PM ਮੋਦੀ ਨੇ ਸਾਹਿਬਜ਼ਾਦਿਆਂ ਦੀ ਪ੍ਰੇਰਨਾ ਨੂੰ ਦੇਸ਼ ਦੇ ਕੋਨੇ-ਕੋਨੇ ’ਚ ਪਹੁੰਚਾਇਆ : ਪ੍ਰੋ. ਸਰਚਾਂਦ ਸਿੰਘ, ਔਲਖ

12/27/2022 8:24:40 PM

ਅੰਮ੍ਰਿਤਸਰ (ਬਿਊਰੋ) : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਛੋਟੇ ਸਾਹਿਬਜ਼ਾਦੇ ਬਾਬਾ ਜ਼ੋਰਾਵਰ ਸਿੰਘ ਜੀ ਤੇ ਬਾਬਾ ਫ਼ਤਿਹ ਸਿੰਘ ਜੀ ਦੀ ਸ਼ਹਾਦਤ ਨੂੰ ਸਮਰਪਿਤ 'ਵੀਰ ਬਾਲ ਦਿਵਸ' ਪ੍ਰੋਗਰਾਮ ਨੂੰ ਵੱਡੇ ਪੱਧਰ ’ਤੇ ਮਨਾਉਂਦਿਆਂ ਸਿੱਖ ਪਰੰਪਰਾ ਅਤੇ ਯੋਗਦਾਨ ਨੂੰ ਦੇਸ਼ ਵਿਦੇਸ਼ ਦੇ ਲੋਕਾਂ ਨੂੰ ਦ੍ਰਿਸ਼ਟੀਗੋਚਰ ਕਰਨ ਲਈ ਵਧਾਈ ਦੇ ਪਾਤਰ ਹਨ। ਭਾਜਪਾ ਦੇ ਸਿੱਖ ਆਗੂ ਪ੍ਰੋ. ਸਰਚਾਂਦ ਸਿੰਘ ਖ਼ਿਆਲਾ ਅਤੇ ਜ਼ਿਲ੍ਹਾ ਅੰਮ੍ਰਿਤਸਰ ਦੇ ਸਾਬਕਾ ਪ੍ਰਧਾਨ ਹਰਦਿਆਲ ਸਿੰਘ ਔਲਖ ਨੇ ਮੀਟਿੰਗ ਉਪਰੰਤ ਕਿਹਾ ਕਿ ਸਿੱਖ ਗੁਰੂ ਸਾਹਿਬਾਨ ਅਤੇ ਪੰਥ ਦੀਆਂ ਵੱਡੀਆਂ ਘਾਲਣਾਵਾਂ ਤੇ ਸ਼ਹਾਦਤਾਂ ਦੇ ਗੌਰਵਮਈ ਇਤਿਹਾਸ ਨੂੰ ਜਾਣੂ ਕਰਾਉਣ ਪ੍ਰਤੀ ਮੋਦੀ ਹਕੂਮਤ ਤੋਂ ਪਹਿਲਾਂ ਕਿਸੇ ਨੇ ਵੀ ਅਜਿਹੀ ਕੋਸ਼ਿਸ਼ ਨਹੀਂ ਕੀਤੀ। ਉਨ੍ਹਾਂ ਕਿਹਾ ਕਿ ਸਾਹਿਬਜ਼ਾਦਿਆਂ ਦੀਆਂ ਲਾਸਾਨੀ ਸ਼ਹਾਦਤਾਂ ਧਰਮ ਦੇ ਅਸੂਲਾਂ ’ਤੇ ਖੜ੍ਹੇ ਰਹਿਣ ਲਈ ਸਦੀਵੀ ਪ੍ਰੇਰਨਾਸਰੋਤ ਹਨ। ਪ੍ਰਧਾਨ ਮੰਤਰੀ ਮੋਦੀ ਵੱਲੋਂ ਸਾਹਿਬਜ਼ਾਦਿਆਂ ਦੀ ਸ਼ਹਾਦਤ ਦੀ ਗਾਥਾ ਨੂੰ ਦੇਸ਼ ਦੇ ਕੋਨੇ-ਕੋਨੇ ਤੱਕ ਪਹੁੰਚਾਉਣ ਲਈ ਕੀਤੇ ਜਾ ਰਹੇ ਉਪਰਾਲਿਆਂ ਨਾਲ ਸਿੱਖੀ ਬੋਲਬਾਲੇ ਨੂੰ ਵੱਡੀ ਪਛਾਣ ਮਿਲੀ ਹੈ।

