ਸਰਦੀਆਂ ''ਚ ਬੇਸਹਾਰਾ ਪਸ਼ੂਆਂ ਲਈ ਗੋਲੇਵਾਲਾ ਦੀ ਗਊਸ਼ਾਲਾ ਬਣੀ ਆਸਰਾ : ਪਰਾਸ਼ਰ

Wednesday, Dec 06, 2017 - 07:27 AM (IST)

ਫ਼ਰੀਦਕੋਟ  (ਹਾਲੀ) - ਸਰਦੀ ਦੇ ਪਹਿਲੇ ਹਫ਼ਤੇ ਹੀ ਜਿਥੇ ਠੰਡ ਨੇ ਆਪਣਾ ਅਸਰ ਦਿਖਾਉਣਾ ਸ਼ੁਰੂ ਕਰ ਦਿੱਤਾ ਹੈ, ਉਥੇ ਹੀ ਜ਼ਿਲੇ ਦੇ ਪਿੰਡ ਗੋਲੇਵਾਲਾ ਵਿਖੇ ਪੰਜਾਬ ਸਰਕਾਰ ਵੱਲੋਂ ਬਣਾਈ ਗਈ ਗਊਸ਼ਾਲਾ 'ਚ ਰਹਿ ਰਹੇ ਬੇਸਹਾਰਾ ਪਸ਼ੂਆਂ ਲਈ ਇਹ ਇਕ ਵੱਡੇ ਆਸਰੇ ਵਜੋਂ ਸਾਬਿਤ ਹੋਈ ਹੈ। ਇਹ ਵਿਚਾਰ ਡਿਪਟੀ ਕਮਿਸ਼ਨਰ ਰਾਜੀਵ ਪਰਾਸ਼ਰ ਨੇ ਅੱਜ ਇਕ ਮੀਟਿੰਗ ਤੋਂ ਬਾਅਦ ਗੱਲਬਾਤ ਕਰਦਿਆਂ ਪ੍ਰਗਟ ਕੀਤੇ। ਡਿਪਟੀ ਕਮਿਸ਼ਨਰ ਪਰਾਸ਼ਰ ਨੇ ਦੱਸਿਆ ਕਿ ਇਸ ਗਊਸ਼ਾਲਾ 'ਚ 450 ਤੋਂ ਵੱਧ ਗਊਆਂ ਅਤੇ ਨੰਦੀ ਰੱਖੇ ਗਏ ਹਨ। ਸਰਦੀਆਂ ਦੇ ਮੌਸਮ ਨੂੰ ਦੇਖਦਿਆਂ ਜੋ ਦੋ ਸ਼ੈੱਡ ਬਣਾਏ ਗਏ ਹਨ, ਉਨ੍ਹਾਂ ਦੀਆਂ ਸਾਈਡਾਂ 'ਤੇ ਤਰਪਾਲਾਂ ਲਾਉਣ ਦਾ ਕੰਮ ਸ਼ੁਰੂ ਕਰ ਦਿੱਤਾ ਗਿਆ ਹੈ ਤਾਂ ਕਿ ਪਸ਼ੂਆਂ ਦਾ ਠੰਡ ਤੋਂ ਬਚਾਅ ਕੀਤਾ ਜਾ ਸਕੇ। ਉਨ੍ਹਾਂ ਦੱਸਿਆ ਕਿ ਬਿਹਤਰ ਪ੍ਰਬੰਧਨ ਲਈ ਸ਼ਹਿਰ ਅਤੇ ਪਿੰਡ ਦੇ ਪਤਵੰਤਿਆਂ ਦੀ ਇਕ ਕਮੇਟੀ ਦਾ ਗਠਨ ਵੀ ਕੀਤਾ ਹੈ। ਇਹ ਗਊਸ਼ਾਲਾ 25 ਏਕੜ ਰਕਬੇ ਵਿਚ ਬਣੀ ਹੋਈ ਹੈ। ਇਸ ਵਿਚ 10 ਏਕੜ ਰਕਬੇ 'ਚ ਹਰੇ ਚਾਰੇ ਦੀ ਕਾਸ਼ਤ ਕੀਤੀ ਜਾਂਦੀ ਹੈ। ਇਸੇ ਤਰ੍ਹਾਂ ਤੂੜੀ ਰੱਖਣ ਲਈ ਇਕ ਸ਼ੈੱਡ ਬਣ ਚੁੱਕਾ ਹੈ, ਜਦਕਿ ਇਕ ਹੋਰ ਸ਼ੈੱਡ ਤੂੜੀ ਭੰਡਾਰ ਕਰਨ ਲਈ ਬਣਾਉਣ ਦੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਗਈ ਹੈ ਤਾਂ ਜੋ ਸਾਲ ਭਰ ਦੀ ਜ਼ਰੂਰਤ ਲਈ ਤੂੜੀ ਦੀ ਸੰਭਾਲ ਕੀਤੀ ਜਾ ਸਕੇ ਕਿਉਂਕਿ ਕਣਕ ਦੀ ਵਾਢੀ ਸਮੇਂ ਤੂੜੀ ਬਹੁਤਾਂਤ ਵਿਚ ਮਿਲ ਜਾਂਦੀ ਹੈ।
ਇਸ ਮੌਕੇ ਗਊਸ਼ਾਲਾ ਦਾ ਪ੍ਰਬੰਧ ਦੇਖ ਰਹੇ ਵਧੀਕ ਡਿਪਟੀ ਕਮਿਸ਼ਨਰ (ਜਨਰਲ) ਕੇਸ਼ਵ ਹਿੰਗੋਨੀਆ ਨੇ ਦੱਸਿਆ ਕਿ ਇਸ ਦੀ ਸੁਰੱਖਿਆ ਲਈ ਕੈਮਰੇ ਲਾਏ ਜਾ ਰਹੇ ਹਨ। ਪਸ਼ੂਆਂ ਦੀ ਦੇਖਭਾਲ ਲਈ ਪੱਕੇ ਕਰਮਚਾਰੀ ਵੀ ਨਿਯੁਕਤ ਕੀਤੇ ਗਏ ਹਨ।


Related News