ਚੌਕ ਦਾ ਨਾਂ ਬਦਲਣ ਨੂੰ ਲੈ ਕੇ ਕੈਪਟਨ ਦੀ ਸਹਿਮਤੀ ਨਾਲ ਵਿਗੜਿਆ ਮਾਹੌਲ, ਫਗਵਾੜਾ ਬੰਦ

04/25/2018 3:28:45 PM

ਫਗਵਾੜਾ (ਜਲੋਟਾ)— ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਫਗਵਾੜਾ ਦੇ ਗੋਲ ਚੌਕ ਦਾ ਨਾਂ ਸੰਵਿਧਾਨ ਚੌਕ ਰੱਖਣ ਦੇ ਸਿਧਾਂਤਿਕ ਸਹਿਮਤੀ ਦੇਣ ਤੋਂ ਬਾਅਦ ਸ਼ਹਿਰ ਦਾ ਮਾਹੌਲ ਹੋਰ ਤਣਾਅਪੂਰਨ ਹੁੰਦਾ ਜਾ ਰਿਹਾ ਹੈ, ਜਿਸ ਨੂੰ ਲੈ ਕੇ ਜਨਰਲ ਸਮਾਜ ਦੇ ਲੋਕ ਬੀਤੀ ਰਾਤ ਤੋਂ ਹੀ ਬੰਗਾ ਰੋਡ 'ਤੇ ਡਟੇ ਹੋਏ ਹਨ। ਸ਼ਹਿਰ 'ਚ ਸੁਰੱਖਿਆ ਨੂੰ ਧਿਆਨ 'ਚ ਰੱਖਦੇ ਹੋਏ ਫਗਵਾੜਾ ਅੱਜ ਵੀ ਪੂਰਾ ਬੰਦ ਪਿਆ ਹੈ ਅਤੇ ਭਾਰੀ ਪੁਲਸ ਫੋਰਸ ਤਾਇਨਾਤ ਕੀਤੀ ਗਈ ਹੈ। ਜਨਰਲ ਸਮਾਜ ਦੀ ਮੰਗ ਹੈ ਕਿ ਨੇਤਾ ਜਰਨੈਲ ਨੰਗਲ ਅਤੇ ਹਰਭਜਨ ਸੁਮਨ ਨੂੰ ਗ੍ਰਿਫਤਾਰ ਕੀਤਾ ਜਾਵੇ। ਉਨ੍ਹਾਂ ਦਾ ਦੋਸ਼ ਹੈ ਕਿ ਨੰਗਲ ਅਤੇ ਸੁਮਨ ਨੇ ਹੀ ਚੌਕ 'ਚ ਬੋਰਡ ਲਗਾ ਕੇ ਸ਼ਹਿਰ ਦਾ ਮਾਹੌਲ ਖਰਾਬ ਕੀਤਾ ਹੈ। ਫਿਲਹਾਲ ਪੁਲਸ ਉਨ੍ਹਾਂ ਨੂੰ ਸਮਝਾਉਣ ਦੀ ਕੋਸ਼ਿਸ਼ ਕਰ ਰਹੀ ਹੈ ਪਰ ਜਨਰਲ ਸਮਾਜ ਦੇ ਲੋਕ ਸਮਝਣ ਲਈ ਤਿਆਰ ਨਹੀਂ ਹਨ।

 PunjabKesari
ਜ਼ਿਕਰਯੋਗ ਹੈ ਕਿ ਬੀਤੇ ਦਿਨੀਂ ਜਦੋਂ ਭਾਰਤ ਬੰਦ ਹੋਇਆ ਸੀ ਤਾਂ ਬਾਂਸਾਂਵਾਲਾ ਬਾਜ਼ਾਰ 'ਚ ਇਕ ਕਿਤਾਬਾਂ ਦੀ ਦੁਕਾਨ ਦੇਰੀ ਤੋਂ ਬੰਦ ਹੋਈ ਸੀ। ਉਦੋਂ ਦਲਿਤ ਭਾਈਚਾਰੇ ਦੇ ਲੋਕਾਂ ਨਾਲ ਜਨਰਲ ਸਮਾਜ ਦੇ ਦੁਕਾਨਦਾਰ ਦੀ ਬਹਿਸ ਹੋ ਗਈ ਸੀ। ਇਕ ਵਿਅਕਤੀ ਨੇ ਉਕਤ ਦੁਕਾਨਦਾਰ 'ਤੇ ਜਾਤੀਸੂਚਕ ਸ਼ਬਦ ਬੋਲਣ ਦਾ ਦੋਸ਼ ਲਗਾ ਕੇ ਪੁਲਸ 'ਚ ਸ਼ਿਕਾਇਤ ਦੇ ਦਿੱਤੀ ਸੀ। ਉਦੋਂ ਤੋਂ ਉਸ ਦੀ ਦੁਕਾਨ ਬੰਦ ਸੀ। ਬੀਤੇ ਦਿਨ ਕੁਝ ਦੁਕਾਨਦਾਰਾਂ ਨੇ ਉਕਤ ਦੁਕਾਨਦਾਰ ਦੀ ਦੁਕਾਨ ਖੁੱਲ੍ਹਵਾ ਦਿੱਤੀ ਪਰ ਕੁਝ ਲੋਕ ਦੁਕਾਨ ਬੰਦ ਕਰਵਾਉਣ ਆ ਗਏ। ਇਸ ਨਾਲ ਗੁੱਸੇ 'ਚ ਆਏ ਦੁਕਾਨਦਾਰਾਂ ਨੇ ਦੁਕਾਨਾਂ ਬੰਦ ਕਰਵਾ ਦਿੱਤੀਆਂ, ਜਿਸ ਕਾਰਨ ਸਥਿਤੀ ਨੂੰ ਦੇਖਦੇ ਹੋਏ ਫਗਵਾੜਾ ਵੀ ਬੰਦ ਕਰਵਾ ਦਿੱਤਾ ਗਿਆ।


Related News