ਫਗਵਾੜਾ 'ਚ ਫਿਰ ਤਣਾਅ, ਦੋ ਧਿਰਾਂ 'ਚ ਤਕਰਾਰ ਕਾਰਨ ਬਾਜ਼ਾਰ ਹੋਏ ਬੰਦ

04/25/2018 11:32:12 AM

ਫਗਵਾੜਾ (ਜਲੋਟਾ,ਹਰਜੋਤ, ਰੁਪਿੰਦਰ ਕੌਰ)— ਇਥੋਂ ਦੇ ਬਾਂਸਾਂਵਾਲਾ ਬਾਜ਼ਾਰ 'ਚ ਦੋ ਧਿਰਾਂ 'ਚ ਤਕਰਾਰ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਦੋ ਧਿਰਾਂ 'ਚ ਹੋਏ ਝਗੜੇ ਦੇ ਕਾਰਨ ਫਿਰ ਤੋਂ ਦੁਕਾਨਾਂ ਬੰਦ ਕਰਵਾ ਦਿੱਤੀਆਂ ਗਈਆਂ ਹਨ, ਜਿਸ ਕਰਕੇ ਸ਼ਹਿਰ 'ਚ ਤਣਾਅ ਦਾ ਮਾਹੌਲ ਬਣਿਆ ਹੋਇਆ ਹੈ। 

