PGI ਦੀ ਰਿਪੋਰਟ ’ਚ ਹੈਰਾਨੀਜਨਕ ਖ਼ੁਲਾਸਾ! ਔਰਤਾਂ ਤੇ ਪੁਰਸ਼ਾਂ 'ਚ ਵਧਿਆ ਇਸ ਭਿਆਨਕ ਬੀਮਾਰੀ ਦਾ ਖ਼ਤਰਾ

Sunday, Dec 21, 2025 - 12:46 PM (IST)

PGI ਦੀ ਰਿਪੋਰਟ ’ਚ ਹੈਰਾਨੀਜਨਕ ਖ਼ੁਲਾਸਾ! ਔਰਤਾਂ ਤੇ ਪੁਰਸ਼ਾਂ 'ਚ ਵਧਿਆ ਇਸ ਭਿਆਨਕ ਬੀਮਾਰੀ ਦਾ ਖ਼ਤਰਾ

ਚੰਡੀਗੜ੍ਹ (ਸ਼ੀਨਾ)- ਕੈਂਸਰ ਅੱਜ ਸਮਾਜ ਲਈ ਸਭ ਤੋਂ ਗੰਭੀਰ ਅਤੇ ਚੁਣੌਤੀਪੂਰਨ ਬੀਮਾਰੀਆਂ ’ਚੋਂ ਇਕ ਬਣ ਚੁੱਕਾ ਹੈ। ਪਹਿਲਾਂ ਇਹ ਬੀਮਾਰੀ ਵੱਡੀ ਉਮਰ ਨਾਲ ਜੋੜੀ ਜਾਂਦੀ ਸੀ ਪਰ ਹੁਣ ਜੀਵਨਸ਼ੈਲੀ ’ਚ ਆਏ ਬਦਲਾਅ ਕਾਰਨ ਕੈਂਸਰ ਦੇ ਕੇਸ ਨੌਜਵਾਨਾਂ ’ਚ ਵੀ ਤੇਜ਼ੀ ਨਾਲ ਵਧ ਰਹੇ ਹਨ। ਖ਼ਾਸ ਤੌਰ ’ਤੇ ਮਰਦਾਂ ’ਚ ਪ੍ਰੋਸਟੇਟ ਕੈਂਸਰ ਦੇ ਮਾਮਲਿਆਂ ’ਚ ਹਰ ਸਾਲ ਵਾਧਾ ਦਰਜ ਕੀਤਾ ਜਾ ਰਿਹਾ ਹੈ, ਜੋ ਸਿਹਤ ਪ੍ਰਣਾਲੀ ਲਈ ਚਿੰਤਾ ਦਾ ਵਿਸ਼ਾ ਬਣ ਗਿਆ ਹੈ। ਦੂਜੇ ਪਾਸੇ ਔਰਤਾਂ ’ਚ ਬ੍ਰੈਸਟ ਕੈਂਸਰ ਤੇਜ਼ੀ ਨਾਲ ਵਧ ਰਿਹਾ ਹੈ।

ਪੀ. ਜੀ. ਆਈ. ਵੱਲੋਂ ਜਾਰੀ ਕੀਤੀ ਗੈਰ-ਸੰਚਾਰੀ ਬੀਮਾਰੀਆਂ ਸਬੰਧੀ ਰਿਪੋਰਟ ਮੁਤਾਬਕ ਜੁਲਾਈ 2018 ਤੋਂ ਦਸੰਬਰ 2021 ਦੇ ਦਰਮਿਆਨ ਦਰਜ ਹੋਏ, ਇਨ੍ਹਾਂ ਕੇਸਾਂ ’ਚੋਂ ਸਭ ਤੋਂ ਵੱਡਾ ਹਿੱਸਾ ਕੈਂਸਰ ਦਾ ਸੀ। ਕੁੱਲ੍ਹ ਕੇਸਾਂ ’ਚੋਂ ਕਰੀਬ 62.9 ਫ਼ੀਸਦੀ ਮਾਮਲੇ ਕੈਂਸਰ ਨਾਲ ਸਬੰਧਤ ਰਹੇ। ਇਸ ਦੌਰਾਨ ਔਰਤਾਂ ’ਚ ਬ੍ਰੈਸਟ, ਗਲਾ ਅਤੇ ਯੂਟਰਸ ਕੈਂਸਰ ਕੇਸ ਵਧੇ ਜਦਕਿ ਮਰਦਾਂ ’ਚ ਪ੍ਰੋਸਟੇਟ ਕੈਂਸਰ ਦੇ ਮਾਮਲਿਆਂ ’ਚ ਤੇਜ਼ੀ ਨਾਲ ਉਛਾਲ ਆਇਆ।

