ਗਾਹਕ ਨੂੰ ਜ਼ਿੰਦਾ ਸੁੰਡੀਆਂ ਵਾਲਾ ਪਿੱਜ਼ਾ ਪਰੋਸਣ ਵਾਲੇ ਰੈਸਟੋਰੈਂਟ ਖ਼ਿਲਾਫ਼ ਸਿਹਤ ਵਿਭਾਗ ਦੀ ਵੱਡੀ ਕਾਰਵਾਈ

Thursday, Oct 26, 2023 - 06:24 PM (IST)

ਅੰਮ੍ਰਿਤਸਰ (ਦਲਜੀਤ)- ਸਿਹਤ ਵਿਭਾਗ ਨੇ ਰਣਜੀਤ ਐਵੇਨਿਊ ਵਿਖੇ ‘ਆਪਣਾ ਚਾਏ ਵਾਲਾ’ ਰੈਸਟੋਰੈਂਟ ਵਿਚ ਚੈਕਿੰਗ ਕੀਤੀ। ਵਿਭਾਗ ਨੇ ਇਸ ਦੌਰਾਨ ਜਿੱਥੇ ਰੈਸਟੋਰੈਂਟ ਦੀ ਰਸੋਈ ਵਿਚ ਗੰਦਗੀ ਦੀ ਭਰਮਾਰ ਦੇਖੀ, ਉੱਥੇ ਹੀ ਐਕਸਪਾਇਰਡ ਵੇਸਣ ਬਰਾਮਦ ਕੀਤਾ ਗਿਆ। ਵਿਭਾਗ ਵੱਲੋਂ ਪਨੀਰ ਅਤੇ ਚਾਹ ਪੱਤੀ ਦੇ ਸੈਂਪਲ ਲੈ ਕੇ ਟੈਸਟਿੰਗ ਲਈ ਲੈਬੋਰਟਰੀ ਵਿਚ ਭੇਜ ਦਿੱਤੇ ਹਨ ਅਤੇ ਰੈਸਟੋਰੈਂਟ ਦਾ ਚਲਾਨ ਕੀਤਾ ਗਿਆ। ਇਕ ਦਿਨ ਪਹਿਲਾਂ ਇਸੇ ਰੈਸਟੋਰੈਂਟ ਵੱਲੋਂ ਗਾਹਕ ਨੂੰ ਡਿਲੀਵਰ ਕੀਤੇ ਗਏ ਪੀਜ਼ੇ ਵਿਚ ਜ਼ਿੰਦਾ ਸੁੰਡੀਆਂ ਚੱਲਣ ਦੀ ਵੀਡੀਓ ਵਾਇਰਲ ਹੋਈ ਸੀ।

ਸਹਾਇਕ ਕਮਿਸ਼ਨਰ ਫੂਡ ਰਜਿੰਦਰ ਪਾਲ ਨੇ ਦੱਸਿਆ ਕਿ ਰੈਸਟੋਰੈਂਟ ਦੀ ਵੀਡੀਓ ਵਾਇਰਲ ਹੋਈ ਸੀ, ਜਿਸ ਵਿਚ ਦਰਸਾਇਆ ਗਿਆ ਸੀ, ਜੋ ਪਿੱਜ਼ਾ ਰੈਸਟੋਰੈਂਟ ਵੱਲੋਂ ਗਾਹਕ ਨੂੰ ਪਰੋਸਿਆ ਗਿਆ ਹੈ, ਉਸ ਵਿਚ ਜ਼ਿੰਦਾ ਸੁੰਡੀਆਂ ਚੱਲ ਰਹੀਆਂ ਸਨ। ਚੈਕਿੰਗ ਦੌਰਾਨ ਜਦੋਂ ਰੈਸਟੋਰੈਂਟ ਦੀ ਰਸੋਈ ਚੈੱਕ ਕੀਤੀ ਗਈ ਤਾਂ ਉਸ ਵਿਚ ਡਸਟਬੀਨ ਖੁੱਲ੍ਹੇ ਪਏ ਸਨ ਅਤੇ ਜਿਸ ਬੋਰਡ ’ਤੇ ਸਬਜ਼ੀ ਕੱਟੀ ਜਾਂਦੀ ਹੈ, ਉਹ ਵੀ ਸਾਫ ਨਹੀਂ ਸਨ। ਮੈਗੀ ਬਣਾਉਣ ਵਾਲੀ ਜਗ੍ਹਾ ’ਤੇ ਵੀ ਸਾਫ਼-ਸਫ਼ਾਈ ਨਹੀਂ ਸੀ। ਇਸ ਤੋਂ ਇਲਾਵਾ ਚੈਕਿੰਗ ਦੌਰਾਨ ਪਾਇਆ ਗਿਆ ਕਿ ਜੋ ਵੇਸਨ ਖੁੱਲ੍ਹੇ ਪੈਕਟ ਵਿਚ ਪਿਆ ਸੀ, ਉਹ ਐਕਸਪਾਇਰ ਸੀ। ਇਸ ਦੇ ਨਾਲ ਹੀ ਵੇਸਣ ਅਤੇ ਮਖਾਣੇ ਕਬਜ਼ੇ ਵਿਚ ਲੈ ਕੇ ਉਨ੍ਹਾਂ ਨੂੰ ਨਸ਼ਟ ਕਰਵਾ ਦਿੱਤਾ ਗਿਆ ਹੈ। ਇਸ ਦੇ ਨਾਲ ਹੀ ਚਾਹ ਪੱਤੀ ਅਤੇ ਪਨੀਰ ਦਾ ਸੈਂਪਲ ਲੈ ਲਿਆ ਗਿਆ ਹੈ।