ਉਨ੍ਹਾਂ ਦੱਸਿਆ ਕਿ ਸਿੱਖ ਸਮਾਜ ਲਈ ਇਹ ਵੱਡੀ ਮਾਣ ਵਾਲੀ ਗੱਲ ਹੈ ਕਿ ਹੁਣ ਸਰਕਾਰ ਵੱਲੋਂ ਸਰਕਾਰੀ ਪੱਧਰ ’ਤੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਦਾ ਦਿਨ ਸਕੂਲਾਂ ’ਚ ਵੱਖ-ਵੱਖ ਢੰਗ-ਤਰੀਕਿਆਂ ਨਾਲ ਹਰ ਸਾਲ ਮਨਾਉਂਦਿਆਂ ਦੇਸ਼ ਦੇ ਕੋਨੇ-ਕੋਨੇ ’ਚ ਬੱਚਿਆਂ ਨੂੰ ਸਾਹਿਬਜ਼ਾਦਿਆਂ ਦੀਆਂ ਕੁਰਬਾਨੀਆਂ ਸਬੰਧੀ ਜਾਣੂ ਕਰਵਾਇਆ ਜਾਵੇਗਾ। ਪ੍ਰੋ. ਸਰਚਾਂਦ ਸਿੰਘ ਨੇ ’ਵੀਰ ਬਾਲ ਦਿਵਸ’ ’ਤੇ ਕਿੰਤੂ ਪ੍ਰੰਤੂ ਕਰਨ ਵਾਲਿਆਂ ਨੂੰ ਆੜੇ ਹੱਥੀਂ ਲਿਆ ਅਤੇ ਕਿਹਾ ਕਿ ਛੋਟੇ ਸਾਹਿਬਜ਼ਾਦਿਆਂ ਦੀ ਸ਼ਹਾਦਤ ’ਤੇ ਸੌੜੀ ਰਾਜਨੀਤੀ ਮੰਦਭਾਗੀ ਹੈ। ਸਰਕਾਰੀ ਪ੍ਰੋਗਰਾਮ ’ਚ ਕੋਈ ਕਮੀ ਰਹਿ ਗਈ ਹੋਵੇ ਤਾਂ ਵੀ ਉਸ ਨੂੰ ਅੱਖੋਂ ਪਰੋਖੇ ਕਰ ਦਿੱਤਾ ਜਾਣਾ ਚਾਹੀਦਾ। ਉਨ੍ਹਾਂ ਕਿਹਾ ਕਿ ਜੋ ਵੀ ਵਿਅਕਤੀ ਪੰਥ ਲਈ ਚੰਗਾ ਕਾਰਜ ਕਰਦਾ ਹੈ, ਉਸ ਦੀ ਹੌਸਲਾ ਅਫ਼ਜ਼ਾਈ ਅਤੇ ਸ਼ਲਾਘਾ ਹੋਣੀ ਚਾਹੀਦੀ ਹੈ, ਨਾ ਕਿ ਉਸ ਬਾਰੇ ਨੁਕਤਾਚੀਨੀ ਕਰਦਿਆਂ ਨਾਸ਼ੁਕਰਾ ਹੋਇਆ ਜਾਣਾ ਚਾਹੀਦਾ ਹੈ। ਉਨ੍ਹਾਂ ਇਤਰਾਜ਼ ਕਰਨ ਵਾਲਿਆਂ ਨੂੰ ਅੰਤਰ ਝਾਤ ਮਾਰਨ ਦੀ ਲੋੜ ’ਤੇ ਜੋ ਦਿੰਦਿਆਂ ਕਿਹਾ ਕਿ ਅਕਾਲੀ ਸੰਸਦ ਮੈਂਬਰ ਪ੍ਰੇਮ ਸਿੰਘ ਚੰਦੂਮਾਜਰਾ ਵੱਲੋਂ 27 ਦਸੰਬਰ 2017 ਅਤੇ ਫਿਰ 2018 ਦੌਰਾਨ ਦਿੱਲੀ ਵਿਖੇ ਦਿੱਲੀ ਗੁਰਦੁਆਰਾ ਕਮੇਟੀ ਦੇ ਸਮਾਗਮ ਦੌਰਾਨ ਬਾਲ ਦਿਵਸ ਨੂੰ ਛੋਟੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਨੂੰ ਸਮਰਪਿਤ ਕਰਨ ਦੀ ਅਕਾਲੀਆਂ ਨੇ ਹੀ ਮੰਗ ਉਠਾਈ ਸੀ। ਇਸ ਮੌਕੇ ਉਨ੍ਹਾਂ ਨਾਲ ਗਗਨਦੀਪ ਸਿੰਘ ਏ. ਆਰ., ਸੁਰਜੀਤ ਸਿੰਘ ਬਾਲੀਆ, ਸੰਦੀਪ ਕੁਮਾਰ ਸਰਪਾਲ, ਕੁਲਦੀਪ ਸਿੰਘ ਪ੍ਰਧਾਨ ਐੱਸ. ਸੀ. ਮੋਰਚਾ, ਕੁਲਦੀਪ ਸਿੰਘ ਚਵਿੰਡਾ, ਗੁਰਪਾਲ ਸਿੰਘ ਅਜਨਾਲਾ, ਬੀਬੀ ਜਗਦੀਸ਼ ਕੌਰ ਮਹਿਲਾ ਮੋਰਚਾ ਆਦਿ ਮੌਜੂਦ ਸਨ।
 


Manoj

Content Editor

Related News