ਬੀਜੇਪੀ ਦੇ ਪ੍ਰਚਾਰ ‘ਚ ਫੋਟੋ ਵਾਲਾ ਕਿਸਾਨ ਨਿਕਲਿਆ ਅੰਦੋਲਨਕਾਰੀ, ਕਿਹਾ ਬਿਨ੍ਹਾਂ ਮਨਜ਼ੂਰੀ ਵਰਤੀ ਮੇਰੀ ਤਸਵੀਰ

12/22/2020 11:56:29 AM

ਜਲੰਧਰ (ਵੈਬ ਡੈਸਕ) - ਕਿਸਾਨਾਂ ਦਾ ਮੋਰਚਾ ਦਿੱਲੀ ਦੇ ਬਾਰਡਰਾਂ 'ਤੇ ਡਟਿਆ ਹੋਇਆ ਹੈ। ਦੇਸ਼ ਭਰ ਦੇ ਕਿਸਾਨ ਵੱਡੀ ਗਿਣਤੀ ਵਿਚ ਦਿੱਲੀ ਬਾਰਡਰਾਂ 'ਤੇ ਧਰਨੇ ਲਾਈ ਬੈਠੇ ਹਨ, ਇਹ ਧਰਨਾ ਕੇਂਦਰ ਦੀ ਸਰਕਾਰ ਬੀਜੇਪੀ ਖ਼ਿਲਾਫ਼ ਦਿੱਤਾ ਜਾ ਰਿਹਾ ਹੈ। ਬੀਜੇਪੀ ਵੱਲੋਂ ਕਿਸਾਨਾਂ ਨੂੰ ਮਨਾਉਣ ਲਈ ਵੱਖ ਵੱਖ ਤਰੀਕੇ ਅਖਤਿਆਰ ਕੀਤੇ ਜਾ ਰਹੇ ਹਨ, ਭਾਵੇ ਉਹ ਗੱਲਬਾਤ ਰਾਹੀਂ ਹੋਵੇਂ ਜਾਂ ਚਿੱਠੀ ਭੇਜ ਕੇ। ਅਜਿਹਾ ਹੀ ਇਕ ਨਵਾਂ ਤਰੀਕਾ ਬੀਜੇਪੀ ਵੱਲੋਂ ਅਖਤਿਆਰ ਕੀਤਾ ਦੇਖਿਆ ਜਾ ਸਕਦਾ ਹੈ।
ਪੜ੍ਹੋ ਕਿਸਾਨੀ ਘੋਲ ਨਾਲ ਸਬੰਧਿਤ ਅੱਜ ਦੀਆਂ ਪੰਜ ਮੁੱਖ ਖ਼ਬਰਾਂ

ਬੀਜੇਪੀ ਪੰਜਾਬ ਦੇ ਅਧਿਕਾਰਿਕ ਫੇਸਬੁੱਕ ਪੇਜ਼ 'ਤੇ ਪੰਜਾਬੀ ਮਾਡਲ ਹਰਪ੍ਰੀਤ ਸਿੰਘ ਹਾਰਪ ਦੀ ਫੋਟੋ ਅਪਲੋਡ ਕਰਕੇ ਇਕ ਪੋਸਟ ਪਾਈ ਗਈ ਹੈ। ਜਿਸ ਵਿਚ ਐੱਮ.ਐੱਸ.ਪੀ. ਅਤੇ ਹੋਰ ਚੀਜ਼ਾਂ ਨੂੰ ਮੱਦੇਨਜ਼ਰ ਰੱਖਦੇ ਹੋਏ ਹੋਰ ਨਿਯਮਾਂ ਕਾਨੂੰਨਾਂ ਬਾਰੇ ਲਿਖਿਆ ਗਿਆ ਹੈ। ਇਸ ਪੋਸਟ ਬਾਰੇ ਹਾਰਪ ਫਾਰਮਰ ਨੇ ਪ੍ਰਤੀਕਰਮ ਦਿੱਤਾ ਹੈ। ਹਾਰਪ ਫਾਰਮਰ ਨੇ ਇਕ ਆਡੀਓ ਜਾਰੀ ਕਰਦੇ ਹੋਏ ਕਿਹਾ ਹੈ ਕਿ, 'ਮੇਰੀ ਤਸਵੀਰ ਬੀਜੇਪੀ ਵੱਲੋਂ ਮੇਰੇ ਤੋਂ ਬਿਨਾਂ ਪੁੱਛੇ ਇਸ ਪੋਸਟ ਵਿਚ ਵਰਤੀ ਗਈ ਹੈ। ਇਸ ਫੋਟੋ ਨੂੰ ਵਰਤਣ ਤੋਂ ਪਹਿਲਾਂ ਬੀਜੇਪੀ ਵੱਲੋਂ ਮੇਰੇ ਤੋਂ ਕਿਸੇ ਕਿਸਮ ਦੀ ਇਜਾਜ਼ਤ ਨਹੀਂ ਲਈ ਗਈ। ਜਦਕਿ, ਜਦੋਂ ਤੋਂ ਦਿੱਲੀ ਕਿਸਾਨਾਂ ਦਾ ਧਰਨਾ ਲੱਗਾ ਹੈ ਕਿ ਉਦੋਂ ਤੋਂ ਹੀ ਮੈਂ ਕਿਸਾਨਾਂ ਦੇ ਹੱਕ ਵਿਚ ਪ੍ਰਚਾਰ ਕਰ ਰਿਹਾ ਹਾਂ। ਜਦੋਂ ਮੈਂ ਖੁਦ ਇਸ ਪੋਸਟ ਨੂੰ ਦੇਖਿਆ ਤਾਂ ਮੈਨੂੰ ਖੁਦ ਬਹੁਤ ਦੁੱਖ ਲੱਗਾ।' ਹਰਪ੍ਰੀਤ ਸਿੰਘ ਨੇ ਇਸ ਤਰ੍ਹਾਂ ਫੋਟੋ ਦੀ ਵਰਤੋਂ ਕਰਨ ਦੀ ਕਰੜੇ ਸ਼ਬਦਾਂ ਵਿੱਚ ਨਿੰਦਾ ਕੀਤੀ ਹੈ।


