ਪਲਾਟ ਲੈ ਕੇ ਦੇਣ ਦੇ ਨਾਂ ''ਤੇ ਸਾਢੇ 20 ਲੱਖ ਦੀ ਠੱਗੀ

Wednesday, Dec 27, 2017 - 04:56 AM (IST)

ਪਲਾਟ ਲੈ ਕੇ ਦੇਣ ਦੇ ਨਾਂ ''ਤੇ ਸਾਢੇ 20 ਲੱਖ ਦੀ ਠੱਗੀ

ਬਟਾਲਾ, (ਬੇਰੀ)- ਥਾਣਾ ਸਿਵਲ ਲਾਈਨ ਦੀ ਪੁਲਸ ਵੱਲੋਂ ਪਲਾਟ ਦੇਣ ਦੇ ਨਾਂ 'ਤੇ ਕਰੀਬ ਸਾਢੇ 20 ਲੱਖ ਰੁਪਏ ਦੀ ਠੱਗੀ ਮਾਰਨ ਵਾਲੇ ਕੰਪਨੀ ਦੇ ਮੈਨੇਜਿੰਗ ਡਾਇਰੈਕਟਰ ਅਤੇ ਬ੍ਰਾਂਚ ਮੈਨੇਜਰ ਵਿਰੁੱਧ ਕੇਸ ਦਰਜ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ।  ਏ. ਐੱਸ. ਆਈ. ਸੁਖਦੇਵ ਸਿੰਘ ਨੇ ਦੱਸਿਆ ਕਿ ਇਸ ਸਬੰਧ 'ਚ ਪੁਲਸ ਨੂੰ ਦਰਖਾਸਤ ਵਿਚ ਬਲਬੀਰ ਸਿੰਘ ਪੁੱਤਰ ਅਮਰੀਕ ਸਿੰਘ ਵਾਸੀ ਉਧੋਵਾਲ ਥਾਣਾ ਸਦਰ ਬਟਾਲਾ ਨੇ ਲਿਖਵਾਇਆ ਹੈ ਕਿ ਅਬੋਹਰ ਦੀ ਇਕ ਕੰਪਨੀ ਦੇ ਮੈਨੇਜਿੰਗ ਡਾਇਰੈਕਟਰ ਨੀਰਜ ਠਠਈ ਉਰਫ ਨੀਰਜ ਅਰੋੜਾ ਪੁੱਤਰ ਸਤਪਾਲ ਵਾਸੀ ਅਬੋਹਰ ਅਤੇ ਕੰਪਨੀ ਦੇ ਬ੍ਰਾਂਚ ਮੈਨੇਜਰ ਕਾਦੀਆਂ ਚੁੰਗੀ ਬਟਾਲਾ ਸੁਖਦੇਵ ਸਿੰਘ ਪੁੱਤਰ ਪਿਆਰਾ ਲਾਲ ਵਾਸੀ ਸ਼ਿਵ ਨਗਰ ਕਾਲੋਨੀ ਬਟਾਲਾ ਨੂੰ ਉਨ੍ਹਾਂ ਦੇ ਹੀ ਕਹਿਣ 'ਤੇ ਮੈਂ ਚਾਰ-ਚਾਰ ਕਿਸ਼ਤਾਂ 'ਚ ਪੈਸੇ ਦਿੱਤੇ ਸੀ ਅਤੇ ਪਲਾਟ ਲੈ ਕੇ ਦੇਣ ਲਈ ਕਿਹਾ ਸੀ ਪਰ ਉਕਤ ਦੋਵਾਂ ਵੱਲੋਂ ਮੈਨੂੰ ਨਾ ਤਾਂ ਪਲਾਟ ਦਿੱਤਾ ਗਿਆ ਅਤੇ ਨਾ ਹੀ ਮੇਰੇ 20,43,625 ਰੁਪਏ ਵਾਪਸ ਕੀਤੇ ਹਨ। ਬਲਬੀਰ ਸਿੰਘ ਅਨੁਸਾਰ ਉਕਤ ਦੋਵਾਂ ਨੇ ਮੈਨੂੰ ਧੋਖੇ 'ਚ ਰੱਖਦਿਆਂ ਪਲਾਟ ਦੇਣ ਦੇ ਨਾਂ 'ਤੇ ਮੇਰੇ ਨਾਲ ਲੱਖਾਂ ਦੀ ਧੋਖਾਦੇਹੀ ਕਰਦਿਆਂ ਠੱਗੀ ਮਾਰੀ ਹੈ। ਏ. ਐੱਸ. ਆਈ. ਸੁਖਦੇਵ ਸਿੰਘ ਨੇ ਅੱਗੇ ਦੱਸਿਆ ਕਿ ਉਕਤ ਮਾਮਲੇ ਸਬੰਧੀ ਐੱਸ. ਆਈ. ਚਰਨਜੀਤ ਸਿੰਘ ਐਂਟੀਫਰਾਡ ਸਟਾਫ ਬਟਾਲਾ ਅਤੇ ਐੱਸ. ਪੀ. ਇਨਵੈਸਟੀਗੇਸ਼ਨ ਬਟਾਲਾ ਵੱਲੋਂ ਜਾਂਚ ਪੜਤਾਲ ਕਰਨ ਦੇ ਬਾਅਦ ਐੱਸ. ਐੱਸ. ਪੀ. ਬਟਾਲਾ ਦੇ ਹੁਕਮਾਂ 'ਤੇ ਨੀਰਜ ਅਤੇ ਸੁਖਦੇਵ ਕੁਮਾਰ ਦੇ ਵਿਰੁੱਧ ਧੋਖਾਦੇਹੀ ਕਰਨ ਦੇ ਦੋਸ਼ 'ਚ ਬਣਦੀਆਂ ਧਾਰਾਵਾਂ ਹੇਠ ਥਾਣਾ ਸਿਵਲ ਲਾਈਨ ਵਿਖੇ ਕੇਸ ਦਰਜ ਕਰ ਦਿੱਤਾ ਗਿਆ ਹੈ।  


Related News