ਇਹ ਵੀ ਪੜ੍ਹੋ: ਪੰਜਾਬ 'ਚ DGP ਗੌਰਵ ਯਾਦਵ ਦੀ ਸਖ਼ਤੀ! ਵਧਾਈ ਸੁਰੱਖਿਆ,  494 ਹੌਟਸਪੌਟਾਂ 'ਤੇ ਲਾਏ ਗਏ ਨਾਕੇ

ਔਰਤਾਂ ’ਚ ਬ੍ਰੈਸਟ ਕੈਂਸਰ ਦੀ ਦਰ 36.3 ਫ਼ੀਸਦੀ ਤੱਕ ਪਹੁੰਚੀ
ਪੀ. ਜੀ. ਆਈ. ਦੇ ਕਮਿਊਨਿਟੀ ਮੈਡੀਸਨ ਤੇ ਸਕੂਲ ਆਫ਼ ਪਬਲਿਕ ਹੈਲਥ ਨਾਲ ਜੁੜੇ ਮਾਹਰ ਪ੍ਰੋ. ਜੇ. ਐੱਸ. ਠਾਕੁਰ ਮੁਤਾਬਕ 2018 ਤੋਂ 2021 ਦੌਰਾਨ ਮਰਦਾਂ ’ਚ ਪ੍ਰੋਸਟੇਟ ਕੈਂਸਰ ਦੇ ਕੇਸਾਂ ’ਚ ਕਰੀਬ 48.8 ਫ਼ੀਸਦੀ ਵਾਧਾ ਦਰਜ ਕੀਤਾ ਗਿਆ। ਔਰਤਾਂ ’ਚ ਬ੍ਰੈਸਟ ਕੈਂਸਰ ਦੀ ਦਰ ਵੀ ਘੱਟ ਨਹੀਂ ਰਹੀ ਅਤੇ ਇਹ ਕਰੀਬ 36.3 ਫ਼ੀਸਦੀ ਤੱਕ ਪਹੁੰਚ ਗਈ। ਮਾਹਰਾਂ ਮੁਤਾਬਕ ਅੱਜ ਦੇ ਸਮੇਂ ’ਚ ਪ੍ਰੋਸਟੇਟ ਕੈਂਸਰ ਮਰਦਾਂ ਲਈ ਵੱਡਾ ਸਿਹਤ ਖ਼ਤਰਾ ਬਣਦਾ ਜਾ ਰਿਹਾ ਹੈ।

ਇਹ ਵੀ ਪੜ੍ਹੋ: ਨਿਊਜ਼ੀਲੈਂਡ 'ਚ ਨਗਰ ਕੀਰਤਨ ਦੇ ਵਿਰੋਧ 'ਤੇ SGPC ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਦਾ ਵੱਡਾ ਬਿਆਨ

