ਲੁਟੇਰਿਆਂ ਦਾ ਫਗਵਾੜਾ ਪੁਲਸ ਨੂੰ ਤੋਹਫਾ, 17 ਦਿਨਾਂ ''ਚ ਹੋਈਆਂ 8 ਵੱਡੀਆਂ ਘਟਨਾਵਾਂ

01/18/2020 4:10:47 PM

ਫਗਵਾੜਾ (ਹਰਜੋਤ)— ਫਗਵਾੜਾ ਸ਼ਹਿਰ 'ਚ ਲੁਟੇਰਿਆਂ ਅਤੇ ਚੋਰਾਂ ਦੇ ਗਿਰੋਹ ਪੂਰੀ ਤਰ੍ਹਾਂ ਸਰਗਰਮੀ ਨਾਲ ਕੰਮ ਰਹੇ ਹਨ ਅਤੇ ਆਏ ਦਿਨ ਪੁਲਸ ਨੂੰ ਵੱਡੀ ਚੁਣੌਤੀ ਦੇ ਕੇ ਨਿਕਲ ਜਾਂਦੇ ਹਨ। ਪੁਲਸ ਸਿਰਫ ਮਾਮਲਾ ਦਰਜ ਕਰਕੇ ਭਾਲ ਕਰਕੇ ਜਦੋਂ ਕੋਈ ਨਵਾਂ ਕੇਸ ਆ ਜਾਂਦਾ ਹੈ ਤਾਂ ਪੁਰਾਣਾ ਕੇਸ ਉੱਥੇ ਹੀ ਠੱਪ ਹੋ ਕੇ ਰਹਿ ਜਾਂਦਾ ਹੈ, ਜਿਸ ਕਾਰਨ ਲੁਟੇਰਿਆਂ ਦੇ ਹੌਂਸਲੇ ਦਿਨੋਂ-ਦਿਨ ਹੋਰ ਵੱਧਦੇ ਜਾ ਰਹੇ ਹਨ ਅਤੇ ਉਹ ਦਿਨ ਦਿਹਾੜੇ ਸ਼ਹਿਰ ਦੇ ਪਾਸ਼ ਤੇ ਹੋਰ ਇਲਾਕਿਆਂ 'ਚੋਂ ਘਟਨਾ ਨੂੰ ਅੰਜਾਮ ਦੇਣ ਲਈ ਪੂਰੀ ਤਰ੍ਹਾਂ ਤੇਜ਼ੀ ਨਾਲ ਕੰਮ ਕਰ ਰਹੇ ਹਨ।
ਇਥੋਂ ਤਕ ਕਿ ਲੁਟੇਰਿਆਂ ਦੇ ਹੌਂਸਲੇ ਇੰਨੇ ਬੁਲੰਦ ਹੋ ਚੁੱਕੇ ਹਨ ਕਿ ਸ਼ਰੇਆਮ ਘਰਾਂ 'ਚ ਜਾ ਕੇ ਔਰਤਾਂ ਦੀਆਂ ਵਾਲੀਆਂ ਤੇ ਬਾਜ਼ਾਰ 'ਚ ਜਾ ਰਹੀਆਂ ਔਰਤਾਂ ਦੇ ਪਰਸ ਤੇ ਮੋਬਾਇਲ ਖੋਹਣਾ ਤਾਂ ਇਕ ਸਾਧਾਰਨ ਜਿਹੀ ਗੱਲ ਹੀ ਹੋਈ ਹੈ। ਸਾਲ 2020 ਦੀ ਸ਼ੁਰੂਆਤ 'ਚ ਹੀ ਜਨਵਰੀ ਦੇ 17 ਦਿਨਾਂ 'ਚ ਲੁਟੇਰੇ 8 ਘਟਨਾਵਾਂ ਨੂੰ ਅੰਜਾਮ ਦੇ ਚੁੱਕੇ ਹਨ ਅਤੇ ਇਨ੍ਹਾਂ ਨੂੰ ਕਾਬੂ ਕਰਨਾ ਪੁਲਸ ਲਈ ਵੱਡੀ ਚੁਣੌਤੀ ਲੱਗ ਰਿਹਾ ਹੈ।

