PGI ਪ੍ਰਸ਼ਾਸਨ ਨੇ ਗੱਲ ਕਰ ਕੇ ਖ਼ਤਮ ਕਰਵਾਈ ਹੜਤਾਲ, BSF ਨੇ ਸੰਭਾਲਿਆ ਮੋਰਚਾ

03/26/2022 10:32:59 AM

ਚੰਡੀਗੜ੍ਹ (ਪਾਲ) : ਪੀ. ਜੀ. ਆਈ. ਕੰਟਰੈਕਟ ਵਰਕਰਾਂ ਦੀ ਹੜਤਾਲ ਜ਼ਿਆਦਾ ਦੇਰ ਨਹੀਂ ਚੱਲੀ। ਸਵੇਰੇ 10.45 ਵਜੇ ਤੱਕ ਹੜਤਾਲੀ ਸਟਾਫ਼ ਵਾਪਸ ਕੰਮ ’ਤੇ ਪਰਤ ਆਇਆ ਪਰ ਇਸ ਸਭ ਦੇ ਵਿਚਕਾਰ ਦੂਰ-ਦਰਾਡੇ ਤੋਂ ਆਏ ਮਰੀਜ਼ਾਂ ਨੂੰ ਕਾਫ਼ੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ। ਹਾਲਾਂਕਿ ਪੀ. ਜੀ. ਆਈ. ਨੇ ਇਕ ਦਿਨ ਪਹਿਲਾਂ ਵਰਕਰਾਂ ਦੀ ਹੜਤਾਲ ਨੂੰ ਵੇਖਦਿਆਂ ਓ. ਪੀ. ਡੀ. ਸਰਵਿਸ ਬੰਦ ਕਰਨ ਦਾ ਫ਼ੈਸਲਾ ਲਿਆ ਸੀ, ਸਿਰਫ਼ ਐਮਰਜੈਂਸੀ ਸਰਵਿਸ ਹੀ ਸ਼ੁਰੂ ਕਰਨ ਦੀ ਗੱਲ ਪੀ. ਜੀ. ਆਈ. ਵੱਲੋਂ ਕਹੀ ਗਈ ਸੀ।

ਬਾਵਜੂਦ ਇਸ ਲਈ ਸ਼ੁੱਕਰਵਾਰ ਸਵੇਰੇ ਓ. ਪੀ. ਡੀ. ਵਿਚ ਮਰੀਜ਼ ਵੱਡੀ ਗਿਣਤੀ ਵਿਚ ਪੀ. ਜੀ. ਆਈ. ਵਿਚ ਪਹੁੰਚ ਗਏ ਸਨ। ਮਰੀਜ਼ਾਂ ਦਾ ਕਹਿਣਾ ਸੀ ਕਿ ਉਨ੍ਹਾਂ ਨੂੰ ਹੜਤਾਲ ਦਾ ਪਤਾ ਨਹੀਂ ਸੀ। ਮਰੀਜ਼ਾਂ ਦੀ ਗਿਣਤੀ ਇੰਨੀ ਜ਼ਿਆਦਾ ਸੀ ਕਿ ਸੇਫ਼ਟੀ ਨੂੰ ਵੇਖਦਿਆਂ ਨਿਊ ਓ. ਪੀ. ਡੀ. ਦੇ ਬਾਹਰ ਜਵਾਨ ਵੀ ਤਾਇਨਾਤ ਕੀਤੇ ਗਏ। ਓ. ਪੀ. ਡੀ. ਬੰਦ ਹੋਣ ਕਾਰਨ ਮਰੀਜ਼ਾਂ ਨੂੰ ਕਈ ਘੰਟੇ ਇੰਤਜ਼ਾਰ ਕਰਨਾ ਪਿਆ। ਅਪੁਆਇੰਟਮੈਂਟ ਲੈ ਕੇ ਆਏ ਮਰੀਜ਼ ਵੀ ਪਰੇਸ਼ਾਨ ਹੋਏ। ਮਰੀਜ਼ਾਂ ਨੇ ਓ. ਪੀ. ਡੀ. ਦੇ ਬਾਹਰ ਜੰਮ ਕੇ ਰੋਸ ਵੀ ਜ਼ਾਹਿਰ ਕੀਤਾ।

ਨੌਬਤ ਇੱਥੋਂ ਤਕ ਪਹੁੰਚ ਗਈ ਕਿ ਮਰੀਜ਼ਾਂ ਅਤੇ ਸਕਿਓਰਿਟੀ ਵਿਚਕਾਰ ਬਹਿਸ ਤੱਕ ਹੋਣ ਲੱਗੀ, ਜਿਸ ਨੂੰ ਵੇਖਦਿਆਂ ਪੀ. ਜੀ. ਆਈ. ਵਿਚ ਬੀ. ਐੱਸ. ਐੱਫ਼. ਦੇ ਜਵਾਨਾਂ ਨੇ ਮੋਰਚਾ ਸੰਭਾਲਿਆ। ਓ. ਪੀ. ਡੀ. ਦੇ ਬਾਹਰ ਬੀ. ਐੱਸ. ਐੱਫ਼. ਦੇ ਜਵਾਨ ਮਰੀਜ਼ਾਂ ਦੀ ਭੀੜ ਨੂੰ ਕਾਬੂ ਕਰਨ ਪੁੱਜੇ। ਸਵੇਰੇ 10.45 ਵਜੇ ਮਰੀਜ਼ਾਂ ਨੂੰ ਓ. ਪੀ. ਡੀ. ਵਿਚ ਜਾਣ ਦਿੱਤਾ ਗਿਆ।
 


Babita

Content Editor

Related News