ਫਗਵਾੜਾ ਸੀਟ ''ਤੇ ਫਿਰ ਸਾਬਕਾ ਆਈ.ਏ.ਐੱਸ. ਅਧਿਕਾਰੀ ਦਾ ਕਬਜ਼ਾ

Tuesday, Oct 29, 2019 - 05:24 AM (IST)

ਫਗਵਾੜਾ ਸੀਟ ''ਤੇ ਫਿਰ ਸਾਬਕਾ ਆਈ.ਏ.ਐੱਸ. ਅਧਿਕਾਰੀ ਦਾ ਕਬਜ਼ਾ

ਲੁਧਿਆਣਾ/ਫਗਵਾੜਾ (ਹਿਤੇਸ਼)— ਫਗਵਾੜਾ ਸੀਟ 'ਤੇ ਹੋਈ ਜ਼ਿਮਨੀ ਚੋਣ ਦੌਰਾਨ ਬਲਵਿੰਦਰ ਸਿੰਘ ਧਾਲੀਵਾਲ ਨੂੰ ਮਿਲੀ ਜਿੱਤ ਨਾਲ ਵਿਧਾਨ ਸਭਾ 'ਚ ਸਾਬਕਾ ਅਧਿਕਾਰੀਆਂ ਦੀ ਘਾਟ ਨਹੀਂ ਰੜਕੇਗੀ। ਇਥੇ ਦੱਸਣਾ ਉੱਚਿਤ ਹੋਵੇਗਾ ਕਿ ਫਗਵਾੜਾ ਸੀਟ 'ਤੇ ਪਹਿਲਾਂ 2017 ਦੀਆਂ ਚੋਣਾਂ 'ਚ ਸਾਬਕਾ ਆਈ. ਏ. ਐੈੱਸ. ਅਫਸਰ ਸੋਮ ਪ੍ਰਕਾਸ਼ ਭਾਜਪਾ ਦੀ ਟਿਕਟ 'ਤੇ ਜਿੱਤ ਕੇ ਵਿਧਾਇਕ ਬਣੇ ਸਨ, ਜਿਸ ਦੇ 2019 'ਚ ਹੁਸ਼ਿਆਰਪੁਰ ਤੋਂ ਲੋਕ ਸਭਾ ਦੀਆਂ ਚੋਣਾਂ ਜਿੱਤ ਕੇ ਕੇਂਦਰ ਸਰਕਾਰ 'ਚ ਮੰਤਰੀ ਬਣਨ ਤੋਂ ਬਾਅਦ ਫਗਵਾੜਾ ਸੀਟ ਖਾਲੀ ਹੋਈ ਸੀ। ਇਥੋਂ ਸੋਮ ਪ੍ਰਕਾਸ਼ ਆਪਣੀ ਪਤਨੀ ਨੂੰ ਚੋਣ ਲੜਵਾਉਣਾ ਚਾਹੁੰਦੇ ਸਨ ਪਰ ਉਸ ਦੀ ਬਜਾਏ ਭਾਜਪਾ ਨੇ ਰਾਕੇਸ਼ ਬਾਘਾ ਨੂੰ ਟਿਕਟ ਦੇਣ ਦਾ ਫੈਸਲਾ ਕੀਤਾ।

ਕਾਂਗਰਸ ਵੱਲੋਂ ਫਗਵਾੜਾ ਤੋਂ ਜਿਹੜੇ ਬਲਵਿੰਦਰ ਸਿੰਘ ਧਾਲੀਵਾਲ ਨੂੰ ਟਿਕਟ ਦਿੱਤੀ ਗਈ ਉਹ ਵੀ ਆਈ. ਏ. ਐੈੱਸ. ਦੀ ਪੋਸਟ ਤੋਂ ਅਸਤੀਫਾ ਦੇ ਕੇ ਚੋਣ ਲੜੇ ਸਨ। ਇਸ ਤੋਂ ਪਹਿਲਾਂ ਸੋਮ ਪ੍ਰਕਾਸ਼ ਦੇ ਅਸਤੀਫਾ ਦੇਣ ਤੋਂ ਬਾਅਦ ਖਾਲੀ ਹੋਈ ਸੀਟ 'ਤੇ ਇਕ ਵਾਰ ਫਿਰ ਸਾਬਕਾ ਆਈ. ਏ. ਐੈੱਸ. ਅਫਸਰ ਦਾ ਕਬਜ਼ਾ ਹੋ ਗਿਆ ਹੈ। ਲੁਧਿਆਣਾ ਦੀ ਗਿੱਲ ਸੀਟ ਤੋਂ ਕਾਂਗਰਸ ਦੇ ਵਿਧਾਇਕ ਬਣੇ ਕੁਲਦੀਪ ਸਿੰਘ ਵੀ ਸਾਬਕਾ ਆਈ. ਏ. ਐੈੱਸ. ਅਫਸਰ ਹਨ ਅਤੇ ਡਿਪਟੀ ਸਪੀਕਰ ਅਜਾਇਬ ਸਿੰਘ ਭੱਟੀ ਵੀ ਪੀ. ਸੀ. ਐੈੱਸ. ਅਧਿਕਾਰੀ ਰਹਿ ਚੁੱਕੇ ਹਨ।

ਇਯਾਲੀ ਨੂੰ ਛੱਡ ਕੇ ਪਹਿਲੀ ਵਾਰ ਜਿੱਤੇ ਹਨ ਤਿੰਨੋਂ ਵਿਧਾਇਕ
ਪੰਜਾਬ ਦੀਆਂ 4 ਸੀਟਾਂ 'ਤੇ ਹੋਈਆਂ ਜ਼ਿਮਨੀ ਚੋਣਾਂ ਦੌਰਾਨ ਕਾਂਗਰਸ ਵੱਲੋਂ ਐਲਾਨੇ ਗਏ ਚਾਰੋਂ ਉਮੀਦਵਾਰ ਪਹਿਲੀ ਵਾਰ ਵਿਧਾਨ ਸਭਾ ਦੀਆਂ ਚੋਣਾਂ ਲੜ ਰਹੇ ਸਨ, ਜਿਸ 'ਚੋਂ 3 ਨੂੰ ਫਗਵਾੜਾ, ਮੁਕੇਰੀਆਂ ਅਤੇ ਜਲਾਲਾਬਾਦ ਤੋਂ ਜਿੱਤ ਹਾਸਲ ਹੋਈ ਹੈ ਜਦੋਂਕਿ ਦਾਖਾ ਸੀਟ ਤੋਂ ਜਿੱਤੇ ਮਨਪ੍ਰੀਤ ਸਿੰਘ ਇਯਾਲੀ ਪਹਿਲਾਂ ਵੀ ਵਿਧਾਇਕ ਰਹਿ ਚੁੱਕੇ ਹਨ।


author

shivani attri

Content Editor

Related News