PunjabKesari
ਜਾਣਕਾਰੀ ਮੁਤਾਬਕ 13 ਅਪ੍ਰੈਲ ਦੀ ਰਾਤ ਨੂੰ ਬੋਰਡ ਲਾਉਣ ਦੀ ਘਟਨਾ ਉਪਰੰਤ ਬਾਂਸਾਂਵਾਲਾ ਬਾਜ਼ਾਰ 'ਚ ਸਥਿਤ ਇਕ ਦੁਕਾਨਦਾਰ ਦਾ ਇਕ ਧੜੇ ਨਾਲ ਕੁਝ ਤਕਰਾਰ ਹੋਣ ਉਪਰੰਤ ਉਸ ਦੀ ਦੁਕਾਨ ਨੂੰ ਲਗਾਤਾਰ ਬੰਦ ਰਖਵਾਇਆ ਗਿਆ, ਜਦ ਕਿ ਦੂਜੀਆਂ ਦੁਕਾਨਾਂ ਤਿੰਨ ਦਿਨ ਬੰਦ ਰਹਿਣ ਉਪਰੰਤ ਖੁੱਲ੍ਹ ਗਈਆਂ। ਦੁਕਾਨਦਾਰ ਵੱਲੋਂ ਸਬੰਧਤ ਧਿਰ ਨਾਲ ਸਮਝੌਤਾ ਕਰਨ ਉਪਰੰਤ ਮੰਗਲਵਾਰ ਜਦੋਂ ਦੁਕਾਨ ਖੋਲ੍ਹੀ ਗਈ ਤਾਂ ਇਸ ਪ੍ਰਤੀ ਕੁਝ ਵਿਅਕਤੀਆਂ ਨੇ ਇਤਰਾਜ਼ ਜਤਾਇਆ ਅਤੇ ਉਸ ਨੂੰ ਦੁਕਾਨ ਬੰਦ ਕਰਨ ਲਈ ਮਜਬੂਰ ਕੀਤਾ। ਇਸ ਗੱਲ ਤੋਂ ਬਾਕੀ ਦੇ ਦੁਕਾਨਦਾਰ ਉਸ ਦੀ ਹਮਾਇਤ 'ਚ ਆ ਗਏ ਅਤੇ ਉਨ੍ਹਾਂ ਨੇ ਵੀ ਆਪਣੀਆਂ ਦੁਕਾਨਾਂ ਬੰਦ ਕਰ ਕੇ ਜਨਰਲ ਸਮਾਜ ਮੰਚ ਦੇ ਮੈਂਬਰਾਂ ਦੇ ਸਹਿਯੋਗ ਨਾਲ ਫਗਵਾੜਾ ਬੰਗਾ ਰੋਡ 'ਤੇ ਬਾਅਦ ਦੁਪਹਿਰ ਧਰਨਾ ਲਗਾ ਦਿੱਤਾ ਅਤੇ ਪ੍ਰਸ਼ਾਸਨ ਵਿਰੁੱਧ ਨਾਅਰੇਬਾਜ਼ੀ ਕਰਨੀ ਸ਼ੁਰੂ ਕਰ ਦਿੱਤੀ। ਫਿਲਹਾਲ ਮੌਕੇ 'ਤੇ ਐੱਸ. ਐੱਸ. ਪੀ. ਸਮੇਤ ਬਾਕੀ ਅਧਿਕਾਰੀਆਂ ਨੇ ਸੂਚਨਾ ਮਿਲਦਿਆਂ ਹੀ ਮੌਕੇ 'ਤੇ ਪਹੁੰਚ ਕੇ ਸਥਿਤੀ ਦਾ ਜਾਇਜ਼ਾ ਲਿਆ।
ਧਰਨੇ ਨੂੰ ਸੰਬੋਧਨ ਕਰਦਿਆਂ ਜਨਰਲ ਸਮਾਜ ਮੰਚ ਪੰਜਾਬ ਦੇ ਪ੍ਰਧਾਨ ਫਤਿਹ ਸਿੰਘ ਪ੍ਰਮਾਰ, ਜਨਰਲ ਸਕੱਤਰ ਗਰੀਸ਼ ਸ਼ਰਮਾ, ਫਗਵਾੜਾ ਪ੍ਰਧਾਨ ਵਿਜੇ ਸ਼ਰਮਾ, ਸੀਨੀਅਰ ਆਗੂ ਨਰੇਸ਼ ਭਾਰਦਵਾਜ, ਮੇਅਰ ਅਰੁਣ ਖੋਸਲਾ, ਸੀਨੀਅਰ ਮੇਅਰ ਸੁਰਿੰਦਰ ਸਿੰਘ ਵਾਲੀਆ, ਡਿਪਟੀ ਮੇਅਰ ਰਣਜੀਤ ਸਿੰਘ ਖੁਰਾਣਾ, ਕੌਂਸਲਰ ਅਨੁਰਾਗ ਮਾਨਖੰਡ, ਕੌਂਸਲਰ ਪਰਮਜੀਤ ਸਿੰਘ ਖੁਰਾਣਾ, ਅਕਾਲੀ ਆਗੂ ਰਜਿੰਦਰ ਸਿੰਘ ਚੰਦੀ, ਭਾਜਪਾ ਆਗੂ ਅਵਤਾਰ ਸਿੰਘ ਮੰਡ, ਕਾਂਗਰਸੀ ਕੌਂਸਲਰ ਸੰਜੀਵ ਬੁੱਗਾ, ਅਕਾਲੀ ਕੌਂਸਲਰ ਸਤਨਾਮ ਸਿੰਘ ਅਰਸ਼ੀ ਆਦਿ ਆਗੂਆਂ ਨੇ ਦੋਸ਼ ਲਗਾਇਆ ਕਿ 13 ਅਪ੍ਰੈਲ ਨੂੰ ਵਾਪਰੇ ਘਟਨਾਕ੍ਰਮ 'ਚ ਪੁਲਸ ਨੇ ਦੋਹਾਂ ਧਿਰਾਂ ਦੇ 16-16 ਵਿਅਕਤੀਆਂ ਖਿਲਾਫ ਕੇਸ ਦਰਜ ਕੀਤਾ ਸੀ, ਜਿਸ 'ਚੋਂ ਜਨਰਲ ਸਮਾਜ ਦੇ 4 ਵਿਅਕਤੀਆਂ ਨੂੰ ਗ੍ਰਿਫਤਾਰ ਕਰ ਲਿਆ ਸੀ। ਇੰਨੇ ਦਿਨ ਬੀਤ ਜਾਣ ਦੇ ਬਾਵਜੂਦ ਵੀ ਅਜੇ ਤੱਕ ਦੂਜੀ ਧਿਰ ਦਾ ਕੋਈ ਵੀ ਵਿਅਕਤੀ ਗ੍ਰਿਫਤਾਰ ਨਹੀਂ ਕੀਤਾ ਸਗੋਂ ਉਨ੍ਹਾਂ ਦੇ 7 ਵਿਅਕਤੀਆਂ ਦੇ ਨਾਂ ਪਰਚੇ 'ਚੋਂ ਕੱਢ ਦਿੱਤੇ ਹਨ। ਉਕਤ ਆਗੂਆਂ ਨੇ ਮੰਗ ਕੀਤੀ ਕਿ ਕੇਸ 'ਚ ਸ਼ਾਮਲ ਦੂਜੀ ਧਿਰ ਦੇ ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਜਾਵੇ। 


Related News