੇ ਸਵਾਗਤ ਲਈ ਮੌਜੂਦ ਸਨ। ਜ਼ਿਕਰਯੋਗ ਹੈ ਕਿ ਬੁੱਧਵਾਰ ਨੂੰ ਪੰਜਾਬ ਦੇ ਫਿਰੋਜ਼ਪੁਰ ’ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਰੈਲੀ ਕਿਸਾਨ ਜਥੇਬੰਦੀਆਂ ਦੇ ਵਿਰੋਧ ਕਾਰਨ ਰੱਦ ਕਰ ਦਿੱਤੀ ਗਈ ਸੀ। ਇਸ ਦੇ ਨਾਲ ਹੀ ਪੀ. ਐੱਮ. ਮੋਦੀ ਦੇ ਕਾਫਿਲੇ ਨੂੰ ਫਲਾਈਓਵਰ ’ਤੇ 20 ਮਿੰਟ ਤੋਂ ਜ਼ਿਆਦਾ ਰੁਕਣਾ ਪਿਆ।

ਨੋਟ-ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰ ਕੇ ਦੱਸੋ


Manoj

Content Editor

Related News