ਖੇਤੀ ਵਿਭਾਗ ਵਲੋਂ ਪਰਾਲੀ ਦੇ ਪ੍ਰਬੰਧਨ ਲਈ ਖੇਤੀ ਮਸ਼ੀਨਾਂ ਦੀ ਕੀਤੀ ਜਾਵੇਗੀ ਫਿਜ਼ੀਕਲ ਵੈਰੀਫਿਕੇਸ਼ਨ
Monday, Nov 01, 2021 - 11:59 AM (IST)
ਚੰਡੀਗੜ੍ਹ (ਰਮਨਜੀਤ) : ਪੰਜਾਬ ਦੇ ਖੇਤੀ ਮੰਤਰੀ ਰਣਦੀਪ ਸਿੰਘ ਨਾਭਾ ਨੇ ਸਾਰੇ ਕਿਸਾਨਾਂ, ਸਹਿਕਾਰੀ ਸਭਾਵਾਂ ਅਤੇ ਪੰਚਾਇਤਾਂ, ਜਿਨ੍ਹਾਂ ਨੇ ਮਸ਼ੀਨਾਂ ਦੀ ਖਰੀਦ ਲਈ ਮਨਜੂਰੀ ਪ੍ਰਾਪਤ ਕੀਤੀ ਹੈ, ਨੂੰ ਅਪੀਲ ਕੀਤੀ ਹੈ ਕਿ ਉਹ 1 ਨਵੰਬਰ 2021 ਨੂੰ ਸਾਰੀਆਂ ਮਸ਼ੀਨਾਂ ਦੀ ਭੌਤਿਕ ਤਸਦੀਕ ਕਰਨ ਲਈ ਸਾਰੇ ਬਲਾਕ ਖੇਤੀਬਾੜੀ ਅਫਸਰਾਂ ਦੇ ਦਫਤਰਾਂ ਜਾਂ ਨਿਰਧਾਰਤ ਬਦਲਵੇਂ ਸਥਾਨਾਂ ’ਤੇ ਲਿਆਉਣ। ਮਸ਼ੀਨਾਂ ਦੀ ਤਸਦੀਕ ਹੋਣ ਤੋਂ ਬਾਅਦ ਸਬਸਿਡੀ ਜਾਰੀ ਕਰਨ ਦੀ ਪ੍ਰਕਿਰਿਆ ਤੁਰੰਤ ਸ਼ੁਰੂ ਕੀਤੀ ਜਾਵੇਗੀ। ਉਨ੍ਹਾਂ ਇਹ ਵੀ ਭਰੋਸਾ ਦਿੱਤਾ ਕਿ ਸਕੀਮ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਕਿਸਾਨਾਂ ਜਾਂ ਸਹਿਕਾਰੀ ਅਦਾਰਿਆਂ ਦੇ ਬੈਂਕ ਖਾਤਿਆਂ ਵਿਚ ਸਬਸਿਡੀ ਦੀ ਵੰਡ ਕੀਤੀ ਜਾਵੇਗੀ। ਉਨ੍ਹਾਂ ਅਨੁਸੂਚਿਤ ਜਾਤੀਆਂ, ਪੰਚਾਇਤਾਂ ਅਤੇ ਸਹਿਕਾਰੀ ਸਭਾਵਾਂ ਦੇ ਕਿਸਾਨਾਂ ਨੂੰ ਝੋਨੇ ਦੀ ਰਹਿੰਦ-ਖੂੰਹਦ ਪ੍ਰਬੰਧਨ ਮਸ਼ੀਨਾਂ ਲਈ ਬਿਨੈ ਪੱਤਰ ਵਿਭਾਗ ਦੇ ਪੋਰਟਲ ਰਾਹੀਂ ਜਮ੍ਹਾ ਕਰਵਾਉਣ ਦੀ ਵੀ ਸਲਾਹ ਦਿੱਤੀ। ਕਿਸੇ ਵੀ ਮੁਸ਼ਕਿਲ ਦੀ ਸਥਿਤੀ ਵਿਚ ਵਿਭਾਗ ਦੇ ਅਧਿਕਾਰੀਆਂ ਵਲੋਂ ਪੋਰਟਲ ’ਤੇ ਅਰਜ਼ੀਆਂ ਜਮ੍ਹਾ ਕਰਾਉਣ ਵਿਚ ਮਦਦ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਛੋਟੇ, ਸਰਹੱਦੀ ਅਤੇ ਅਨੁਸੂਚਿਤ ਜਾਤੀ ਦੇ ਕਿਸਾਨਾਂ ਨੂੰ ਬਿਨਾਂ ਕਿਰਾਏ ਦੇ ਮਸ਼ੀਨਾਂ ਮੁਹੱਈਆ ਕਰਵਾਉਣ ਲਈ ਪੰਚਾਇਤਾਂ ਅਤੇ ਸਹਿਕਾਰੀ ਸੰਸਥਾਵਾਂ ਦੀ ਭੂਮਿਕਾ ਬਹੁਤ ਮਹੱਤਵਪੂਰਨ ਹੈ।
