ਦੀਵਾਲੀ ਮੌਕੇ PGI ''ਚ ਅੱਖਾਂ ਦੀ ਐਮਰਜੈਂਸੀ ਲਈ 20 ਡਾਕਟਰ ਰਹਿਣਗੇ ਤਾਇਨਾਤ
Saturday, Nov 07, 2026 - 04:49 PM (IST)
ਚੰਡੀਗੜ੍ਹ (ਸ਼ੀਨਾ) : ਦੀਵਾਲੀ ਦੌਰਾਨ ਪਟਾਕਿਆਂ ਕਾਰਨ ਅੱਖਾਂ ਨੂੰ ਹੋਣ ਵਾਲੀਆਂ ਸੱਟਾਂ ਦੇ ਮਾਮਲਿਆਂ ਨਾਲ ਨਜਿੱਠਣ ਲਈ ਪੀ. ਜੀ. ਆਈ. ਚੰਡੀਗੜ੍ਹ ਨੇ ਵਿਸ਼ੇਸ਼ ਪ੍ਰਬੰਧ ਕੀਤੇ ਹਨ। ਐਡਵਾਂਸਡ ਆਈ ਸੈਂਟਰ 'ਚ 8 ਤੋਂ 10 ਨਵੰਬਰ ਤੱਕ ਅੱਖਾਂ ਨਾਲ ਸਬੰਧਿਤ ਹਰ ਤਰ੍ਹਾਂ ਦੀ ਐਮਰਜੈਂਸੀ ਲਈ 24 ਘੰਟੇ ਮੈਡੀਕਲ ਸੇਵਾ ਉਪਲੱਬਧ ਰਹੇਗੀ। ਦੀਵਾਲੀ ਵਾਲੇ ਦਿਨ 8 ਨਵੰਬਰ ਨੂੰ 20 ਮਾਹਿਰ ਡਾਕਟਰਾਂ ਦੀ ਸਮਰਪਿਤ ਟੀਮ ਤਾਇਨਾਤ ਰਹੇਗੀ। ਇਸ ਦੇ ਨਾਲ ਹੀ ਵੱਖਰੀ ਐਨੇਸਥੀਸੀਆ ਟੀਮ ਵੀ 24 ਘੰਟੇ ਸੇਵਾਵਾਂ ਦੇਵੇਗੀ ਤਾਂ ਜੋ ਗੰਭੀਰ ਰੂਪ 'ਚ ਜ਼ਖਮੀ ਮਰੀਜ਼ਾਂ ਨੂੰ ਤੁਰੰਤ ਇਲਾਜ ਮਿਲ ਸਕੇ। ਪੀ. ਜੀ. ਆਈ. ਵੱਲੋਂ ਸਪੱਸ਼ਟ ਕੀਤਾ ਗਿਆ ਹੈ ਕਿ ਅੱਖਾਂ ਦੀਆਂ ਐਮਰਜੈਂਸੀ ਸੱਟਾਂ ਨਾਲ ਸਬੰਧਿਤ ਵੱਡੀਆਂ ਸਰਜਰੀਆਂ ਲਈ ਮਰੀਜ਼ਾਂ ਨੂੰ ਇੰਤਜ਼ਾਰ ਨਹੀਂ ਕਰਨਾ ਪਵੇਗਾ।
ਪੀ. ਜੀ. ਆਈ. ਪ੍ਰਸ਼ਾਸਨ ਵੱਲੋਂ ਮਰੀਜ਼ਾਂ ਨੂੰ ਰਾਹਤ ਦਿੰਦਿਆਂ ਸਰਜਰੀ ਦੌਰਾਨ ਵਰਤੀ ਜਾਣ ਵਾਲੀ ਲੋੜੀਂਦੀ ਸਮੱਗਰੀ ਮੁਫ਼ਤ ਮੁਹੱਈਆ ਕਰਵਾਈ ਜਾਵੇਗੀ। ਦੀਵਾਲੀ ਤੋਂ ਬਾਅਦ ਵੀ 20 ਤੋਂ ਵੱਧ ਡਾਕਟਰਾਂ ਦੀ ਟੀਮ ਐਮਰਜੈਂਸੀ ਸੇਵਾਵਾਂ, ਮਰੀਜ਼ਾਂ ਦੀ ਦੇਖਭਾਲ ਅਤੇ ਵਾਰਡ ਪ੍ਰਬੰਧ ਸੰਭਾਲੇਗੀ। ਪੀ. ਜੀ. ਆਈ. ਦੇ ਪਿਛਲੇ ਪੰਜ ਸਾਲਾਂ ਦੇ ਅੰਕੜਿਆਂ ਮੁਤਾਬਕ ਦੀਵਾਲੀ ਦੇ ਆਸ-ਪਾਸ ਹਰ ਸਾਲ 60 ਤੋਂ ਵੱਧ ਮਰੀਜ਼ ਪਟਾਕਿਆਂ ਕਾਰਨ ਅੱਖਾਂ ਦੀਆਂ ਸੱਟਾਂ ਲੱਗਣ ’ਤੇ ਇਲਾਜ ਲਈ ਪਹੁੰਚਦੇ ਹਨ। ਇਨ੍ਹਾਂ 'ਚ ਲਗਭਗ 60 ਤੋਂ 70 ਫ਼ੀਸਦੀ ਮਾਮਲੇ ਗੰਭੀਰ ਹੁੰਦੇ ਹਨ ਅਤੇ ਕੁਝ ਮਾਮਲਿਆਂ ਵਿੱਚ ਅੱਖਾਂ ਦੀ ਰੌਸ਼ਨੀ ਪ੍ਰਭਾਵਿਤ ਹੋਣ ਦਾ ਖ਼ਤਰਾ ਵੀ ਰਹਿੰਦਾ ਹੈ। ਪੀਜੀਆਈ ਨੇ ਲੋਕਾਂ ਨੂੰ ਪਟਾਕੇ ਚਲਾਉਂਦੇ ਸਮੇਂ ਵਿਸ਼ੇਸ਼ ਸਾਵਧਾਨੀ ਵਰਤਣ ਅਤੇ ਅੱਖਾਂ ਦੀ ਸੁਰੱਖਿਆ ਨੂੰ ਤਰਜ਼ੀਹ ਦੇਣ ਦੀ ਅਪੀਲ ਕੀਤੀ ਹੈ।
