ਐੱਨ. ਆਰ. ਆਈ. ਔਰਤ ਨੂੰ ਐੱਫ. ਆਈ. ਆਰ. ਦਰਜ ਕਰਵਾਉਣ ''ਚ ਲੱਗੇ 11 ਸਾਲ

Wednesday, Sep 13, 2017 - 10:56 AM (IST)


ਲੁਧਿਆਣਾ (ਰਿਸ਼ੀ) - ਐੱਨ. ਆਰ. ਆਈ. ਔਰਤ ਨੂੰ ਘਰ ਵਿਚ ਵੜ ਕੇ ਗੰਨ ਪੁਆਇੰਟ 'ਤੇ ਲੁੱਟਣ ਅਤੇ ਛੇੜਛਾੜ ਦੇ ਦੋਸ਼ ਵਿਚ ਕੇਸ ਦਰਜ ਕਰਵਾਉਣ ਲਈ 11 ਸਾਲ ਪੁਲਸ ਸਟੇਸ਼ਨ ਦੇ ਚੱਕਰ ਕੱਟਣੇ ਪਏ। ਸਾਲ 2015 ਵਿਚ ਐੱਨ. ਆਰ. ਆਈ. ਪੁਲਸ ਸਟੇਸ਼ਨ ਦੀ ਪੁਲਸ ਨੇ ਕੇਸ ਤਾਂ ਦਰਜ ਕਰ ਲਿਆ ਪਰ ਹੁਣ 2 ਸਾਲ ਦਾ ਸਮਾਂ ਗੁਜ਼ਰ ਜਾਣ 'ਤੇ ਕਿਸੇ ਵੀ ਦੋਸ਼ੀ ਨੂੰ ਗ੍ਰਿਫਤਾਰ ਨਹੀਂ ਕੀਤਾ ਅਤੇ ਨਿਆਂ ਲਈ ਐੱਨ. ਆਰ. ਆਈ. ਔਰਤ ਇੱਧਰ-ਉਧਰ ਭਟਕ ਰਹੀ ਹੈ।