ਇਹ ਵੀ ਪੜ੍ਹੋ : ਉੱਪ-ਮੁੱਖ ਮੰਤਰੀ ਰੰਧਾਵਾ ਨੇ ਲਾਇਆ ਖੁੱਲ੍ਹਾ ਦਰਬਾਰ, ਮੌਕੇ ’ਤੇ ਹੀ ਸ਼ਿਕਾਇਤਾਂ ਦਾ ਨਿਪਟਾਰਾ
ਉਨ੍ਹਾਂ ਨਾਭਾ ਨੇ ਕਿਸਾਨਾਂ ਨੂੰ ਝੋਨੇ ਦੀ ਪਰਾਲੀ ਨਾ ਸਾੜਨ ਦੀ ਸਲਾਹ ਦਿੱਤੀ ਅਤੇ ਰਾਜ ਵਿਚ ਸਹਿਕਾਰੀ ਸਭਾਵਾਂ ਅਤੇ ਪੰਚਾਇਤਾਂ ਅਤੇ ਹੋਰ ਕਸਟਮ ਹਾਇਰਿੰਗ ਸੈਂਟਰਾਂ ਨੂੰ ਉਪਲਬਧ ਕਰਵਾਈਆਂ ਗਈਆਂ ਮਸ਼ੀਨਾਂ ਦੀ ਵਰਤੋਂ ਕਰਨ ਦੀ ਸਲਾਹ ਦਿੱਤੀ। ਉਨ੍ਹਾਂ ਕਿਹਾ ਕਿ ਕਿਸਾਨ ਬਾਇਓ ਡੀਕੰਪੋਜਰ, ਕਣਕ ਦੀ ਸਿੱਧੀ ਬਿਜਾਈ ਵਰਗੇ ਹੋਰ ਬਦਲਾਂ ਦੀ ਵਰਤੋਂ ਕਰ ਸਕਦੇ ਹਨ। ਨਾਭਾ ਨੇ ਕਿਹਾ ਕਿ ਫਸਲੀ ਰਹਿੰਦ-ਖੂੰਹਦ ਪ੍ਰਬੰਧਨ (ਸੀ. ਆਰ. ਐੱਮ.) ਸਕੀਮ ਤਹਿਤ ਪੰਜਾਬ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਨੇ ਪਰਾਲੀ ਸਾੜਨ ਦੀ ਸਮੱਸਿਆ ਨਾਲ ਨਜਿੱਠਣ ਲਈ ਪੀ. ਏ. ਸੀ. ਐੱਸ., ਪੰਚਾਇਤਾਂ, ਕਿਸਾਨ ਸੁਸਾਇਟੀਆਂ ਅਧੀਨ ਰਜਿਸਟਰਡ ਸੀ.ਐੱਚ.ਸੀਜ਼ ਅਤੇ ਵਿਅਕਤੀਗਤ ਕਿਸਾਨਾਂ ਨੂੰ 31970 ਖੇਤੀ ਮਸ਼ੀਨਾਂ/ਉਪਕਰਨ ਖਰੀਦਣ ਲਈ ਹੁਣ ਤੱਕ 10297 ਅਰਜੀਆਂ ਨੂੰ ਪ੍ਰਵਾਨਗੀ ਦਿੱਤੀ ਹੈ। ਇਸ ਵਿੱਚ ਵਿਅਕਤੀਗਤ ਕਿਸਾਨਾਂ ਲਈ 10023, ਸੀ.ਐੱਚ.ਸੀ. ਲਈ 15498 ਮਸੀਨਾਂ, ਪੰਚਾਇਤਾਂ ਲਈ 5543, ਪੀ. ਏ. ਸੀ. ਐੱਸ. ਲਈ 906 ਮਸ਼ੀਨਾਂ ਸ਼ਾਮਲ ਹਨ।
ਇਹ ਵੀ ਪੜ੍ਹੋ : ਰਾਹੁਲ ਗਾਂਧੀ ਦੇ ਮੁੱਖ ਮੰਤਰੀ ਚੰਨੀ ਨੂੰ ਨਿਰਦੇਸ਼, ਪੰਜਾਬ ਮੰਤਰੀ ਮੰਡਲ ਤਿਆਰ ਕਰੇਗਾ ਕਾਂਗਰਸ ਦਾ ਚੋਣ ਰੋਡਮੈਪ
ਨੋਟ : ਇਸ ਖ਼ਬਰ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ, ਕੁਮੈਂਟ ਬਾਕਸ ’ਚ ਦਿਓ ਆਪਣੀ ਰਾਏ