ਵਿਦੇਸ਼ ’ਚ ਕਬੱਡੀ ਜਗਤ ਦਾ ਨਾਂ ਰੌਸ਼ਨ ਕਰਨ ਵਾਲੀ ਹਰਵਿੰਦਰ ਦਾ ਪਿੰਡ ਪੁੱਜਣ ’ਤੇ ਨਿੱਘਾ ਸਵਾਗਤ (ਵੀਡੀਓ)
Friday, Dec 13, 2019 - 10:06 AM (IST)
ਰੂਪਨਗਰ (ਸੱਜਣ) - ਨੇਪਾਲ ’ਚ ਹੋਈਆਂ 13 ਸਾਊਥ ਏਸ਼ੀਅਨ ਗੇਮਜ਼ ਕਬੱਡੀ ਕੰਪੀਟੀਸ਼ਨ ’ਚ ਭਾਰਤ ਦੀ ਖਿਡਾਰਨ ਹਰਵਿੰਦਰ ਕੌਰ ਨੋਨਾ ਨੇ ਚੰਗਾ ਪ੍ਰਦਰਸ਼ਨ ਕਰਦੇ ਹੋਏ ਜਿੱਤ ਹਾਸਲ ਕੀਤੀ ਅਤੇ ਕੱਪ ’ਤੇ ਕਬਜ਼ਾ ਕਰ ਲਿਆ। ਜਾਣਕਾਰੀ ਅਨੁਸਾਰ 13 ਸਾਊਥ ਏਸ਼ੀਅਨ ਗੇਮਜ਼ ਕਬੱਡੀ ਕੰਪੀਟੀਸ਼ਨ ’ਚ ਵੱਖ-ਵੱਖ ਦੇਸ਼ਾਂ ਦੀਆਂ 7 ਟੀਮਾਂ ਨੇ ਭਾਗ ਲਿਆ ਸੀ, ਜਿਨ੍ਹਾਂ ਨੂੰ ਮਾਤ ਦਿੰਦੇ ਹੋਏ ਭਾਰਤ ਦੀ ਖਿਡਾਰਨ ਨੇ ਪੰਜਾਬ ਦਾ ਨਾਂ ਰੌਸ਼ਨ ਕਰ ਦਿੱਤਾ। ਜਿੱਤ ਹਾਸਲ ਕਰਨ ਮਗਰੋਂ ਪੰਜਾਬ ਦੇ ਸ਼ਹਿਰ ਰੋਪੜ ਪੁੱਜਣ ’ਤੇ ਖਿਡਾਰਨ ਹਰਵਿੰਦਰ ਕੌਰ ਨੋਨਾ ਦਾ ਖੇਡ ਪ੍ਰਮੋਟਰਾਂ ਅਤੇ ਇਲਾਕੇ ਦੇ ਲੋਕਾਂ ਵਲੋਂ ਨਿੱਘਾ ਅਤੇ ਜ਼ੋਰਦਾਰ ਸਵਾਗਤ ਕੀਤਾ।
ਉੱਘੇ ਖੇਡ ਪ੍ਰਮੋਟਰ ਦਵਿੰਦਰ ਸਿੰਘ ਬਾਜਵਾ ਨੇ ਪੱਤਰਕਾਰ ਨਾਲ ਗੱਲਬਾਤ ਕਰਦੇ ਹੋਏ ਦੱਸਿਆ ਕਿ ਪਿਛਲੇ ਦਿਨੀਂ ਨੇਪਾਲ ’ਚ 13 ਸਾਊਥ ਏਸ਼ੀਅਨ ਗੇਮਜ਼ ਕਬੱਡੀ ਕੰਪੀਟੀਸ਼ਨ ਹੋਇਆ ਸੀ, ਜਿਸ ’ਚ ਪੰਜਾਬ ਦੀ ਇਕੋ-ਇਕ ਖਿਡਾਰਨ ਹਰਵਿੰਦਰ ਕੌਰ ਨੋਨਾ ਨੇ ਭਾਗ ਲੈ ਕੇ ਦੇਸ਼ ਦਾ ਨਾਂ ਰੌਸ਼ਨ ਕਰ ਦਿੱਤਾ। ਉਨ੍ਹਾਂ ਦੱਸਿਆ ਕਿ ਹਰਵਿੰਦਰ ਕੌਰ ਰੋਪੜ ਜ਼ਿਲੇ ਦੇ ਅਧੀਨ ਪੈਂਦੇ ਨੂਰਪੁਰ ਬੇਦੀ ਹੱਦ ਦੇ ਪਿੰਡ ਰਾਏਪੁਰ ਮੁੰਨਾ ਦੀ ਰਹਿਣ ਵਾਲੀ ਹੈ। ਉਸ ਦੇ ਪਿਤਾ ਪ੍ਰੀਤਮ ਸਿੰਘ ਹਨ। ਨੋਨਾ ਨੇ ਆਪਣੀ ਸਖਤ ਮਿਹਨਤ ਸਦਕਾ ਕਬੱਡੀ ਜਗਤ ’ਚ ਆਪਣਾ ਨਾਂ ਬਣਾਇਆ ਹੈ। ਇਸ ਮੌਕੇ ਹਰਵਿੰਦਰ ਕੌਰ ਨੋਨਾ ਨੇ ਦਿੱਲੀ ਪਹੁੰਚਣ ’ਤੇ ਦਿੱਲੀ ਸਰਕਾਰ ਵਲੋਂ ਕੀਤੇ ਸਵਾਗਤ ਦਾ ਧੰਨਵਾਦ ਕੀਤਾ ਅਤੇ ਨਾਲ ਹੀ ਪੰਜਾਬ ਸਰਕਾਰ ਨਾਲ ਨਾਰਾਜ਼ਗੀ ਵੀ ਜ਼ਾਹਿਰ ਕੀਤੀ। ਉਨ੍ਹਾਂ ਕਿਹਾ ਕਿ ਦਿੱਲੀ ਏਅਰਪੋਰਟ ’ਤੇ ਉਤਰਨ ਮਗਰੋਂ ਦਿੱਲੀ ਸਰਕਾਰ ਵਲੋਂ ਉਨ੍ਹਾਂ ਦਾ ਸਵਾਗਤ ਕੀਤਾ ਗਿਆ ਪਰ ਪੰਜਾਬ ਪੁੱਜਣ ’ਤੇ ਕਿਸੇ ਪ੍ਰਸ਼ਾਸਨਿਕ ਅਧਿਕਾਰੀ ਜਾਂ ਮੰਤਰੀ ਨੇ ਉਸ ਦਾ ਹਾਲ-ਚਾਲ ਪੁੱਛਣਾ ਵਾਜਬ ਨਾ ਸਮਝਿਆ।