ਇਹ ਵੀ ਪੜ੍ਹੋ- ਸਰਕਾਰ ਦਾ ਵੱਡਾ ਕਦਮ, 30 ਨਵੰਬਰ ਤੱਕ ਆਯੁਸ਼ਮਾਨ ਕਾਰਡ ਬਣਾਉਣ ਵਾਲਿਆਂ ਲਈ ਅਹਿਮ ਐਲਾਨ

ਰਜਿੰਦਰ ਪਾਲ ਨੇ ਦੱਸਿਆ ਕਿ ਰੈਸਟੋਰੈਂਟ ਵਿਚ ਮੌਜੂਦ ਸਟਾਫ਼ ਵੱਲੋਂ ਵੀ ਫੂਡ ਸੇਫਟੀ ਅਤੇ ਸਟੈਂਡਰਡ ਐਕਟ ਦੇ ਮਾਪਦੰਡਾਂ ਨੂੰ ਪੂਰਾ ਨਹੀਂ ਕੀਤਾ ਜਾ ਰਿਹਾ ਸੀ। ਸੰਬੰਧਤ ਰੈਸਟੋਰੈਂਟ ਦੇ ਦੋ ਸੈਂਪਲ ਲੈ ਕੇ ਚਲਾਨ ਕੀਤਾ ਗਿਆ ਹੈ ਅਤੇ ਸੈਂਪਲ ਟੈਸਟਿੰਗ ਲਈ ਲੈਬੋਰੇਟਰੀ ਵਿਚ ਭੇਜੇ ਗਏ ਹਨ। ਰਿਪੋਰਟ ਆਉਣ ’ਤੇ ਉਸ ਅਨੁਸਾਰ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਕਈ ਥਾਵਾਂ ਤੋਂ ਸੂਚਨਾ ਮਿਲੀ ਹੈ ਕਿ ਰੈਸਟੋਰੈਂਟਾਂ ਅਤੇ ਹੋਟਲਾਂ ਵਿਚ ਬਣਾਏ ਜਾ ਰਹੇ ਖਾਣੇ ਵਿਚ ਸੁੰਡੀਆਂ ਨਿਕਲ ਰਹੀਆਂ ਹਨ, ਦੇ ਸੰਬੰਧ ਅਦਾਰਿਆਂ ਦੀ ਚੈਕਿੰਗ ਕੀਤੀ ਜਾ ਰਹੀ ਹੈ ਅਤੇ ਉਣਤਾਈਆਂ ਪਾਈਆਂ ਜਾਣ ’ਤੇ ਕਾਰਵਾਈ ਕੀਤੀ ਜਾ ਰਹੀ ਹੈ। ਉਨ੍ਹਾਂ ਹੋਟਲਾਂ ਅਤੇ ਰੈਸਟੋਰੈਂਟਾਂ ਦੇ ਮਾਲਕਾਂ ਨੂੰ ਅਪੀਲ ਕੀਤੀ ਕਿ ਐਕਟ ਅਨੁਸਾਰ ਮਾਪਦੰਡ ਨੂੰ ਅਪਣਾਉਣ ਅਤੇ ਗਾਹਕਾਂ ਨੂੰ ਸਾਫ਼-ਸੁਥਰਾ ਸਾਮਾਨ ਉਪਲਬਧ ਕਰਵਾਉਣ। ਉਨ੍ਹਾਂ ਕਿਹਾ ਕਿ ਮਿਲਾਵਟਖੋਰੀ ਕਿਸੇ ਵੀ ਹਾਲਤ ਵਿਚ ਬਰਦਾਸ਼ਤ ਨਹੀਂ ਕੀਤੀ ਜਾਵੇਗੀ।

