ਉੱਤਰ ਭਾਰਤ ਦਾ ਪਹਿਲਾ ਹਸਪਤਾਲ ਬਣਿਆ PGI, ਵਾਲਵ ’ਚ ਹੋਣ ਵਾਲੀ ਲੀਕੇਜ ਨੂੰ ਰੋਕ ਕੇ ਬਚਾਈ ਮਰੀਜ਼ ਦੀ ਜਾਨ
Friday, Jul 07, 2023 - 03:57 PM (IST)
ਚੰਡੀਗੜ੍ਹ (ਪਾਲ) : ਪੀ. ਜੀ. ਆਈ. ਐਡਵਾਂਸ ਕਾਰਡੀਅਕ ਸੈਂਟਰ ’ਚ ਇਕ ਵਾਰ ਫਿਰ ਇਕ ਨਵੀਂ ਤਕਨੀਕ ਨਾਲ ਇਲਾਜ ਕਰ ਕੇ ਇਕ ਮਰੀਜ਼ ਦੀ ਜਾਨ ਬਚਾਈ ਗਈ। ਮਿਤਰਾ ਕਲਿੱਪ ਨਾਂ ਦੀ ਡਿਵਾਈਸ ਲਾ ਕੇ ਵਾਲਵ ਵਿਚ ਹੋਣ ਵਾਲੀ ਲੀਕੇਜ ਨੂੰ ਰੋਕਿਆ ਗਿਆ ਹੈ। ਇਸ ਤਕਨੀਕ ਨੂੰ ਇਸਤੇਮਾਲ ਕਰਨ ਦੇ ਨਾਲ ਹੀ ਪੀ. ਜੀ. ਆਈ. ਉੱਤਰ ਭਾਰਤ ਦਾ ਪਹਿਲਾ ਹਸਪਤਾਲ ਬਣ ਗਿਆ ਹੈ। ਕਾਰਡੀਅਕ ਸੈਂਟਰ ਦੇ ਪ੍ਰੋ. ਡਾ. ਵਿਜੈ ਵਰਗੀਏ ਦੀ ਦੇਖਰੇਖ ’ਚ ਇਹ ਪ੍ਰਕਿਰਿਆ ਹੋਈ ਹੈ। 76 ਸਾਲਾ ਮਰਦ ਮਰੀਜ਼ ਦੀ ਇਹ ਸਰਜਰੀ ਹੋਈ ਹੈ। ਮਰੀਜ਼ ਦਾ ਲੋਅ ਪੰਪਿੰਗ ਹਾਰਟ ਰੇਟ ਅਤੇ ਮਾਈਟ੍ਰਲ ਵਾਲਵ ’ਚ ਲੀਕੇਜ ਹੋਣ ਕਾਰਨ ਹਾਰਟ ਫੇਲ੍ਹ ਹੋ ਗਿਆ ਸੀ। ਇਸ ਲਈ ਗਰੋਇਨ ਏਰੀਆ (ਪੱਟ) ਰਾਹੀਂ ਇਹ ਇੰਪਲਾਂਟ ਪਾਇਆ ਗਿਆ ਹੈ। ਮਿਤਰਾ ਕਲਿੱਪ ਮਾਈਟ੍ਰਲ ਰਿਗਜਿਰਟੇਸ਼ਨ ਨੂੰ ਘੱਟ ਕਰਨ ’ਚ ਮਦਦ ਕਰਦਾ ਹੈ। ਇਹ ਇਕ ਛੋਟਾ ਜਿਹਾ ਵੀ-ਆਕਾਰ ਦਾ ਇੰਪਲਾਂਟ ਹੈ, ਜਿਸਨੂੰ ਮਾਈਟ੍ਰਲ ਵਾਲਵ ਲੀਫਲੈਟਸ ਦੇ ਰੂਪ ’ਚ ਡਿਜ਼ਾਈਨ ਕੀਤਾ ਗਿਆ ਹੈ, ਤਾਂਕਿ ਇਹ ਪੂਰੀ ਤਰ੍ਹਾਂ ਬੰਦ ਹੋ ਸਕੇ ਅਤੇ ਲੀਕ ਹੋਣ ਦੀ ਸਮੱਸਿਆ ਤੋਂ ਛੁਟਕਾਰਾ ਮਿਲੇ। ਡਾ. ਵਿਜੈ ਵਰਗੀਏ ਮੁਤਾਬਕ ਇਹ ਬਹੁਤ ਚੈਲੇਂਜਿੰਗ ਪ੍ਰੋਸੈਸ ਹੁੰਦਾ ਹੈ। ਇਸ ਲਈ ਬਹੁਤ ਟ੍ਰੇਂਡ ਸਟਾਫ ਚਾਹੀਦਾ ਹੈ। ਮਾਈਟ੍ਰਲ ਵਾਲਵ ਦੇ ਲੀਕ ਹੋਣ ਦੇ ਇਲਾਜ ਲਈ ਇਹ ਇਕ ਅਨੋਖੀ ਅਤੇ ਬਾਊਟ ਇਫੈਕਟਿਵ ਤਕਨੀਕ ਹੈ। ਖਾਸ ਕਰ ਕੇ ਉਨ੍ਹਾਂ ਮਰੀਜ਼ਾਂ ਲਈ, ਜਿਨ੍ਹਾਂ ਦੀ ਉਮਰ ਜ਼ਿਆਦਾ ਹੈ। ਇਸ ਲਈ ਓਪਨ ਹਾਰਟ ਸਰਜਰੀ ਤੋਂ ਬਿਨ੍ਹਾਂ ਉਨ੍ਹਾਂ ’ਚ ਲੀਕੇਜ ਨੂੰ ਰੋਕਿਆ ਜਾ ਸਕਦਾ ਹੈ। ਸਾਡੇ ਕੋਲ ਮੌਜੂਦ ਕਈ ਨਵੀਆਂ ਤਕਨੀਕਾਂ ਨਾਲ ਮਰੀਜ਼ਾਂ ਦਾ ਇਲਾਜ ਕੀਤਾ ਜਾ ਰਿਹਾ ਹੈ। ਪੀ. ਜੀ. ਆਈ. ਉਨ੍ਹਾਂ ਚੋਣਵੇਂ ਸੈਂਟਰਾਂ ’ਚੋਂ ਇਕ ਬਣ ਗਿਆ ਹੈ, ਜਿੱਥੇ ਹੁਣ ਇਸਦਾ ਇਸਤੇਮਾਲ ਹੋਵੇਗਾ। ਇਸ ਦੌਰਾਨ ਕਿਸੇ ਕੱਟ ਦੀ ਜ਼ਰੂਰਤ ਨਹੀਂ ਪੈਂਦੀ ਹੈ ਕਿਉਂਕਿ ਇਹ ਡਿਵਾਈਸ ਸੌਖ ਨਾਲ ਲਾਈ ਜਾ ਸਕਦੀ ਹੈ। ਇਸਤੋਂ ਪਹਿਲਾਂ ਮਰੀਜ਼ ਦੇ ਦਿਲ ਫੇਲੀਅਰ ਅਤੇ ਸੈਕੰਡਰੀ ਮਾਈਟ੍ਰਲ ਰਿਗਜਿਰਟੇਸ਼ਨ ਦਾ ਇਲਾਜ ਦਵਾਈਆਂ ਜਾਂ ਪੇਸਮੇਕਰ ਨਾਲ ਕੀਤਾ ਜਾਂਦਾ ਹੈ। ਇਹ ਜ਼ਰੂਰੀ ਨਹੀਂ ਹੈ ਕਿ ਦਵਾਈਆਂ ਨਾਲ ਇਲਾਜ ਕਰਨ ’ਤੇ ਬੀਮਾਰੀ ਨੂੰ ਪੂਰੀ ਤਰ੍ਹਾਂ ਠੀਕ ਕੀਤਾ ਜਾ ਸਕੇ। ਅਜਿਹੇ ’ਚ ਮਰੀਜ਼ ਕੋਲ ਆਰਟੀਫੀਸ਼ੀਅਲ ਹਾਰਟ ਟਰਾਂਸਪਲਾਂਟ ਕਰਨ ਤੋਂ ਇਲਾਵਾ ਕੋਈ ਹੋਰ ਬਦਲ ਨਹੀਂ ਬਚਦਾ। ਓਪਨ ਹਾਰਟ ਸਰਜਰੀ ਉਨ੍ਹਾਂ ਮਰੀਜ਼ਾਂ ਲਈ ਖਤਰਨਾਕ ਮੰਨੀ ਜਾਂਦੀ ਹੈ, ਜਿਨ੍ਹਾਂ ਦਾ ਹਾਰਟ ਫੰਕਸ਼ਨ ਵਧੀਆ ਨਹੀਂ ਹੁੰਦਾ ਹੈ।
ਇਹ ਵੀ ਪੜ੍ਹੋ : ਪੰਜਾਬ ਪ੍ਰਦੇਸ਼ ਕਾਂਗਰਸ ਪ੍ਰਧਾਨ ਨੇ 8 ਮਹੀਨਿਆਂ ਬਾਅਦ ਜ਼ਿਲ੍ਹਾ ਕਾਂਗਰਸ ਦਿਹਾਤੀ ਦੇ ਅਹੁਦੇਦਾਰਾਂ ਦਾ ਕੀਤਾ ਐਲਾਨ
ਲਾਈਵ ਸਰਜਰੀ 3 ਹਜ਼ਾਰ ਡਾਕਟਰਾਂ ਨੇ ਵੇਖੀ