ਲੁਟੇਰਿਆਂ ਵੱਲੋਂ ਕੀਤੀਆਂ ਗਈਆਂ ਵਾਰਦਾਤਾਂ ਦਾ ਵੇਰਵਾ
ਸਾਲ 2020 ਦੇ ਸ਼ੁਰੂਆਤ 'ਚ ਹੀ 3 ਜਨਵਰੀ ਨੂੰ ਲੁਟੇਰਿਆਂ ਨੇ ਸਰਾਫਾ ਬਾਜ਼ਾਰ 'ਚੋਂ ਬਿਦੁੱਤ ਬੰਗਾਲੀ ਨਾਮੀ ਕਾਰੀਗਾਰ ਦੀ ਦੁਕਾਨ ਤੋਂ ਰਿਵਾਲਵਰ ਦੀ ਨੋਕ 'ਤੇ ਕਰੀਬ ਅੱਧਾ ਕਿਲੋ ਸੋਨਾ ਲੈ ਕੇ ਫਰਾਰ ਹੋ ਗਏ। ਪੁਲਸ ਨੇ ਇਸ ਮਾਮਲੇ 'ਚ ਕਾਫੀ ਸਰਗਰਮੀ ਤਾਂ ਜ਼ਰੂਰ ਦਿਖਾਈ ਪਰ ਬੜੀ ਸਰਗਰਮੀ ਪਿੱਛੋਂ ਸੀ. ਸੀ. ਟੀ. ਵੀ ਕੈਮਰਿਆਂ 'ਚੋਂ ਲੁਟੇਰਿਆਂ ਦੀਆਂ ਤਸਵੀਰਾ ਵੀ ਸਾਹਮਣੇ ਆ ਗਈਆਂ ਪਰ ਇਸ ਦੇ ਬਾਵਜੂਦ ਵੀ ਲੁਟੇਰੇ ਅੱਖੀ ਘੱਟਾ ਪਾ ਕੇ ਆਪਣੀ ਮੰਜ਼ਿਲ 'ਤੇ ਪਹੁੰਚ ਗਏ ਅਤੇ ਪੁਲਸ ਨੂੰ ਕੁਝ ਵੀ ਪ੍ਰਾਪਤ ਨਹੀਂ ਹੋਇਆ।
7 ਜਨਵਰੀ ਨੂੰ ਚੋਰਾਂ ਨੇ ਫਗਵਾੜਾ ਦੇ ਪਿੰਡ ਰਾਣੀਪੁਰ ਕੰਬੋਆ 'ਚ ਇਕ ਘਰ 'ਚੋਂ ਲੱਖਾਂ ਦੇ ਗਹਿਣੇ ਅਤੇ 48 ਹਜ਼ਾਰ ਦੀ ਨਕਦੀ ਚੋਰੀ ਕੀਤੀ।
11 ਜਨਵਰੀ ਨੂੰ ਫ਼ਿਰ ਲੁਟੇਰਿਆਂ ਨੇ ਖੋਥੜਾ ਰੋਡ 'ਤੇ ਇਕ ਮੈਡੀਕਲ ਸਟੋਰ ਮਾਲਕ ਕੋਲੋਂ ਪਿਸਤੌਲ ਦੀ ਨੋਕ 'ਤੇ 12 ਹਜ਼ਾਰ ਰੁਪਏ ਦੀ ਨਕਦੀ ਖੋਹੀ।
13 ਜਨਵਰੀ ਨੂੰ ਚੋਰਾਂ ਨੇ ਨਿਊ ਮਾਡਲ ਟਾਊਨ ਖੇਤਰ 'ਚ ਪੈਂਦੀ ਇਕ ਕਰਿਆਨੇ ਦੀ ਦੁਕਾਨ ਨੂੰ ਨਿਸ਼ਾਨਾ ਬਣਾਇਆ ਅਤੇ ਦੁਕਾਨ ਦਾ ਸ਼ੱਟਰ ਪੁੱਟ ਕੇ ਹਜ਼ਾਰਾਂ ਦੀ ਕੀਮਤ ਦਾ ਸਾਮਾਨ ਚੋਰੀ ਕਰ ਕੇ ਫਰਾਰ ਹੋ ਗਏ।
15 ਜਨਵਰੀ ਨੂੰ ਭਗਤਪੁਰਾ ਵਿਖੇ ਸਥਿਤ ਇਕ ਕੁਆੜ ਦੀ ਦੁਕਾਨ ਚਲਾਉਣ ਵਾਲੇ ਵਿਅਕਤੀ ਦਾ ਲੁਟੇਰੇ ਕਰੀਬ 47 ਹਜ਼ਾਰ ਰੁਪਏ ਦੀ ਨਕਦੀ ਵਾਲਾ ਬੈਗ ਲੁੱਟ ਕੇ ਫ਼ਰਾਰ ਹੋ ਗਏ।
15 ਜਨਵਰੀ ਨੂੰ ਹੀ ਇਥੋਂ ਦੇ ਮੁਹੱਲਾ ਖਲਵਾੜਾ ਗੇਟ ਵਿਖੇ ਦੋ ਮੋਟਰਸਾਈਕਲ ਸਵਾਰ ਲੁਟੇਰਿਆਂ ਨੇ ਇਕ ਬਜ਼ੁਰਗ ਔਰਤ ਨੂੰ ਨਿਸ਼ਾਨਾ ਬਣਾ ਕੇ ਉਸ ਦੀਆਂ ਸੋਨੇ ਦੀਆਂ ਵਾਲੀਆਂ ਝੱਪਟੀਆਂ।
16 ਜਨਵਰੀ ਨੂੰ ਸ਼ਹਿਰ ਦੇ ਪਾਸ਼ ਇਲਾਕੇ ਹਰਗੋਬਿੰਦ ਨਗਰ 'ਚੋਂ ਮੋਟਰਸਾਈਕਲ 'ਤੇ ਸਵਾਰ ਹੋ ਕੇ ਆਏ ਦੋ ਲੁਟੇਰੇ ਇਕ ਔਰਤ ਦਾ ਪਰਸ ਖੋਹ ਕੇ ਫ਼ਰਾਰ ਹੋ ਗਏ।
17 ਜਨਵਰੀ ਨੂੰ ਪਿੰਡ ਪਾਂਸ਼ਟਾ ਵਿਖੇ ਚੋਰਾਂ ਨੇ ਇਕ ਘਰ ਨੂੰ ਨਿਸ਼ਾਨਾ ਬਣਾ ਕੇ 10 ਤੋਲੇ ਸੋਨਾ ਅਤੇ 34 ਹਜ਼ਾਰ ਦੀ ਨਕਦੀ ਚੋਰੀ ਕੀਤੀ।

ਲੋਕ ਬੋਲੇ — ਫਗਵਾੜਾ ਪੁਲਸ ਦਾ ਤਾਂ ਹੈ ਹੀ ਬਹੁਤ ਬੁਰਾ ਹਾਲ
ਸਥਾਨਕ ਲੋਕਾਂ ਦਾ ਕਹਿਣਾ ਹੈ ਕਿ ਫਗਵਾੜਾ ਪੁਲਸ ਦਾ ਤਾਂ ਹੈ ਹੀ ਬਹੁਤ ਬੁਰਾ ਹਾਲ। ਲੁਟੇਰੇ ਸ਼ਰੇਆਮ ਘਟਨਾਵਾਂ ਨੂੰ ਅੰਜਾਮ ਦੇ ਕੇ ਫਰਾਰ ਹੋ ਜਾਂਦੇ ਪਰ ਪੁਲਸ ਦੇ ਹੱਥ ਕੁਝ ਨਹੀਂ ਲੱਗਦਾ। ਇੰਨੀ ਦੇਰ ਨੂੰ ਲੁਟੇਰੇ ਦੋਬਾਰਾ ਇਕ ਹੋਰ ਘਟਨਾ ਨੂੰ ਅੰਜਾਮ ਦੇ ਦਿੰਦੇ ਹਨ। ਪੁਲਸ ਪੁਰਾਣੀ ਘਟਨਾ ਭੁੱਲ ਕੇ ਨਵੀਂ ਘਟਨਾ ਨੂੰ ਸੁਲਝਾਉਣ 'ਚ ਲੱਗ ਪੈਂਦੀ ਹੈ। ਉਨ੍ਹਾਂ ਕਿਹਾ ਕਿ ਪੁਲਸ ਉਕਤ ਘਟਨਾਵਾਂ ਸਬੰਧੀ ਕੇਸ ਦਰਜ ਕਰ ਭੁੱਲ ਜਾਂਦੀ ਹੈ ਕਿ ਉਕਤ ਮਾਮਲਿਆਂ ਦੇ ਦੋਸ਼ੀਆਂ ਨੂੰ ਵੀ ਫੜਨਾ ਹੈ। ਲੋਕਾਂ ਨੇ ਕਿਹਾ ਕਿ ਲੁਟੇਰੇ ਸ਼ਹਿਰ ਨੂੰ ਆਸਾਨੀ ਨਾਲ ਟਾਰਗੈਟ ਬਣਾ ਰਹੇ ਹਨ। ਫਗਵਾੜਾ 'ਚ ਰਹਿ ਕੇ ਉਹ ਆਪਣੇ-ਆਪ ਨੂੰ ਅਸੁਰੱਖਿਅਤ ਮਹਿਸੂਸ ਕਰ ਰਹੇ ਹਨ। ਸ਼ਹਿਰ 'ਚ ਦਿਨੋਂ-ਦਿਨ ਘਟਵਾਨਾਂ 'ਚ ਲਗਾਤਾਰ ਵਾਧਾ ਹੋ ਰਿਹਾ ਹੈ। ਚੋਰਾਂ ਅਤੇ ਲੁਟੇਰਿਆਂ ਨੇ ਹੁਣ ਤਾਂ ਔਰਤਾਂ ਨੂੰ ਵੀ ਨਿਸ਼ਾਨਾ ਬਣਾਉਣਾ ਸ਼ੁਰੂ ਕਰ ਦਿੱਤਾ ਹੈ। ਜਿਸ ਕਾਰਣ ਔਰਤਾਂ ਦਾ ਘਰੋਂ ਨਿਕਲਣਾ ਵੀ ਮੁਸ਼ਕਿਲ ਹੋਇਆ ਪਿਆ ਹੈ।
ਲੋਕਾਂ ਨੇ ਜ਼ਿਲਾ ਪੁਲਸ ਮੁਖੀ ਤੋਂ ਮੰਗ ਕੀਤੀ ਕਿ ਸ਼ਹਿਰ 'ਚ ਪੁਲਸ ਦੀ ਜਿਥੇ ਨਫ਼ਰੀ ਵਧਾਈ ਜਾਵੇ ਉੱਥੇ ਹੀ ਨਾਕਿਆਂ ਤੇ ਇਹੋ ਜਿਹੇ ਕਰਾਈਮ ਨੂੰ ਰੋਕਣ ਲਈ ਠੋਸ ਕਦਮ ਚੁੱਕੇ ਜਾਣ।

