ਸ਼ਹਿਰ ਨੂੰ ਪਲਾਸਟਿਕ ਦੇ ਲਿਫਾਫਿਅਾਂ ਤੇ ਚਾਈਨਾ ਡੋਰ ਤੋਂ ਮੁਕਤ ਕਰਨ ਲਈ ਕੀਤੀ ਜਾਵੇ ਛਾਪੇਮਾਰੀ : ਐੱਸ. ਡੀ. ਐੱਮ.
Friday, Jun 22, 2018 - 01:53 AM (IST)
ਫ਼ਰੀਦਕੋਟ, (ਹਾਲੀ)- ਸੂਬਾ ਸਰਕਾਰ ਵੱਲੋਂ ਆਰੰਭੇ ਗਏ ‘ਮਿਸ਼ਨ ਤੰਦਰੁਸਤ ਪੰਜਾਬ’ ਤਹਿਤ ਡਿਪਟੀ ਕਮਿਸ਼ਨਰ ਰਾਜੀਵ ਪਰਾਸ਼ਰ ਦੀ ਅਗਵਾਈ ਹੇਠ ਜ਼ਿਲੇ ਨੂੰ ਪਲਾਸਟਿਕ ਦੇ ਲਿਫਾਫਿਅਾਂ ਤੋਂ ਮੁਕਤ ਕਰਨ ਦੀ ਮੁਹਿੰਮ ਜਾਰੀ ਹੈ। ਇਸ ਗੰਭੀਰ ਮਸਲੇ ’ਤੇ ਐੱਸ. ਡੀ. ਐੱਮ. ਫਰੀਦਕੋਟ ਗੁਰਜੀਤ ਸਿੰਘ ਨੇ ਡਿਪਟੀ ਕਮਿਸ਼ਨਰ ਵੱਲੋਂ ਗਠਿਤ ਕਮੇਟੀ ਮੈਂਬਰਾਂ ਨਾਲ ਮੀਟਿੰਗ ਕੀਤੀ।
ਇਸ ਦੌਰਾਨ ਐੱਸ. ਡੀ. ਐੱਮ. ਨੇ 11 ਮੈਂਬਰੀ ਅਧਿਕਾਰੀਆਂ ਦੀ ਕਮੇਟੀ ਨੂੰ ਹੁਕਮ ਦਿੱਤੇ ਕਿ ਸ਼ਹਿਰ ਨੂੰ ਪਲਾਸਟਿਕ ਦੇ ਲਿਫਾਫਿਅਾਂ ਅਤੇ ਪਤੰਗਾਂ ਲਈ ਵਰਤੀ ਜਾਣ ਵਾਲੀ ਚਾਈਨਾ ਡੋਰ ਤੋਂ ਮੁਕਤ ਕਰਨ ਦੇ ਟੀਚੇ ਨੂੰ ਮੁੱਖ ਰੱਖਦਿਆਂ ਛਾਪੇਮਾਰੀ ਕੀਤੀ ਜਾਵੇ। ਉਨ੍ਹਾਂ ਅਧਿਕਾਰੀਆਂ ਨੂੰ ਖੇਤਰਾਂ ਦੀ ਵੰਡ ਕਰ ਕੇ ਹਦਾਇਤ ਕੀਤੀ ਕਿ ਉਹ ਆਪਣੇ ਅਧੀਨ ਆਉਂਦੇ ਖੇਤਰ ਦੀ ਛਾਪੇਮਾਰੀ ਕਰਨ ਅਤੇ ਇਸ ਦੀ ਰਿਪੋਰਟ ਉਨ੍ਹਾਂ ਦੇ ਦਫਤਰ ਤੇ ਨਗਰ ਪਾਲਿਕਾਵਾਂ ਨੂੰ ਭੇਜਣਾ ਯਕੀਨੀ ਬਣਾਉਣ। ਉਹ ਪਲਾਸਟਿਕ ਦੇ ਲਿਫਾਫਿਆਂ ਦੇ ਮਾਡ਼ੇ ਪ੍ਰਭਾਵਾਂ ਅਤੇ ਸਟਾਰਚ ਦੇ ਬਣੇ ਲਿਫ਼ਾਫੇ ਹੀ ਵਰਤੋਂ ’ਚ ਲਿਆਉਣ ਲਈ ਲੋਕਾਂ ਨੂੰ ਪ੍ਰੇਰਿਤ ਕਰਨ।
ਐੱਸ. ਡੀ. ਐੱਮ. ਗੁਰਜੀਤ ਸਿੰਘ ਨੇ ਦੱਸਿਆ ਕਿ ਚਾਈਨਾ ਡੋਰ ਸਿੰਥੈਟਿਕ/ਪਲਾਸਟਿਕ ਦੀ ਬਣੀ ਡੋਰ ਕਾਫ਼ੀ ਮਜ਼ਬੂਤ ਹੁੰਦੀ ਹੈ, ਜਿਸ ਨਾਲ ਪਤੰਗ ਉਡਾਉਣ ਵਾਲਿਆਂ ਦੇ ਹੱਥਾਂ ਦੀਅਾਂ ਉਂਗਲਾਂ ਕੱਟਣ, ਸਾਈਕਲ ਅਤੇ ਸਕੂਟਰ, ਮੋਟਰਸਾਈਕਲ ਚਾਲਕਾਂ ਦੇ ਗਲ ਅਤੇ ਕੰਨ ਕੱਟਣ ਦੀਆਂ ਘਟਨਾਵਾਂ ਵਾਪਰਦੀਆਂ ਹਨ ਅਤੇ ਅਜਿਹੀ ਹਾਲਤ ’ਚ ਹਾਦਸਾ ਹੋਣ ਦਾ ਵੀ ਡਰ ਹੁੰਦਾ ਹੈ। ਇਸ ਤੋਂ ਇਲਾਵਾ ਚਾਈਨਾ ਡੋਰ ’ਚ ਫ਼ਸੇ ਪੰਛੀਆਂ ਦੀ ਮੌਤ ਹੋਣ ’ਤੇ ਉਨ੍ਹਾਂ ਦੇ ਰੁੱਖਾਂ ’ਤੇ ਟੰਗੇ ਰਹਿਣ ਕਾਰਨ ਬਦਬੂ ਨਾਲ ਵਾਤਾਵਰਣ ਵੀ ਦੂਸ਼ਿਤ ਹੁੰਦਾ ਹੈ। ਜ਼ਿਕਰਯੋਗ ਹੈ ਕਿ ਸਰਕਾਰ ਵੱਲੋਂ ਇਨ੍ਹਾਂ ’ਤੇ ਪਾਬੰਦੀ ਦੇ ਹੁਕਮ ਜਾਰੀ ਕੀਤੇ ਗਏ ਹਨ।