ਪੱਤਰਕਾਰ ਸਮਾਗਮ ਦੌਰਾਨ ਜਾਣਕਾਰੀ ਦਿੰਦੇ ਹੋਏ ਜੋਗਿੰਦਰ ਕੌਰ ਸੰਧੂ ਨੇ ਦੱਸਿਆ ਕਿ ਉਹ 1972 ਤੋਂ ਫਰਾਂਸ ਵਿਚ ਰਹਿ ਰਹੀ ਹੈ। ਸਾਲ 2000 ਵਿਚ ਉਨ੍ਹਾਂ ਨੇ ਪੰਜਾਬ ਮਾਤਾ ਨਗਰ ਵਿਚ 253 ਵਰਗ ਗਜ਼ ਦਾ ਇਕ ਪਲਾਟ ਲਿਆ ਸੀ, ਜਿਥੇ 2002 ਵਿਚ ਦੋ ਮੰਜ਼ਿਲਾ ਮਕਾਨ ਬਣਾ ਲਿਆ। ਅਕਤੂਬਰ 2004 ਵਿਚ ਉਹ ਭਾਰਤ ਆਈ ਸੀ। 13 ਦਸੰਬਰ 2004 ਦੀ ਸਵੇਰ ਨੂੰ ਉਹ ਆਪਣੇ ਘਰ ਵਿਚ ਮੌਜੂਦ ਸੀ ਤਾਂ 4 ਵਿਅਕਤੀ ਧੱਕੇ ਨਾਲ ਉਸ ਦੇ ਘਰ ਦਾਖਲ ਹੋ ਗਏ। ਆਉਂਦੇ ਹੀ ਉਨ੍ਹਾਂ ਨੇ ਗੰਨ ਪੁਆਇੰਟ 'ਤੇ ਉਸ ਨੂੰ ਧਮਕਾਉਣਾ ਸ਼ੁਰੂ ਕਰ ਦਿੱਤਾ ਅਤੇ ਜ਼ਬਰਦਸਤੀ ਕਮਰੇ ਵਿਚ ਲੈ ਗਏ, ਜਿਥੋਂ ਲੱਖਾਂ ਦੀ ਕੀਮਤ ਦੇ ਸੋਨੇ ਦੇ ਗਹਿਣੇ, 3 ਲੱਖ 42 ਹਜ਼ਾਰ ਦੀ ਨਕਦੀ ਲੈ ਕੇ ਫਰਾਰ ਹੋ ਗਏ। ਜਾਂਦੇ ਸਮੇਂ ਉਸ ਨੂੰ ਕਮਰੇ ਅੰਦਰ ਬੰਦ ਕਰ ਗਏ। ਸਵੇਰੇ 6.30 ਵਜੇ ਨੌਕਰਾਣੀ ਨੇ ਆ ਕੇ ਦਰਵਾਜ਼ਾ ਖੋਲ੍ਹ ਕੇ ਉਸ ਨੂੰ ਬਾਹਰ ਕੱਢਿਆ, ਜਿਸ ਤੋਂ ਬਾਅਦ ਉਨ੍ਹਾਂ ਨੇ ਤੁਰੰਤ ਪੁਲਸ ਕੰਟਰੋਲ ਰੂਮ 'ਤੇ ਫੋਨ ਕੀਤਾ ਤਾਂ ਉਸ ਸਮੇਂ ਦੇ ਥਾਣਾ ਮਾਡਲ ਟਾਊਨ ਅਤੇ ਸੀ. ਆਈ. ਏ. ਦੇ ਮੁਖੀ ਪੁਲਸ ਪਾਰਟੀ ਸਮੇਤ ਘਟਨਾ ਵਾਲੀ ਥਾਂ 'ਤੇ ਪੁੱਜ ਗਏ ਪਰ ਕੇਸ ਦਰਜ ਕਰਵਾਉਣ ਵਿਚ 11 ਸਾਲ ਤੱਕ ਪੁਲਸ ਸਟੇਸ਼ਨ ਦੇ ਚੱਕਰ ਕੱਟਦੀ ਰਹੀ। 27 ਜੂਨ 2015 ਨੂੰ ਪੁਲਸ ਨੇ ਕੇਸ ਤਾਂ ਦਰਜ ਕਰ ਲਿਆ ਪਰ ਉਸ ਨੂੰ ਅੱਜ ਤੱਕ ਭਟਕਣਾ ਪੈ ਰਿਹਾ ਹੈ ਅਤੇ ਪੁਲਸ ਕਿਸੇ ਤਰ੍ਹਾਂ ਦੀ ਕੋਈ ਸੁਣਵਾਈ ਨਹੀਂ ਕਰ ਰਹੀ। ਪੀੜਤਾ ਨੇ ਕਿਹਾ ਕਿ ਪੁਲਸ ਕਮਿਸ਼ਨਰ ਤੋਂ ਲੈ ਕੇ ਡੀ. ਜੀ. ਪੀ. ਤੱਕ ਉਹ ਹਰ ਅਫਸਰ ਤੋਂ ਇਨਸਾਫ ਦੀ ਮੰਗ ਕਰ ਚੁੱਕੀ ਹੈ ਪਰ ਜਾਂਚ ਦੇ ਨਾਂ 'ਤੇ ਉਸ ਨੂੰ ਹਰ ਵਾਰ ਖਾਲੀ ਹੱਥ ਵਾਪਸ ਭੇਜ ਦਿੱਤਾ ਜਾਂਦਾ ਹੈ।

ਪੁਲਸ 'ਤੇ ਲਾਇਆ ਝੂਠੇ ਕੇਸ ਦਰਜ ਕਰਨ ਦਾ ਦੋਸ਼
ਔਰਤ ਨੇ ਪੁਲਸ 'ਤੇ ਦੋਸ਼ ਲਾਉਂਦੇ ਹੋਏ ਕਿਹਾ ਕਿ ਪੁਲਸ ਨੇ ਕੁਝ ਪੈਸਿਆਂ ਦੇ ਲਾਲਚ ਵਿਚ ਆ ਕੇ ਸਾਲ 2004 ਤੋਂ 2008 ਤੱਕ ਉਸ 'ਤੇ ਲਗਭਗ 10 ਝੂਠੇ ਕੇਸ ਦਰਜ ਕਰ ਦਿੱਤੇ ਪਰ ਅਦਾਲਤ ਵਿਚ ਸਾਰੇ ਕੇਸਾਂ ਵਿਚੋਂ ਉਹ ਬਰੀ ਹੋ ਗਈ। ਔਰਤ ਨੇ ਦੱਸਿਆ ਕਿ ਉਸ ਦੇ ਪੰਜਾਬ ਮਾਤਾ ਨਗਰ ਵਿਚ 2 ਘਰ ਹਨ। ਦੋਵਾਂ 'ਤੇ ਇਕ ਫਾਇਨਾਂਸਰ ਨੇ ਕਬਜ਼ਾ ਕਰ ਲਿਆ ਸੀ। ਇਕ ਘਰ ਤਾਂ ਉਹ ਪਹਿਲਾਂ ਅਦਾਲਤ ਦੇ ਹੁਕਮਾਂ 'ਤੇ ਵਾਪਸ ਲੈ ਚੁੱਕੀ ਹੈ, ਜਦੋਂਕਿ ਦੂਜੇ ਘਰ ਦਾ ਅਦਾਲਤ ਵਿਚ ਕੇਸ ਚੱਲ ਰਿਹਾ ਹੈ।