ਪਿਛਲੇ ਸਾਲ ਦੇ ਜ਼ਿਆਦਾਤਰ ਕੇਸ ਵੀ ਪੈਂਡਿੰਗ
2019 'ਚ ਵੀ ਹੋਈਆਂ ਕਤਲ ਅਤੇ ਲੁੱਟਾਂ-ਖੋਹਾਂ ਦੀਆਂ ਘਟਨਾਵਾਂ 'ਚ ਵੀ ਅਜੇ ਪੁਲਸ ਨੂੰ ਕੋਈ ਸਫਲਤਾ ਨਹੀਂ ਮਿਲੀ। ਜ਼ਿਆਦਾਤਰ ਮਾਲਿਆਂ 'ਚ ਕਈ ਕੇਸ ਤਾਂ ਪੈਂਡਿੰਗ ਹੀ ਪਏ ਹੋਏ ਹਨ। 2019 'ਚ ਵੀ ਲੁੱਟ ਦੀਆਂ ਕਈ ਅਹਿਮ ਵਾਰਦਾਤਾਂ ਹੋਈਆਂ ਸਨ ਅਤੇ ਇਥੋਂ ਦੇ ਪੰਜਾਹ ਨੈਸ਼ਨਲ ਬੈਂਕਾਂ 'ਚ ਵੀ ਪਿਸਤੌਲ ਦੀ ਨੋਕ 'ਤੇ ਲੁਟੇਰੇ 7 ਲੱਖ 70 ਹਜ਼ਾਰ ਰੁਪਏ ਦੀ ਰਾਸ਼ੀ ਲੈ ਕੇ ਫ਼ਰਾਰ ਹੋ ਗਏ ਸਨ। ਇਸੇ ਤਰ੍ਹਾਂ ਸੁਖਚੈਨ ਨਗਰ ਵਿਖੇ ਦਿਨ ਦਿਹਾੜੇ ਇਕ ਔਰਤ ਦਾ ਕਤਲ ਵੀ ਲੁਟੇਰਿਆਂ ਵੱਲੋਂ ਕਰ ਦਿੱਤਾ ਗਿਆ ਸੀ ਫ਼ਿਰ ਸਕਿਓਰਟੀ ਗਾਰਡਾਂ ਦੀ ਕੁੱਟਮਾਰ ਕਰਕੇ ਲੁੱਟ ਤੇ ਹੋਰ ਕਈ ਘਟਨਾਵਾਂ ਸ਼ਾਮਲ ਹਨ ਪਰ ਫਿਲਹਾਲ ਪੁਲਸ ਨੂੰ 2019 ਦੀਆਂ ਅਹਿਮ ਘਟਨਾਵਾਂ 'ਚ ਵੀ ਕੋਈ ਪ੍ਰਾਪਤ ਨਹੀਂ ਹੋਈ।

