ਨਸ਼ਿਆਂ ਨੂੰ ਰੋਕਣ ਲਈ ਪੁਲਸ ਅਫ਼ਸਰਾਂ ਦੀ ਜਵਾਬਦੇਹੀ ਦੇ ਹੁਕਮਾਂ ਨੂੰ PM ਮਾਨ ਅਮਲੀਜਾਮਾ ਪਹਿਨਾਉਣ : ਸਿੱਧੂ

Friday, May 13, 2022 - 10:48 PM (IST)

ਨਸ਼ਿਆਂ ਨੂੰ ਰੋਕਣ ਲਈ ਪੁਲਸ ਅਫ਼ਸਰਾਂ ਦੀ ਜਵਾਬਦੇਹੀ ਦੇ ਹੁਕਮਾਂ ਨੂੰ PM ਮਾਨ ਅਮਲੀਜਾਮਾ ਪਹਿਨਾਉਣ : ਸਿੱਧੂ

ਮਜੀਠਾ (ਸਰਬਜੀਤ ਵਡਾਲਾ)-ਮਜੀਠਾ ਵਿਖੇ ਨਸ਼ੇ ਦੀ ਓਵਰਡੋਜ਼ ਨਾਲ ਮਰਨ ਵਾਲੇ ਨੌਜਵਾਨ ਸਿਮਰਨਜੀਤ ਸਿੰਘ (22) ਪੁੱਤਰ ਜਸਬੀਰ ਸਿੰਘ ਦੇ ਪਰਿਵਾਰ ਨਾਲ ਦੁੱਖ ਸਾਂਝਾ ਕਰਨ ਲਈ ਪਹੁੰਚੇ ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੇ ਕਿਹਾ ਕਿ ਪੁਲਸ, ਨਸ਼ਾ ਸਮੱਗਲਰਾਂ ਅਤੇ ਸਿਆਸਤਦਾਨਾਂ ਦੇ ਆਪਸੀ ਗੱਠਜੋੜ ਨੂੰ ਤੋੜਨ ਨਾਲ ਹੀ ਨਸ਼ਿਆਂ ਦਾ ਖਾਤਮਾ ਹੋ ਸਕਦਾ ਹੈ। ਪਿਛਲੀਆਂ ਦੋਵੇਂ ਸਰਕਾਰਾਂ ਇਸ ਤਾਲਮੇਲ ਨੂੰ ਤੋੜਨ ’ਚ ਅਸਫ਼ਲ ਰਹੀਆਂ ਸਨ, ਜਿਸ ਕਰਕੇ ਪੰਜਾਬ ’ਚ ਨਸ਼ਾ ਖ਼ਤਮ ਨਹੀਂ ਹੋ ਸਕਿਆ। ਜੇਕਰ ਹੁਣ ਸੱਤਾ ’ਤੇ ਕਾਬਜ਼ ਆਮ ਆਦਮੀ ਪਾਰਟੀ ਦੀ ਸਰਕਾਰ ਪੰਜਾਬ ’ਚੋਂ ਨਸ਼ਿਆਂ ਨੂੰ ਖਤਮ ਕਰਨ ਲਈ ਗੰਭੀਰ ਹੈ ਤਾਂ ਉਕਤ ਤਾਲਮੇਲ ਨੂੰ ਤੋੜਨਾ ਹੋਵੇਗਾ।

ਇਹ ਵੀ ਪੜ੍ਹੋ : ਪੰਜਾਬ ਸਰਕਾਰ ਦਾ ਵੱਡਾ ਫ਼ੈਸਲਾ, ਹੁਣ ਸਕੂਲਾਂ ’ਚ 15 ਮਈ ਤੋਂ ਨਹੀਂ ਹੋਣਗੀਆਂ ਗਰਮੀਆਂ ਦੀਆਂ ਛੁੱਟੀਆਂ