ਫਾਇਨਾਂਸਰ ਦੀ ਪਹੁੰਚ ਅੱਗੇ ਪੁਲਸ ਬੌਣੀ
ਪੀੜਤ ਔਰਤ ਨੇ ਦੱਸਿਆ ਕਿ ਉਸ 'ਤੇ ਸਾਰੇ ਮੁਕੱਦਮੇ ਪੱਖੋਵਾਲ ਰੋਡ ਦੇ ਰਹਿਣ ਵਾਲੇ ਇਕ ਫਾਇਨਾਂਸਰ ਨੇ ਦਰਜ ਕਰਵਾਏ ਹਨ, ਜੋ ਆਪਣੇ-ਆਪ ਨੂੰ ਪੁਲਸ ਅਧਿਕਾਰੀਆਂ ਦਾ ਚਹੇਤਾ ਦੱਸਦਾ ਹੈ। ਉਸ ਦੀ ਉੱਚੀ ਪਹੁੰਚ ਅਤੇ ਪੈਸੇ ਅੱਗੇ ਹੇਠਲੇ ਪੱਧਰ ਦੀ ਪੁਲਸ ਬੌਣੀ ਹੈ। ਉਸ ਨੇ ਰੰਜਿਸ਼ ਕਾਰਨ ਉਸ 'ਤੇ ਪਰਚੇ ਦਰਜ ਕਰਵਾਏ ਸਨ।

ਬੇਟੇ ਨੂੰ ਭਾਰਤ ਬੁਲਾਇਆ ਤਾਂ ਪੁਲਸ ਨੇ ਕਰ ਦਿੱਤੀ ਐੱਫ. ਆਈ. ਆਰ. ਦਰਜ
ਪੀੜਤਾ ਨੇ ਦੱਸਿਆ ਕਿ ਉਸ ਦਾ ਬੇਟਾ ਫਰਾਂਸ ਪੁਲਸ ਵਿਚ ਅਫਸਰ ਹੈ। ਉਸ ਸਮੇਂ ਉਹ ਭਾਰਤ ਆਇਆ ਸੀ। ਬੇਟੇ ਦੇ ਪਹਿਲੀ ਵਾਰ ਭਾਰਤ ਆਉਣ ਕਾਰਨ ਉਸ ਨੇ ਘਰ ਵਿਚ ਧਾਰਮਿਕ ਪ੍ਰੋਗਰਾਮ ਰਖਵਾ ਲਿਆ ਅਤੇ ਬੇਟੇ ਨੂੰ ਲੈਣ ਦਿੱਲੀ ਏਅਰਪੋਰਟ ਚਲੀ ਗਈ ਪਰ ਜਦੋਂ ਉਹ ਵਾਪਸ ਆਈ ਤਾਂ ਪਤਾ ਲੱਗਾ ਕਿ ਪੁਲਸ ਨੇ ਉਨ੍ਹਾਂ 'ਤੇ ਆਪਣੇ ਹੀ ਘਰ 'ਚ ਦਾਖਲ ਹੋਣ ਦੇ ਦੋਸ਼ ਵਿਚ ਪਰਚਾ ਦਰਜ ਦਿੱਤਾ। ਪੀੜਤਾ ਦਾ ਦੋਸ਼ ਹੈ ਕਿ ਘਰ 'ਤੇ ਫਾਇਨਾਂਸਰ ਨੇ ਆਪਣੇ ਕਰਿੰਦਿਆਂ ਰਾਹੀਂ ਕਬਜ਼ਾ ਕਰ ਲਿਆ।


Related News