ਉਕਤ ਮਾਮਲਿਆਂ ਦੇ ਦੋਸ਼ੀਆਂ ਦਾ ਜਲਦ ਕੀਤਾ ਜਾਵੇਗਾ ਖੁਲਾਸਾ : ਐੱਸ. ਪੀ.
ਇਸ ਸਬੰਧੀ ਜਦੋਂ ਐੱਸ. ਪੀ. ਮਨਵਿੰਦਰ ਸਿੰਘ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਕਿਹਾ ਕਿ ਬਹੁਤ ਜਲਦੀ ਹੀ ਉਹ ਇਨ੍ਹਾਂ ਮਾਮਲਿਆਂ ਦੇ ਦੋਸ਼ੀਆਂ ਦਾ ਜਲਦ ਖੁਲਾਸਾ ਕਰਨਗੇ। ਉਨ੍ਹਾਂ ਕਿਹਾ ਕਿ ਸ਼ਹਿਰ 'ਚ ਅਮਨ ਤੇ ਸ਼ਾਂਤੀ ਦੀ ਸਥਿਤੀ ਪੂਰੀ ਤਰ੍ਹਾਂ ਬਰਕਰਾਰ ਰੱਖੀ ਜਾਵੇਗੀ ਅਤੇ ਕਿਸੇ ਨੂੰ ਵੀ ਕਾਨੂੰਨ ਤੋੜਨ ਦੀ ਆਗਿਆ ਨਹੀਂ ਦਿੱਤੀ ਜਾਵੇਗੀ। ਉਨ੍ਹਾਂ ਕਿਹਾ ਕਿ ਪੁਲਸ ਪੂਰੀ ਤਰ੍ਹਾਂ ਲੋਕਾਂ ਦੀ ਸੁਰੱਖਿਆ ਲਈ ਵਰਨਬੱਧ ਹੈ ਅਤੇ ਅਜਿਹੀ ਅਨਸਰਾਂ ਨੂੰ ਕਿਸੇ ਕੀਮਤ 'ਤੇ ਬਖਸ਼ਿਆ ਨਹੀਂ ਜਾਵੇਗਾ।


shivani attri

Content Editor

Related News