ਮਹਾਰਾਸ਼ਟਰ 'ਚ ਨਵੇਂ ਕੋਰੋਨਾ ਵਾਇਰਸ ਨੇ ਦਿੱਤੀ ਦਸਤਕ, ਕੱਲ ਤੋਂ ਸ਼ਹਿਰੀ ਇਲਾਕਿਆਂ 'ਚ ਨਾਈਟ ਕਰਫਿਊ

ਜ਼ਿਕਰਯੋਗ ਹੈ ਕਿ ਹਰਪ੍ਰੀਤ ਸਿੰਘ ਬਨਾਮ ਹਾਰਪ ਫਾਰਮਾਰ ਸ਼ੁਰੂ ਤੋਂ ਹੀ ਕਿਸਾਨੀ ਸੰਘਰਸ਼ ਨਾਲ ਜੁੜਿਆ ਹੋਇਆ ਹੈ ਅਤੇ ਦਿੱਲੀ ਵਿਖੇ ਚੱਲ ਰਹੇ ਕਿਸਾਨ ਅੰਦਲੋਨ ਦੀਆਂ ਤਸਵੀਰਾਂ ਅਤੇ ਵੀਡੀਓਜ਼ ਆਪਣੇ ਨਿੱਜੀ ਫੇਸਬੁੱਕ ਪੇਜ਼ 'ਤੇ ਸਾਂਝੀਆਂ ਕਰਦਾ ਰਹਿੰਦਾ ਹੈ। ਹਾਰਪ ਫਾਰਮਰ ਨੇ ਇਹ ਗੱਲ ਸਾਂਝੀ ਕਰਦਿਆਂ ਦੱਸਿਆ ਕਿ ਪਹਿਲਾਂ ਵੀ ਕਈ ਵਾਰ ਉਸ ਦੀ ਫੋਟੋ ਦੀ ਗਲਤ ਵਰਤੋਂ ਕੀਤੀ ਗਈ ਹੈ ਅਤੇ ਉਸ ਨੂੰ ਬਿਨਾਂ ਪੁੱਛੇ ਕਈ ਵਿਗਿਆਪਨ ਦੇਣ ਵਾਲੀਆਂ ਕੰਪਨੀਆਂ ਨੇ ਉਸ ਦੀ ਤਸਵੀਰ ਨੂੰ ਵਰਤਿਆ ਹੈ ਪਰ ਇਸ ਵਾਰ ਤਾਂ ਹੱਦ ਹੀ ਹੋ ਗਈ, ਜਦੋਂ ਉਸ ਨੂੰ ਇਹ ਪਤਾ ਲੱਗਾ ਕਿ ਉਹ ਜਿਹੜੇ ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਦਿਨ ਰਾਤ ਕਿਸਾਨੀ ਸੰਘਰਸ਼ ਦੇ ਯੋਧਿਆਂ ਨਾਲ ਡਟਿਆ ਹੋਇਆ ਹੈ ਉਨ੍ਹਾਂ ਕਾਨੂੰਨਾਂ ਦਾ ਪ੍ਰਚਾਰ ਕਰਨ ਲਈ ਬੀਜੇਪੀ ਪੰਜਾਬ ਦੇ ਅਧਿਕਾਰਿਕ ਪੇਜ਼ 'ਤੇ ਉਸ ਦੀ ਫੋਟੋ ਦਾ ਸਹਾਰਾ ਲਿਆ ਜਾ ਰਿਹਾ ਹੈ। ਉਸ ਨੇ ਖਦਸ਼ਾ ਜ਼ਾਹਿਰ ਕੀਤਾ ਹੈ ਕਿ ਇਹ ਸਭ ਉਸ ਦੀ ਸ਼ਾਖ ਨੂੰ ਢਾਹ ਲਾਉਣ ਲਈ ਕੀਤਾ ਜਾ ਰਿਹਾ ਹੈ।

ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਬਾਕਸ 'ਚ ਦਿਓ ਜਵਾਬ।


Inder Prajapati

Content Editor Inder Prajapati