ਮਰਦਾਂ ’ਚ ਮੌਤ ਦੀ ਦਰ 35 ਤੋਂ 40 ਫ਼ੀਸਦੀ ਤੱਕ ਪਹੁੰਚੀ
ਡਾ. ਠਾਕੁਰ ਦੇ ਦੱਸਿਆ ਕਿ ਸਿਹਤ ਸਰਵੇ 2022–24 ਦੇ ਅੰਕੜਿਆਂ ਮੁਤਾਬਕ 45 ਤੋਂ 60 ਸਾਲ ਦੀ ਉਮਰ ਦੇ ਮਰਦਾਂ ’ਚ ਕੈਂਸਰ ਦਾ ਖ਼ਤਰਾ ਤੇਜ਼ੀ ਨਾਲ ਵਧ ਰਿਹਾ ਹੈ। ਇਸ ਉਮਰ ਵਰਗ ’ਚ ਕੈਂਸਰ ਦੇ ਕੇਸਾਂ ’ਚ ਕਰੀਬ 57.2 ਫ਼ੀਸਦੀ ਵਾਧਾ ਦਰਜ ਕੀਤਾ ਗਿਆ। ਔਰਤਾਂ ’ਚ 45 ਤੋਂ 69 ਸਾਲ ਦੀ ਉਮਰ ਦੇ ਦਰਮਿਆਨ ਕੈਂਸਰ ਦੀ ਦਰ 58.5 ਫ਼ੀਸਦੀ ਤੱਕ ਵੇਖੀ ਗਈ ਹੈ। ਡਾਕਟਰਾਂ ਮੁਤਾਬਕ ਜੇਕਰ ਪ੍ਰੋਸਟੇਟ ਕੈਂਸਰ ਦੀ ਪਛਾਣ ਦੇਰ ਨਾਲ ਹੁੰਦੀ ਹੈ ਅਤੇ ਬੀਮਾਰੀ ਚੌਥੀ ਸਟੇਜ ਤੱਕ ਪਹੁੰਚ ਜਾਂਦੀ ਹੈ ਤਾਂ ਮਰਦਾਂ ’ਚ ਮੌਤ ਦੀ ਦਰ 35 ਤੋਂ 40 ਫ਼ੀਸਦੀ ਤੱਕ ਰਹੀ ਹੈ। ਔਰਤਾਂ ’ਚ ਛਾਤੀ ਦਾ ਕੈਂਸਰ ਅਕਸਰ 40 ਤੋਂ 42 ਸਾਲ ਦੀ ਉਮਰ ’ਚ ਸਾਹਮਣੇ ਆ ਰਿਹਾ ਹੈ।

ਇਹ ਹਨ ਕਾਰਨ
ਕੈਂਸਰ ਦੇ ਕਾਰਨ ਮਰਦਾਂ ਅਤੇ ਔਰਤਾਂ ’ਚ ਵੱਖੋ-ਵੱਖਰੇ ਹੁੰਦੇ ਹਨ। ਇਸ ’ਚ ਬਦਲਦੀ ਜੀਵਨਸ਼ੈਲੀ, ਦੇਰ ਨਾਲ ਵਿਆਹ, ਦੇਰ ਨਾਲ ਬੱਚੇ ਪੈਦਾ ਕਰਨਾ, ਪੁਰਸ਼ ਜਿਆਦਾ ਸ਼ਰਾਬ ਦਾ ਸੇਵਨ ਅਤੇ ਸਿਗਰਟਨੋਸ਼ੀ ਕਰਨ ਨਾਲ ਇਹ ਕੈਂਸਰ ਦਾ ਕਾਰਨ ਬਣ ਜਾਂਦਾ ਹੈ। ਲੰਬੇ ਸਮੇਂ ਤੱਕ ਰੇਡੀਏਸ਼ਨ ਦੇ ਸੰਪਰਕ ’ਚ ਰਹਿਣਾ ਜਿਵੇਂ ਮੋਬਾਈਲ, ਲੈਪਟਾਪ, ਵਰਗੇ ਉਪਕਰਨ ਨੇੜੇ ਰੱਖ ਕੇ ਸੋਣਾ। ਇਸ ਤੋਂ ਇਲਾਵਾ ਜੈਨੇਟਿਕ ਨੁਕਸ, ਫਾਸਟ ਫੂਡ ਦੀ ਵੱਧ ਵਰਤੋਂ ਤੇ ਕਾਲੇ ਰੰਗ ਦੇ ਪਲਾਸਟਿਕ ’ਚ ਗਰਮ ਖਾਣੇ ਦਾ ਸੇਵਨ ਕਰਨਾ ਵੀ ਸ਼ਾਮਲ ਹਨ।