ਸਹਾਇਕ ਕਮਿਸ਼ਨਰ ਨੇ ਰੈਸਟੋਰੈਂਟ ਮੁਲਾਜ਼ਮਾਂ ਕੋਲੋਂ ਜਦੋਂ ਬਾਰ-ਬਾਰ ਉਣਤਾਈਆਂ ਦਾ ਜਵਾਬ ਮੰਗਿਆ ਤਾਂ ਉਨ੍ਹਾਂ ਵੱਲੋਂ ਕੋਈ ਵੀ ਜਵਾਬ ਨਹੀਂ ਦਿੱਤਾ ਗਿਆ ਅਤੇ ਬਾਅਦ ਵਿਚ ਜਦੋਂ ਰੈਸਟੋਰੈਂਟ ਦਾ ਮੈਨੇਜਰ ਆਇਆ ਤਾਂ ਉਸ ਵੱਲੋਂ ਅਧਿਕਾਰੀ ਨਾਲ ਗੱਲਬਾਤ ਕੀਤੀ ਗਈ।

ਇਹ ਵੀ ਪੜ੍ਹੋ- ਕੁਦਰਤੀ ਨਜ਼ਾਰਿਆਂ ਨੂੰ ਚਾਰ ਚੰਨ ਲਗਾ ਰਹੀ ਪ੍ਰਵਾਸੀ ਮਹਿਮਾਨਾਂ ਦੀ ਚਹਿਕ, ਹੁਣ ਤੱਕ ਪਹੁੰਚੇ 1200 ਤੋਂ ਜ਼ਿਆਦਾ ਪੰਛੀ

ਦੱਸਣਯੋਗ ਹੈ ਕਿ ‘ਆਪਣਾ ਚਾਏ ਵਾਲਾ’ ਰੈਸਟੋਰੈਂਟ ਰਣਜੀਤ ਐਵੇਨਿਊ ਡੀ-ਬਲਾਕ ਵਿਚ ਬੀਤੀ ਰਾਤ ਇਕ ਪਰਿਵਾਰ ਸਨੈਕਸ ਲੈਣ ਲਈ ਪੁੱਜਾ ਸੀ, ਜਦੋਂ ਸਬੰਧਤ ਪਰਿਵਾਰ ਸਨੈਕਸ ਦਾ ਸੇਵਨ ਕਰ ਰਿਹਾ ਸੀ ਤਾਂ ਉਸ ਸਮੇਂ ਪਿੱਜ਼ਾ ਜੋ ਰੈਸਟੋਰੈਂਟ ਵੱਲੋਂ ਡਿਲੀਵਰ ਕੀਤਾ ਗਿਆ ਸੀ ਤਾਂ ਉਸ ਵਿਚ ਜ਼ਿੰਦਾ ਸੁੰਡੀਆਂ ਚੱਲ ਰਹੀਆਂ ਸਨ ਅਤੇ ਜਦੋਂ ਪਰਿਵਾਰ ਵੱਲੋਂ ਰੈਸਟੋਰੈਂਟ ਦੇ ਮੈਨੇਜਰ ਨੂੰ ਇਸ ਘਟਨਾ ਬਾਰੇ ਜਾਣੂ ਕਰਵਾਇਆ ਅਤੇ ਪਿੱਜ਼ੇ ਵਿਚ ਚੱਲ ਰਹੀਆਂ ਸੁੰਡੀਆਂ ਦਿਖਾਈਆਂ ਤਾਂ ਪਹਿਲਾਂ ਉਨ੍ਹਾਂ ਵੱਲੋਂ ਆਪਣੀ ਗਲਤੀ ਨਹੀਂ ਮੰਨੀ ਗਈ ਅਤੇ ਬਾਅਦ ਵਿਚ ਆਪਣੀ ਗਲਤੀ ਮੰਨਦਿਆਂ ਹੋਇਆ ‘ਸੋਰੀ ਕਹਿ ਕੇ’ ਪੱਲਾ ਛੁੱਡਾ ਦਿੱਤਾ। ਪਰ ਵੱਡਾ ਸਵਾਲ ਇਹ ਖੜ੍ਹਾ ਹੁੰਦਾ ਹੈ ਕਿ ਆਖਿਰ ਵੈਸ਼ਨੋ ਪਰਿਵਾਰ ਨੂੰ ਜ਼ਿੰਦਾ ਸੁੰਡੀਆਂ ਵਾਲਾ ਪਿੱਜ਼ਾ ਕਿਉਂ ਖਵਾਇਆ ਗਿਆ ਅਤੇ ਕਿਉਂ ਲੋਕਾਂ ਦੀ ਜਾਨ ਨਾਲ ਖਿਲਵਾੜ ਕੀਤਾ ਜਾ ਰਿਹਾ ਹੈ।

ਇਹ ਵੀ ਪੜ੍ਹੋ- ਪੰਜਾਬ ਸਰਕਾਰ ਦਾ ਵੱਡਾ ਐਲਾਨ: ਹਰੇਕ ਲੋੜਵੰਦ ਪਰਿਵਾਰ ਦਾ ਬਣੇਗਾ ਨੀਲਾ ਕਾਰਡ, ਨਵਾਂ ਪੋਰਟਲ ਹੋਵੇਗਾ ਲਾਂਚ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


Shivani Bassan

Content Editor

Related News