ਗੋਲੀ ਲੱਗਣ ਕਾਰਨ ਜ਼ਖਮੀ ਦੋਹਤੇ ਦੀ ਮੌਤ, ਸਦਮੇ ''ਚ ਨਾਨਾ ਵੀ ਚੱਲ ਵਸਿਆ
Tuesday, Mar 20, 2018 - 11:22 AM (IST)

ਭਿੱਖੀਵਿੰਡ/ਬੀੜ ਸਾਹਿਬ (ਭਾਟੀਆ, ਬਖਤਾਵਰ, ਲਾਲੂ ਘੁੰਮਣ) - ਪਿੰਡ ਸੁਰਵਿੰਡ ਨਿਵਾਸੀ ਜਸਪਾਲ ਸਿੰਘ ਜੋ ਕਿ ਸ਼ਨੀਵਾਰ ਨੂੰ ਗੋਲੀ ਲੱਗਣ ਕਾਰਨ ਗੰਭੀਰ ਜ਼ਖਮੀ ਹੋ ਗਿਆ ਸੀ, ਨੇ ਅੱਜ ਅੰਮ੍ਰਿਤਸਰ ਸਥਿਤ ਇਕ ਨਿੱਜੀ ਹਸਪਤਾਲ ਵਿਖੇ ਦਮ ਤੋੜ ਦਿੱਤਾ। ਜਾਣਕਾਰੀ ਅਨੁਸਾਰ ਜਸਪਾਲ ਸਿੰਘ ਦੀ ਘਟਨਾ ਵਾਲੇ ਦਿਨ ਤੋਂ ਹੀ ਹਾਲਤ ਗੰਭੀਰ ਬਣੀ ਹੋਈ ਸੀ ਪਰ ਅੱਜ ਬਾਅਦ ਦੁਪਹਿਰ 3 ਵਜੇ ਦੇ ਕਰੀਬ ਉਸ ਦੀ ਮੌਤ ਹੋ ਗਈ, ਜਿਸ ਦਾ ਪਤਾ ਲੱਗਣ 'ਤੇ ਪਰਿਵਾਰਕ ਮੈਂਬਰਾਂ ਤੋਂ ਇਲਾਵਾ ਥਾਣਾ ਭਿੱਖੀਵਿੰਡ ਦੀ ਪੁਲਸ ਮੌਕੇ 'ਤੇ ਪਹੁੰਚੀ, ਜਿਨ੍ਹਾਂ ਵੱਲੋਂ ਕਾਰਵਾਈ ਕਰਨ ਉਪਰੰਤ ਪਹਿਲਾਂ ਦਰਜ ਮੁਕੱਦਮੇ 'ਚ ਜੁਰਮ ਵਾਧਾ ਕਰਦਿਆਂ ਧਾਰਾ 302 ਜੋੜ ਦਿੱਤੀ ਗਈ ਹੈ। ਲਾਸ਼ ਨੂੰ ਪੋਸਟਮਾਰਟਮ ਲਈ ਸਿਵਲ ਹਸਪਤਾਲ ਪੱਟੀ ਵਿਖੇ ਭੇਜ ਦਿੱਤਾ ਗਿਆ ਹੈ। ਜਸਪਾਲ ਸਿੰਘ ਦੀ ਮੌਤ ਦੀ ਖਬਰ ਜਦੋਂ ਉਨ੍ਹਾਂ ਦੇ ਘਰ ਪਿੰਡ ਸੁਰਵਿੰਡ ਵਿਖੇ ਪੁੱਜੀ ਤਾਂ ਜਸਪਾਲ ਸਿੰਘ ਦੇ ਨਾਨਾ ਸਾਧਾ ਸਿੰਘ ਦੀ ਵੀ ਮੌਤ ਹੋ ਗਈ।
ਮ੍ਰਿਤਕ ਦੀ ਮਾਤਾ ਬਲਬੀਰ ਕੌਰ ਨੇ ਦੱਸਿਆ ਕਿ ਜਿਉਂ ਹੀ ਮੇਰੇ ਪਿਤਾ ਸਾਦਾ ਸਿੰਘ ਨੂੰ ਮੇਰੇ ਪੁੱਤਰ ਜਸਪਾਲ ਸਿੰਘ ਦੀ ਮੌਤ ਦੀ ਖਬਰ ਮਿਲੀ ਤਾਂ ਉਹ ਸਦਮਾ ਨਾ ਸਹਾਰਦੇ ਹੋਏ ਦਮ ਤੋੜ ਗਏ। ਮ੍ਰਿਤਕ ਜਸਪਾਲ ਸਿੰਘ ਆਪਣੇ ਪਿੱਛੇ ਵਿਧਵਾ ਪਤਨੀ ਗੁਰਪ੍ਰੀਤ ਕੌਰ ਤੇ ਤਿੰਨ ਸਾਲਾ ਬੇਟੇ ਏਕਮਨੂਰ ਸਮੇਤ ਆਪਣੇ ਮਾਤਾ-ਪਿਤਾ ਨੂੰ ਛੱਡ ਗਿਆ ਹੈ। ਮ੍ਰਿਤਕ ਦੀ ਮਾਤਾ ਨੇ ਸਰਕਾਰ ਤੇ ਪੁਲਸ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਉਨ੍ਹਾਂ ਦੇ ਬੁਢਾਪੇ ਦਾ ਸਹਾਰਾ ਇਕਲੌਤਾ ਪੁੱਤਰ ਖੋਹਣ ਵਾਲੇ ਦੋਸ਼ੀਆਂ ਖਿਲਾਫ ਸਖਤ ਤੋਂ ਸਖਤ ਕਾਰਵਾਈ ਅਮਲ 'ਚ ਲਿਆਂਦੀ ਜਾਵੇ। ਥਾਣਾ ਮੁਖੀ ਕਸ਼ਮੀਰ ਸਿੰਘ ਨੇ ਕਿਹਾ ਕਿ ਦੋਸ਼ੀਆਂ ਨੂੰ ਜਲਦ ਹੀ ਕਾਬੂ ਕਰ ਕੇ ਸਲਾਖਾਂ ਦੇ ਪਿੱਛੇ ਕੀਤਾ ਜਾਵੇਗਾ।