ਦੀਵਾਲੀ ਤੋਂ ਪਹਿਲਾਂ ਚੰਡੀਗੜ੍ਹ ਫਾਇਰ ਬ੍ਰਿਗੇਡ ਅਲਰਟ, 24 ਘੰਟੇ ਮੁਸਤੈਦ ਰਹਿਣ ਦੇ ਨਿਰਦੇਸ਼

Tuesday, Nov 03, 2026 - 01:12 PM (IST)

ਦੀਵਾਲੀ ਤੋਂ ਪਹਿਲਾਂ ਚੰਡੀਗੜ੍ਹ ਫਾਇਰ ਬ੍ਰਿਗੇਡ ਅਲਰਟ, 24 ਘੰਟੇ ਮੁਸਤੈਦ ਰਹਿਣ ਦੇ ਨਿਰਦੇਸ਼

ਚੰਡੀਗੜ੍ਹ (ਮਨਪ੍ਰੀਤ) : ਦੀਵਾਲੀ ਦੇ ਤਿਉਹਾਰ ਦੇ ਮੱਦੇਨਜ਼ਰ ਚੰਡੀਗੜ੍ਹ ਨਗਰ ਨਿਗਮ ਨੇ ਅੱਗ ਲੱਗਣ ਦੀਆਂ ਘਟਨਾਵਾਂ ਨਾਲ ਨਜਿੱਠਣ ਲਈ ਤਿਆਰੀਆਂ ਤੇਜ਼ ਕਰ ਦਿੱਤੀਆਂ ਹਨ। 8 ਨਵੰਬਰ ਨੂੰ ਮਨਾਈ ਜਾਣ ਵਾਲੀ ਦੀਵਾਲੀ ਦੌਰਾਨ ਕਿਸੇ ਵੀ ਅਣਸੁਖਾਵੀਂ ਘਟਨਾ ਤੋਂ ਬਚਾਅ ਅਤੇ ਐਮਰਜੈਂਸੀ ਹਾਲਾਤ ਨਾਲ ਤੁਰੰਤ ਨਜਿੱਠਣ ਲਈ ਨਗਰ ਨਿਗਮ ਕਮਿਸ਼ਨਰ ਅਮਿਤ ਕੁਮਾਰ ਨੇ ਫਾਇਰ ਐਂਡ ਰੈਸਕਿਊ ਸਰਵਿਸਿਜ਼ ਨੂੰ 24 ਘੰਟੇ ਚੌਕਸ ਰਹਿਣ ਦੇ ਨਿਰਦੇਸ਼ ਦਿੱਤੇ ਹਨ। ਇਸ ਸਬੰਧੀ ਕਮਿਸ਼ਨਰ ਨੇ ਜੁਆਇੰਟ ਕਮਿਸ਼ਨਰ-ਕਮ-ਚੀਫ ਫਾਇਰ ਅਫ਼ਸਰ ਬਲਬੀਰ ਰਾਜ ਸਿੰਘ, ਸੁਪਰਡੈਂਟ (ਫਾਇਰ) ਅਤੇ ਸਾਰੇ ਫਾਇਰ ਸਟੇਸ਼ਨ ਅਫਸਰਾਂ ਨਾਲ ਮੀਟਿੰਗ ਕਰਕੇ ਵਿਭਾਗ ਦੀਆਂ ਤਿਆਰੀਆਂ ਦਾ ਜਾਇਜ਼ਾ ਲਿਆ। ਉਨ੍ਹਾਂ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਤਿਉਹਾਰ ਦੌਰਾਨ ਅੱਗ ਲੱਗਣ ਦੀਆਂ ਸੰਭਾਵਿਤ ਘਟਨਾਵਾਂ ਨੂੰ ਰੋਕਣ ਲਈ ਪੁਖ਼ਤਾ ਪ੍ਰਬੰਧ ਕੀਤੇ ਜਾਣ ਅਤੇ ਐਮਰਜੈਂਸੀ ਕਾਲ ਮਿਲਣ ’ਤੇ ਤੁਰੰਤ ਕਾਰਵਾਈ ਯਕੀਨੀ ਬਣਾਈ ਜਾਵੇ।

ਮੀਟਿੰਗ ਦੌਰਾਨ ਸਾਰੇ ਫਾਇਰ ਸਟੇਸ਼ਨਾਂ ’ਤੇ ਲੋੜੀਂਦੇ ਮੁਲਾਜ਼ਮਾਂ ਦੀ ਤਾਇਨਾਤੀ, ਫਾਇਰ ਟੈਂਡਰਾਂ ਦੀ ਕਾਰਜਸ਼ੀਲਤਾ, ਅੱਗ ਬੁਝਾਉਣ ਵਾਲੇ ਉਪਕਰਣਾਂ ਅਤੇ ਪਾਣੀ ਦੀ ਉਪਲੱਬਧਤਾ ਯਕੀਨੀ ਬਣਾਉਣ ਦੇ ਨਿਰਦੇਸ਼ ਦਿੱਤੇ ਗਏ। ਇਸ ਤੋਂ ਇਲਾਵਾ ਸ਼ਹਿਰ ਦੇ ਭੀੜ-ਭੜੱਕੇ ਵਾਲੇ ਬਾਜ਼ਾਰਾਂ, ਪਟਾਕਿਆਂ ਦੀ ਵਿਕਰੀ ਲਈ ਬਣਾਏ ਗਏ ਆਰਜ਼ੀ ਸਥਾਨਾਂ, ਕਬਾੜ ਦੇ ਗੋਦਾਮਾਂ ਅਤੇ ਹੋਰ ਸੰਵੇਦਨਸ਼ੀਲ ਥਾਵਾਂ ’ਤੇ ਵਿਸ਼ੇਸ਼ ਜਾਂਚ ਮੁਹਿੰਮ ਚਲਾਉਣ ਲਈ ਕਿਹਾ ਗਿਆ, ਤਾਂ ਜੋ ਅੱਗ ਲੱਗਣ ਦੇ ਸੰਭਾਵਿਤ ਖ਼ਤਰਿਆਂ ਦੀ ਪਹਿਲਾਂ ਹੀ ਪਛਾਣ ਕਰਕੇ ਉਨ੍ਹਾਂ ਨੂੰ ਦੂਰ ਕੀਤਾ ਜਾ ਸਕੇ। ਕਮਿਸ਼ਨਰ ਨੇ ਸੰਵੇਦਨਸ਼ੀਲ ਥਾਵਾਂ ’ਤੇ ਫਾਇਰ ਟੈਂਡਰਾਂ ਤੇ ਸੀ. ਏ. ਐਫ. ਨਾਲ ਲੈਸ ਬੁਲੇਟ ਮੋਟਰਸਾਈਕਲਾਂ ਦੀ ਰਣਨੀਤਕ ਢੰਗ ਨਾਲ ਤਾਇਨਾਤੀ ਕਰਨ ਦੇ ਵੀ ਨਿਰਦੇਸ਼ ਦਿੱਤੇ। ਇਸ ਨਾਲ ਤੰਗ ਤੇ ਭੀੜ ਵਾਲੇ ਇਲਾਕਿਆਂ ’ਚ ਐਮਰਜੈਂਸੀ ਸਮੇਂ ਤੁਰੰਤ ਪਹੁੰਚਣ ’ਚ ਮਦਦ ਮਿਲੇਗੀ।


author

Babita

Content Editor

Related News