ਡਾ. ਵਿਜੈ ਵਰਗੀਏ ਨੇ ਦੱਸਿਆ ਕਿ ਕੁਝ ਦਿਨ ਪਹਿਲਾਂ ਉਨ੍ਹਾਂ ਦੀ ਟੀਮ ਨੇ ਇਕ ਮੁਸ਼ਕਲ ਕੋਰੋਨਰੀ ਐਂਜੀਓਪਲਾਸਟੀ ਦਾ ਇਕ ਲਾਈਵ ਕੇਸ ਕੀਤਾ, ਜੋ ਕਾਰਡੀਓਲਾਜੀ ਵਿਭਾਗ ਪੀ. ਜੀ. ਆਈ. ਵਲੋਂ ਕਾਰਡੀਓਲਾਜੀ ਸੋਸਾਇਟੀ ਆਫ ਇੰਡੀਆ (ਸੀ. ਐੱਸ. ਆਈ.) ਨੈਸ਼ਨਲ ਇੰਟਰਵੈਨਸ਼ਨਲ ਕਾਰਡੀਓਲਾਜੀ (ਐੱਨ. ਆਈ. ਸੀ.) ਸੰਮੇਲਨ, ਜੋ 2 ਜੁਲਾਈ ਨੂੰ ਹੈਦਰਾਬਾਦ ’ਚ ਹੋਇਆ , ਵਿਚ ਟੈਲੀਕਾਸਟ ਕੀਤਾ ਗਿਆ। ਇਹ ਇਕ 81 ਸਾਲਾ ਵਿਅਕਤੀ ਸੀ, ਜਿਸ ਦੀ ਛਾਤੀ ’ਚ ਦਰਦ ਦੀ ਸ਼ਿਕਾਇਤ ਸੀ ਅਤੇ ਐਂਜੀਓਗ੍ਰਾਫੀ ਨਾਲ ਖੱਬੇ ਪਾਸੇ ਮੁੱਖ ਕੋਰੋਨਰੀ ਆਰਟਰੀ ’ਚ ਇਕ ਬਲਾਕ ਦਾ ਪਤਾ ਚੱਲਿਆ, ਜੋ ਦਿਲ ਦੀਆਂ 80 ਫ਼ੀਸਦੀ ਮਾਸਪੇਸ਼ੀਆਂ ਦੀ ਸਪਲਾਈ ਕਰਦਾ ਹੈ। ਕੋਰੋਨਰੀ ਧਮਣੀਆਂ ’ਚ ਭਾਰੀ ਕੈਲਸ਼ੀਅਮ ਜਮ੍ਹਾ ਹੋਣ ਕਾਰਨ ਮਾਮਲਾ ਬਹੁਤ ਮੁਸ਼ਕਿਲ ਸੀ ਅਤੇ ਪ੍ਰਕਿਰਿਆ ਦੌਰਾਨ ਦਵਾਈ-ਐਲਊਟਿੰਗ ਅਤੇ ਗੁਬਾਰੇ ਕੱਟਣ, ਐਥੇਰੇਕਟਾਮੀ ਥੈਰੇਪੀ, ਇੰਟਰਾਵਾਸਕੁਲਰ ਇਮੇਜਿੰਗ ਅਤੇ ਫਰੈਕਸ਼ਨਲ ਫਲੋਅ ਰਿਜ਼ਰਵ ਵਰਗੀ ਤਕਨੀਕ ਦਾ ਇਸਤੇਮਾਲ ਕੀਤਾ ਗਿਆ। ਕਾਨਫਰੰਸ ਵਿਚ 3000 ਰਾਸ਼ਟਰੀ ਅਤੇ ਅੰਤਰਰਾਸ਼ਟਰੀ ਮਾਹਿਰਾਂ ਨੇ ਭਾਗ ਲਿਆ।
ਇਹ ਵੀ ਪੜ੍ਹੋ : ਤਰਨਤਾਰਨ 'ਚ ਬਿਆਸ ਦਰਿਆ ਪੂਰੇ ਖ਼ਤਰੇ ਦੇ ਨਿਸ਼ਾਨ ’ਤੇ, ਦਰਜਨਾਂ ਪਿੰਡਾਂ ’ਚ ਹੜ੍ਹ ਦਾ ਖ਼ਦਸ਼ਾ
ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android
https://play.google.com/store/apps/details?id=com.jagbani&hl=en&gl=US
For IOS
https://apps.apple.com/in/app/jagbani/id538323711