ਇਹ ਵੀ ਪੜ੍ਹੋ: ਪੰਜਾਬ 'ਚ ਵੱਡਾ ਐਨਕਾਊਂਟਰ! ਪੁਲਸ ਤੇ ਬਦਮਾਸ਼ਾਂ ਵਿਚਾਲੇ ਚੱਲੀਆਂ ਤਾਬੜਤੋੜ ਗੋਲ਼ੀਆਂ, ਕੰਬਿਆ ਇਹ ਇਲਾਕਾ

ਇਹ ਲੱਛਣ ਨਜ਼ਰ ਆਉਣ ’ਤੇ ਰਹੋ ਸਾਵਧਾਨ
ਸਰੀਰ ’ਚ ਗੰਢਾਂ, ਅਚਾਨਕ ਭਾਰ ਘਟਣਾ ਜਾਂ ਵਧਣਾ, ਜ਼ਖ਼ਮ ਜੋ ਜਲਦੀ ਠੀਕ ਨਾ ਹੋਣ, ਤਿਲਾਂ ’ਚ ਤਬਦੀਲੀ, ਜਲਦੀ ਥੱਕਾਵਟ, ਲਗਾਤਾਰ ਖੰਘ, ਸਾਹ ਲੈਣ ’ਚ ਦਿੱਕਤ, ਬਦਹਜ਼ਮੀ ਤੇ ਬਿਨਾਂ ਵਜ੍ਹਾ ਜੋੜਾਂ ਜਾਂ ਮਾਸਪੇਸ਼ੀਆਂ ’ਚ ਦਰਦ ਕੈਂਸਰ ਦੇ ਸ਼ੁਰੂਆਤੀ ਸੰਕੇਤ ਹੋ ਸਕਦੇ ਹਨ।

ਕੈਂਸਰ ਤੋਂ ਬਚਾਅ ਲਈ ਇਹ ਕਰੋ
ਸ਼ਰਾਬ ਅਤੇ ਸਿਗਰਟਨੋਸ਼ੀ ਤੋਂ ਦੂਰ ਰਹੋ, ਖ਼ੁਰਾਕ ’ਚ ਫਲ ਅਤੇ ਹਰੀਆਂ ਸਬਜ਼ੀਆਂ ਸ਼ਾਮਲ ਕਰੋ। ਨਿਯਮਿਤ ਕਸਰਤ ਨੂੰ ਜੀਵਨ ਦਾ ਹਿੱਸਾ ਬਣਾਓ ਅਤੇ ਐੱਚ. ਆਈ. ਵੀ. ਅਤੇ ਹੈਪੇਟਾਈਟਿਸ ਬੀ ਵਰਗੀਆਂ ਬੀਮਾਰੀਆਂ ਤੋਂ ਬਚਾਅ ਲਈ ਟੀਕਾਕਰਨ ਕਰਵਾਉਣਾ ਯਕੀਨੀ ਬਣਾਓ। ਮਾਹਰਾਂ ਦਾ ਮੰਨਣਾ ਹੈ ਕਿ ਸਮੇਂ-ਸਿਰ ਜਾਂਚ ਤੇ ਸਾਵਧਾਨ ਜੀਵਨਸ਼ੈਲੀ ਨਾਲ ਕੈਂਸਰ ਵਰਗੀ ਬਿਮਾਰੀ ਨੂੰ ਕਾਫ਼ੀ ਹੱਦ ਤੱਕ ਰੋਕਿਆ ਜਾ ਸਕਦਾ ਹੈ।

ਇਹ ਵੀ ਪੜ੍ਹੋ: ਪੰਜਾਬ 'ਚ ਪਵੇਗਾ ਮੀਂਹ! Alert ਰਹਿਣ ਇਹ ਜ਼ਿਲ੍ਹੇ, ਮੌਸਮ ਵਿਭਾਗ ਨੇ 24 ਦਸੰਬਰ ਤੱਕ ਕੀਤੀ ਵੱਡੀ ਭਵਿੱਖਬਾਣੀ

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e


author

shivani attri

Content Editor

Related News