ਫਗਵਾੜਾ ਵਿਧਾਨ ਸਭਾ ਸੀਟ ''ਤੇ ਹੋਵੇਗੀ ਇਸ ਵਾਰ ਦਿਲਚਸਪ ਜ਼ਿਮਨੀ ਚੋਣ
Saturday, Oct 05, 2019 - 06:39 PM (IST)

ਫਗਵਾੜਾ (ਜਲੋਟਾ)— 21 ਅਕਤੂਬਰ ਨੂੰ ਫਗਵਾੜਾ ਵਿਧਾਨ ਸਭਾ ਹਲਕੇ ਤੋਂ ਹੋਣ ਜਾ ਰਹੀ ਜ਼ਿਮਨੀ ਚੋਣ ਇਸ ਵਾਰ ਦਿਲਚਸਪ ਹੋਣ ਵਾਲੀ ਹੈ। ਅਹਿਮ ਪਹਿਲੂ ਇਹ ਹੈ ਕਿ ਫਗਵਾੜਾ ਜ਼ਿਮਨੀ ਚੋਣ ਨੂੰ ਲੈ ਕੇ ਜਿੱਥੇ ਇਸ ਵਾਰ ਪ੍ਰਮੁੱਖ ਰਾਜਸੀ ਪਾਰਟੀਆਂ, ਜਿਨ੍ਹਾਂ 'ਚ ਕਾਂਗਰਸ ਪਾਰਟੀ, ਭਾਜਪਾ-ਸ਼੍ਰੋਮਣੀ ਅਕਾਲੀ ਦਲ (ਬਾਦਲ) ਗਠਜੋੜ, ਬਹੁਜਨ ਸਮਾਜ ਪਾਰਟੀ ਅਤੇ ਆਮ ਆਦਮੀ ਪਾਰਟੀ ਵੱਲੋਂ ਪੂਰੀ ਤਰ੍ਹਾਂ ਨਾਲ ਨਵੇਂ ਚਿਹਰਿਆਂ ਨੂੰ ਚੋਣ ਮੈਦਾਨ 'ਚ ਉਤਾਰਿਆ ਗਿਆ। ਉਥੇ ਲੋਕ ਇਨਸਾਫ ਪਾਰਟੀ ਵੱਲੋਂ ਸਾਲ 2017 'ਚ ਵਿਧਾਨ ਸਭਾ ਚੋਣ ਲੜ ਚੁੱਕੇ ਉਨ੍ਹਾਂ ਦੇ ਪੁਰਾਣੇ ਉਮੀਦਵਾਰ 'ਤੇ ਵੀ ਦਾਅ ਖੇਡਿਆ ਗਿਆ ਹੈ। ਭਾਵੇਂ ਜ਼ਿਮਨੀ ਚੋਣ ਜਿੱਤਣ ਨੂੰ ਲੈ ਕੇ ਸਾਰੀਆਂ ਰਾਜਸੀ ਪਾਰਟੀਆਂ ਦੇ ਆਗੂਆਂ ਵੱਲੋਂ ਜਿੱਤਣ ਦੇ ਦਾਅਵੇ ਕੀਤੇ ਜਾ ਰਹੇ ਹਨ, ਉਥੇ ਹੀ ਹਕੀਕਤ ਇਹ ਹੈ ਕਿ ਇਸ ਵਾਰ ਹੋਣ ਵਾਲੀ ਜ਼ਿਮਨੀ ਚੋਣ ਨੂੰ ਲੈ ਕੇ ਫਗਵਾੜਾ ਦੀ ਜਨਤਾ ਦਾ ਰੁਝਾਨ ਉਸੇ ਰਾਜਸੀ ਆਗੂ ਵੱਲ ਹੁੰਦਾ ਹੋਇਆ ਦਿਸ ਰਿਹਾ ਹੈ, ਜਿਹੜਾ ਫਗਵਾੜਾ ਵਾਸੀਆਂ ਦੀਆਂ ਚੱਲੀਆਂ ਆ ਰਹੀਆਂ ਸਮੱਸਿਆਵਾਂ ਦਾ ਹੱਲ ਕਰਨ ਨੂੰ ਪਹਿਲ ਦੇਵੇਗਾ।
ਇਸ ਕੜੀ 'ਚ ਆਮ ਜਨਤਾ ਇਹੋ ਦਲੀਲ ਦੇ ਰਹੀ ਹੈ ਕਿ ਉਸੇ ਰਾਜਸੀ ਆਗੂ ਨੂੰ ਵੋਟ ਦੇਵੇਗੀ ਜਿਹੜਾ ਉਨ੍ਹਾਂ ਦੇ ਇਲਾਕੇ ਦੀਆਂ ਲੋਕਾਂ ਦੀਆਂ ਸਮੱਸਿਆਵਾਂ ਦਾ ਹੱਲ ਕਰਵਾਏਗਾ ਜਦੋਂਕਿ ਫਗਵਾੜਾ 'ਚ ਜ਼ਮੀਨੀ ਹਕੀਕਤ ਇਹ ਹੈ ਕਿ ਫਗਵਾੜਾ ਵਾਸੀ ਬੁਨਿਆਦੀ ਸਹੂਲਤਾਂ ਜਿਵੇਂ ਕਿ ਸੀਵਰੇਜ ਦੇ ਗੰਦੇ ਪਾਣੀ ਦੀ ਨਿਕਾਸੀ, ਪੀਣ ਵਾਲਾ ਸਾਫ ਪਾਣੀ, ਖਰਾਬ ਸੜਕਾਂ ਅਤੇ ਜਨਤਾ ਪ੍ਰਤੀ ਜਵਾਬਦੇਹੀ ਨਾ ਦੇਣ ਵਾਲੀ ਅਫਸਰਸ਼ਾਹੀ ਤੋਂ ਪ੍ਰੇਸ਼ਾਨ ਹਨ। ਉਸ ਦੀ ਭਖਵੀਂ ਮਿਸਾਲ ਫਗਵਾੜਾ ਦੇ ਦਸਮੇਸ਼ ਨਗਰ ਸਣੇ ਕਈ ਇਲਾਕੇ ਬਣੇ ਹੋਏ ਹਨ। ਜਿੱਥੇ ਆਏ ਦਿਨ ਲੋਕ ਸੀਵਰੇਜ ਦੀਆਂ ਸਮੱਸਿਆਵਾਂ, ਚੰਗੀਆਂ ਸੜਕਾਂ ਦੀ ਅਣਹੋਂਦ ਅਤੇ ਸਟਰੀਟ ਲਾਈਟਾਂ ਦੇ ਅਰਸੇ ਤੋਂ ਬੰਦ ਹੋਣ ਆਦਿ ਤੋਂ ਪ੍ਰੇਸ਼ਾਨ ਚੱਲ ਰਹੇ ਹਨ।
ਸਥਿਤੀ ਇਹ ਹੈ ਕਿ ਫਗਵਾੜਾ ਵਿਚ ਕੁਝ ਇਕ ਥਾਵਾਂ 'ਤੇ ਤਾਂ ਲੋਕਾਂ ਨੇ ਆਪਣੇ ਇਲਾਕੇ 'ਚ ਵਿਕਾਸ ਨਾ ਹੋਣ ਦੇ ਕਾਰਨ ਸਾਫ ਤੌਰ 'ਤੇ ਪੋਸਟਰ ਆਦਿ ਲਾ ਕੇ ਲਿਖਿਆ ਹੋਇਆ ਹੈ ਕਿ ਜਦੋਂ ਤੱਕ ਉਨ੍ਹਾਂ ਦੇ ਇਲਾਕੇ 'ਚ ਵਿਕਾਸ ਨਹੀਂ ਹੋਵੇਗਾ, ਉਹ ਵੋਟ ਨਹੀਂ ਪਾਉਣਗੇ। ਅਜਿਹੀ ਸਥਿਤੀ 'ਚ ਫਗਵਾੜਾ ਦੀ ਜ਼ਿਮਨੀ ਚੋਣ ਪ੍ਰਮੁੱਖ ਰਾਜਸੀ ਪਾਰਟੀਆਂ ਵੱਲੋਂ ਚੋਣ ਫਿਜ਼ਾ 'ਚ ਉਤਾਰੇ ਗਏ ਨਵੇਂ ਚਿਹਰਿਆਂ ਦਰਮਿਆਨ ਇਕ ਦਿਲਚਸਪ ਦੌਰ 'ਚ ਦਾਖਲ ਹੋ ਚੁੱਕੀ ਹੈ, ਉਥੇ ਦੂਜੇ ਪਾਸੇ ਸੱਚਾਈ ਇਹ ਵੀ ਹੈ ਕਿ ਕਦੇ ਕਾਂਗਰਸ ਪਾਰਟੀ ਲਈ ਪੂਰੇ ਸੂਬੇ 'ਚ ਸਭ ਤੋਂ ਸੁਰੱਖਿਅਤ ਸੀਟ ਮੰਨੀ ਜਾਂਦੀ ਫਗਵਾੜਾ ਵਿਧਾਨ ਸਭਾ ਸੀਟ ਪਿਛਲੇ 12 ਸਾਲਾਂ ਤੋਂ ਸਭ ਤੋਂ ਅਸੁਰੱਖਿਅਤ ਸੀਟ ਬਣ ਚੁੱਕੀ ਹੈ। ਇਸ ਪ੍ਰਸੰਗ 'ਚ ਜੇਕਰ ਚੋਣ ਅੰਕੜਿਆਂ 'ਤੇ ਨਜ਼ਰ ਮਾਰੀ ਜਾਵੇ ਤਾਂ ਫਗਵਾੜਾ ਵਿਧਾਨ ਸਭਾ ਸੀਟ 'ਤੇ ਕਾਂਗਰਸ ਪਾਰਟੀ ਨੇ ਪਿਛਲੀ ਵਿਧਾਨ ਸਭਾ ਚੋਣ ਅੱਜ ਤੋਂ ਕਰੀਬ 17 