ਫਗਵਾੜਾ ਸਿਵਲ ਹਸਪਤਾਲ ''ਚ ਡੇਂਗੂ ਬੁਖਾਰ ਨਾਲ ਪੀੜਤ ਇਕ ਵੀ ਰੋਗੀ ਭਰਤੀ ਨਹੀਂ

Sunday, Oct 29, 2017 - 05:19 PM (IST)

ਫਗਵਾੜਾ (ਜਲੋਟਾ)— ਸਿਵਲ ਹਸਪਤਾਲ ਦੇ ਐੱਸ. ਐੱਮ. ਓ. ਡਾ. ਦਵਿੰਦਰ ਸਿੰਘ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਸਿਵਲ ਹਸਪਤਾਲ ਵਿਚ ਡੇਂਗੂ ਬੁਖਾਰ ਨਾਲ ਪੀੜਤ ਇਕ ਵੀ ਰੋਗੀ ਨਹੀਂ ਹੈ। ਐੱਸ. ਐੱਮ. ਓ. ਨੇ ਕਿਹਾ ਕਿ ਹਸਪਤਾਲ ਵਿਚ ਡੇਂਗੂ ਬੁਖਾਰ ਨਾਲ ਪੀੜਤ ਰੋਗੀਆਂ ਲਈ ਵਿਸ਼ੇਸ਼ ਡੇਂਗੂ ਵਾਰਡ ਸਥਾਪਿਤ ਕੀਤਾ ਗਿਆ ਹੈ ਅਤੇ ਜੋ ਪੂਰਾ ਵਾਰਡ ਖਾਲੀ ਪਿਆ ਹੈ। ਉਨ੍ਹਾਂ ਨੇ ਕਿਹਾ ਕਿ ਸ਼ਹਿਰ ਵਿਚ ਡੇਂਗੂ ਬੁਖਾਰ ਨਾਲ ਅਧਿਕਾਰਤ ਤੌਰ 'ਤੇ ਕਿਸੇ ਵੀ ਵਿਅਕਤੀ ਦੀ ਮੌਤ ਹੋਣ ਦੀ ਸੂਚਨਾ ਉਨ੍ਹਾਂ ਦੇ ਕੋਲ ਮੌਜੂਦ ਨਹੀਂ ਹੈ। ਹਾਲਾਂਕਿ ਪਹਿਲਾਂ ਸ਼ਹਿਰ ਵਿਚ 29 ਕੇਸ ਡੇਂਗੂ ਦੇ ਪਾਜ਼ੀਟਿਵ ਪਾਏ ਗਏ ਸਨ ਪਰ ਡੇਂਗੂ ਬੁਖਾਰ ਨਾਲ ਕਿਸੇ ਵੀ ਵਿਅਕਤੀ ਦੀ ਮੌਤ ਹੋਣ ਦੀ ਅਧਿਕਾਰਤ ਤੌਰ 'ਤੇ ਜਾਣਕਾਰੀ ਉਨ੍ਹਾਂ ਦੇ ਕੋਲ ਨਹੀਂ ਹੈ।
ਉਨ੍ਹਾਂ ਨੇ ਕਿਹਾ ਕਿ ਸ਼ਹਿਰ ਅਤੇ ਆਸ-ਪਾਸ ਦੇ ਇਲਾਕਿਆਂ ਵਿਚ ਕੁਝ ਲੋਕਾਂ ਦੇ ਬੁਖਾਰ ਨਾਲ ਪੀੜਤ ਹੋਣ ਦੀਆਂ ਸੂਚਨਾਵਾਂ ਉਨ੍ਹਾਂ ਕੋਲ ਆਈਆਂ ਹਨ ਪਰ ਉਨ੍ਹਾਂ ਨੂੰ ਡੇਂਗੂ ਬੁਖਾਰ ਹੋਣ ਦੀ ਕਿਸੇ ਵੀ ਪੱਧਰ 'ਤੇ ਕੋਈ ਪੁਸ਼ਟੀ ਨਹੀਂ ਹੋਈ ਹੈ। ਉਨ੍ਹਾਂ ਨੇ ਕਿਹਾ ਕਿ ਲੋਕਾਂ ਵਿਚ ਇਹ ਆਮ ਧਾਰਨਾ ਹੈ, ਜੇਕਰ ਖੂਨ ਦੇ ਸੈੱਲ ਘੱਟ ਹੋ ਜਾਣ ਤੇ ਬੁਖਾਰ ਹੋ ਜਾਵੇ ਤਾਂ ਉਹ ਡੇਂਗੂ ਬੁਖਾਰ ਹੈ, ਜਦਕਿ ਅਜਿਹਾ ਨਹੀਂ ਹੈ। ਬਤੌਰ ਐੱਸ. ਐੱਮ. ਓ. ਉਹ ਜਨਤਾ ਨੂੰ ਇਹ ਦੱਸਣਾ ਚਾਹੁੰਦੇ ਹਨ ਕਿ ਸ਼ੱਕੀ ਡੇਂਗੂ ਬੁਖਾਰ ਹੋਣ ਦੀ ਪੁਸ਼ਟੀ ਰੈਪਿਡ ਟੈਸਟ ਨਾਲ ਹੁੰਦੀ ਹੈ ਜਾਂ ਉਨ੍ਹਾਂ ਮਾਮਲਿਆਂ ਵਿਚ ਡੇਂਗੂ ਬੁਖਾਰ ਹੋ ਸਕਦਾ ਹੈ, ਜਿੱਥੇ ਬਲੱਡ ਪਲੇਟਲੈਟਸ ਸੈੱਲ 50 ਹਜ਼ਾਰ ਤੋਂ ਘੱਟ ਹੋ ਜਾਣ। ਉਨ੍ਹਾਂ ਨੇ ਕਿਹਾ ਕਿ ਲੋਕ ਆਮ ਤੌਰ 'ਤੇ ਵਾਇਰਲ ਬੁਖਾਰ ਨੂੰ ਵੀ ਡੇਂਗੂ ਬੁਖਾਰ ਸਮਝ ਲੈਂਦੇ ਹਨ। ਸ਼ਹਿਰ ਵਿਚ ਕਈ ਇਲਾਕਿਆਂ ਰਤਨਪੁਰਾ, ਓਂਕਾਰ ਨਗਰ, ਸ਼ਹੀਦ ਊਧਮ ਸਿੰਘ ਨਗਰ, ਦਰਜਨਾਂ ਲੋਕ ਤੇਜ਼ ਬੁਖਾਰ ਨਾਲ ਪੀੜਤ ਹਨ ਤੇ ਲੋਕ ਦਾਅਵਾ ਕਰ ਰਹੇ ਹਨ ਕਿ ਉਨ੍ਹਾਂ ਨੂੰ ਡੇਂਗੂ ਬੁਖਾਰ ਹੈ। ਕੁਝ ਲੋਕ ਤਾਂ ਸਥਾਨਕ ਪੱਧਰ 'ਤੇ ਨਿੱਜੀ ਹਸਪਤਾਲਾਂ ਵਿਚ ਡੇਂਗੂ ਬੁਖਾਰ ਦਾ ਇਲਾਜ ਤਕ ਕਰਵਾ ਰਹੇ ਹਨ ਅਤੇ ਕੁਝ ਲੋਕ ਲੁਧਿਆਣਾ ਦੇ ਡੀ. ਐੱਮ. ਸੀ. ਹਸਪਤਾਲ ਸਣੇ ਹੋਰ ਵੱਡੇ ਹਸਪਤਾਲਾਂ ਵਿਚ ਇਲਾਜ ਕਰਵਾ ਰਹੇ ਹਨ।


Related News