ਸਿੱਧੂ ਨੇ ਅੱਗੇ ਕਿਹਾ ਕਿ ਮੌਜੂਦਾ ਸਰਕਾਰ ਦੇ 60 ਦਿਨਾਂ ਦੇ ਕਾਰਜਕਾਲ ਦੌਰਾਨ ਪੰਜਾਬ ’ਚ ਤਕਰੀਬਨ 60 ਮੌਤਾਂ ਹੋ ਚੁੱਕੀਆਂ ਹਨ, ਜੋ ਚਿੰਤਾ ਦਾ ਵਿਸ਼ਾ ਹੈ। ਸਿੱਧੂ ਨੇ ਪੰਜਾਬ ’ਚ ਨਸ਼ਿਆਂ ਨਾਲ ਹੋ ਰਹੀਆਂ ਲਗਾਤਾਰ ਮੌਤਾਂ ’ਤੇ ਚਿੰਤਾ ਜ਼ਾਹਿਰ ਕਰਦਿਆਂ ਕਿਹਾ ਕਿ ਉਹ ਪੂਰੀ ਤਰ੍ਹਾਂ ਇਸ ਮਾਮਲੇ ਦੀ ਘੋਖ ਕਰ ਰਹੇ ਹਨ ਅਤੇ ਨਸ਼ਿਆਂ ਨਾਲ ਮਰਨ ਵਾਲੇ ਵਿਅਕਤੀਆਂ ਦੇ ਘਰਾਂ ਵਿੱਚ ਜਾ ਕੇ ਸਾਰੇ ਮਾਮਲੇ ਦੀ ਜਾਣਕਾਰੀ ਲੈ ਰਹੇ ਹਨ ਅਤੇ ਆਉਂਦੇ ਦਿਨਾਂ ’ਚ ਉਹ ਇਸ ਸਬੰਧੀ ਕੋਈ ਅਹਿਮ ਖੁਲਾਸਾ ਕਰਨਗੇ। ਸਿੱਧੂ ਨੇ ਸ਼੍ਰੀਲੰਕਾ ਅਤੇ ਥਾਈਲੈਂਡ ਵਰਗੇ ਦੇਸ਼ਾਂ ਦੀ ਉਦਾਹਰਣ ਦਿੰਦੇ ਹੋਏ ਕਿਹਾ ਕਿ ਇਨ੍ਹਾਂ ਦੇਸ਼ਾਂ ’ਚ ਨਸ਼ਿਆਂ ਵਿਰੁੱਧ ਬਣੇ ਕਾਨੂੰਨ ਦੀ ਸਖਤੀ ਨਾਲ ਪਾਲਣਾ ਕੀਤੀ ਜਾਂਦੀ ਹੈ, ਜਿਸ ਕਰਕੇ ਇਨ੍ਹਾਂ ਦੇਸ਼ਾਂ ’ਚ ਨਸ਼ਾ ਤਸਕਰਾਂ ਨੂੰ ਸਖਤ ਸਜ਼ਾਵਾਂ ਹੁੰਦੀਆਂ ਹਨ ਅਤੇ ਅੱਗੇ ਤੋਂ ਹੋਰ ਕੋਈ ਵਿਅਕਤੀ ਅਜਿਹਾ ਕੰਮ ਕਰਨ ਦੀ ਜੁਰਅਤ ਤੱਕ ਨਹੀਂ ਕਰਦਾ।

ਇਹ ਵੀ ਪੜ੍ਹੋ : ਅਮਰੀਕਾ ਤੋਂ ਆਈ ਮੰਦਭਾਗੀ ਖ਼ਬਰ, ਪੰਜਾਬੀ ਨੌਜਵਾਨ ਦੀ ਭੇਤਭਰੇ ਹਾਲਾਤ ’ਚ ਹੋਈ ਮੌਤ

ਇਸ ਮੌਕੇ ਮਜੀਠਾ ਦੇ ਕੁਝ ਲੋਕਾਂ ਨੇ ਸਿੱਧੂ ਨੂੰ ਮਜੀਠਾ ਅੰਦਰ ਸ਼ਰੇਆਮ ਵਿਕ ਰਹੇ ਨਸ਼ੇ ਦੀ ਲਪੇਟ ਵਿਚ ਆ ਰਹੇ ਨੌਜਵਾਨਾਂ ਨੂੰ ਬਚਾਉਣ ਦੀ ਗੁਹਾਰ ਲਗਾਈ, ਜਿਨ੍ਹਾਂ ਨੂੰ ਸਿੱਧੂ ਵੱਲੋਂ ਵਿਸ਼ਵਾਸ ਦਿਵਾਇਆ ਗਿਆ ਕਿ ਇਸ ਮਸਲੇ ਨੂੰ ਮੈਂ ਉਪਰ ਤੱਕ ਲੈ ਕੇ ਜਾਵਾਂਗਾ। ਇਸ ਮੌਕੇ ਉਕਤ ਤੋਂ ਇਲਾਵਾ ਸਾਬਕਾ ਵਿਧਾਇਕ ਨਵਤੇਜ ਸਿੰਘ ਚੀਮਾ, ਜਗਵਿੰਦਰਪਾਲ ਸਿੰਘ ਜੱਗਾ ਮਜੀਠਾ, ਆਕਾਸ਼ਦੀਪ ਸਿੰਘ ਮਜੀਠਾ, ਕੌਂਸਲਰ ਨਵਦੀਪ ਸਿੰਘ ਸੋਨਾ, ਬਚਿੱਤਰ ਸਿੰਘ ਲਾਲੀ ਢਿੰਗਨੰਗਲ, ਦਿਲਬਾਗ ਸਿੰਘ ਗੋਲਣ, ਜੈਪਾਲ ਮਹਾਜਨ, ਨੀਰਜ ਸ਼ਰਮਾ, ਪੱਪੀ ਭੱਲਾ ਆਦਿ ਤੋਂ ਇਲਾਵਾ ਬਹੁਤ ਸਾਰੇ ਕਾਂਗਰਸੀ ਆਗੂ ਤੇ ਵਰਕਰ ਹਾਜ਼ਰ ਸਨ।


author

Manoj

Content Editor

Related News