ਸਾਲ ਪਹਿਲਾਂ ਸਾਲ 2002 'ਚ ਹੀ ਜਿੱਤੀ ਸੀ। ਉਸ ਮਗਰੋਂ 2007 'ਚ ਫਿਰ ਸਾਲ 2012 ਅਤੇ ਸਾਲ 2017 'ਚ ਹੋਈਆਂ ਵਿਧਾਨ ਸਭਾ ਚੋਣਾਂ 'ਚ ਭਾਰਤੀ ਜਨਤਾ ਪਾਰਟੀ-ਸ਼੍ਰੋਮਣੀ ਅਕਾਲੀ ਦਲ (ਬਾਦਲ) ਗਠਜੋੜ ਨੇ ਹੈਟਰਿਕ ਬਣਾ ਕੇ ਨਵਾਂ ਇਤਿਹਾਸ ਲਿਖਿਆ ਹੈ। ਯਾਨੀ ਪਿਛਲੇ 12 ਸਾਲਾਂ ਤੋਂ ਫਗਵਾੜਾ ਵਿਧਾਨ ਸਭਾ ਸੀਟ 'ਤੇ ਭਾਜਪਾ, ਅਕਾਲੀ ਦਲ ਬਾਦਲ ਦਾ ਕਬਜ਼ਾ ਹੈ।
ਫਗਵਾੜਾ ਵਿਧਾਨ ਸਭਾ ਸੀਟ ਨੂੰ ਲੈ ਕੇ ਇਸ ਵਾਰ ਦਿਲਚਸਪ ਤੱਥ ਇਹ ਵੀ ਹੈ ਕਿ ਇਹ ਜ਼ਿਮਨੀ ਚੋਣ ਇਕ ਪਾਸੇ ਜਿੱਥੇ ਪੰਜਾਬ 'ਚ ਕੈਪਟਨ ਸਰਕਾਰ ਦਾ ਰਾਜ ਹੋਣ ਕਾਰਨ ਕਾਂਗਰਸ ਪਾਰਟੀ ਲਈ ਵਕਾਰ ਦਾ ਸਵਾਲ ਬਣਿਆ ਹੋਇਆ ਹੈ, ਉਥੇ ਹੀ ਇਹ ਸੀਟ ਕੇਂਦਰ ਦੀ ਮੋਦੀ ਸਰਕਾਰ 'ਚ ਕੇਂਦਰੀ ਰਾਜ ਮੰਤਰੀ ਸੋਮ ਪ੍ਰਕਾਸ਼ ਕੈਂਥ, ਜਿਹੜੇ ਪਹਿਲਾਂ ਇਸੇ ਸੀਟ 'ਤੇ ਭਾਜਪਾ ਵਿਧਾਇਕ ਸਨ, ਲਈ ਇੱਜ਼ਤ ਦਾ ਸਵਾਲ ਬਣਿਆ ਹੋਇਆ ਹੈ। ਅਜਿਹੀ ਹਾਲਤ 'ਚ ਫਗਵਾੜਾ ਵਿਧਾਨ ਸਭਾ ਸੀਟ ਨੂੰ ਲੈ ਕੇ ਜਿੱਥੇ ਕਾਂਗਰਸ ਪਾਰਟੀ ਅਤੇ ਭਾਜਪਾ-ਅਕਾਲੀ ਦਲ (ਬਾਦਲ) ਗਠਜੋੜ 'ਚ ਗਲਬੇ ਅਤੇ ਵਕਾਰ ਨੂੰ ਬਹਾਲ ਰੱਖਣ ਦੀ ਰਾਜਸੀ ਜੰਗ ਹੈ ਤਾਂ ਉਥੇ ਆਮ ਫਗਵਾੜਾ ਵਾਸੀ ਇਸ ਤਾਕ 'ਤੇ ਬੈਠਾ ਹੈ ਕਿ ਉਹ ਉਸੇ ਰਾਜਸੀ ਆਗੂ ਨੂੰ ਵੋਟ ਪਾਵੇਗਾ, ਜਿਹੜਾ ਉਸ ਦੇ ਇਲਾਕੇ ਦੇ ਵਿਕਾਸ ਅਤੇ ਆਮ ਜਨਤਾ ਦੀਆਂ ਸਮੱਸਿਆਵਾਂ ਦਾ ਹੱਲ ਕਰਵਾਉਣ ਪ੍ਰਤੀ ਸੁਚੇਤ ਹੋਵੇਗਾ ਯਾਨੀ ਆਮ ਜਨਤਾ ਉਸੇ ਰਾਜਸੀ ਆਗੂ ਨਾਲ ਰਹਿਣ ਵਾਲੀ ਹੈ, ਜਿਹੜੀ ਜਨਤਾ ਦੇ ਮਸਲਿਆਂ ਦੇ ਹੱਲ ਲਈ ਗੱਲ ਕਰੇਗਾ ਅਤੇ ਲੋਕਾਂ ਦੇ ਪ੍ਰਤੀ ਜਵਾਬਦੇਹ ਹੋਵੇਗਾ।