9 ਸਾਲਾ ਹਰਸ਼ਿਤਾ 70 ਕਿਲੋ ਭਾਰ ਨਾਲ ਇਲਾਜ ਲਈ ਪਹੁੰਚੀ ਪੀ. ਜੀ. ਆਈ.

Wednesday, Mar 11, 2020 - 05:42 PM (IST)

9 ਸਾਲਾ ਹਰਸ਼ਿਤਾ 70 ਕਿਲੋ ਭਾਰ ਨਾਲ ਇਲਾਜ ਲਈ ਪਹੁੰਚੀ ਪੀ. ਜੀ. ਆਈ.

ਚੰਡੀਗੜ੍ਹ (ਅਰਚਨਾ) : 9 ਸਾਲ ਦੀ ਹਰਸ਼ਿਤਾ 70 ਕਿਲੋਗ੍ਰਾਮ ਭਾਰ ਦੇ ਨਾਲ ਪੀ. ਜੀ. ਆਈ. 'ਚ ਇਲਾਜ ਲਈ ਪਹੁੰਚੀ ਹੈ। ਹਰਸ਼ਿਤਾ ਨੂੰ ਲਗਾਤਾਰ ਭੁੱਖ ਲਗਦੀ ਰਹਿੰਦੀ ਹੈ। ਇਕ ਘੰਟੇ 'ਚ ਉਸ ਨੂੰ ਦੋ-ਤਿੰਨ ਵਾਰ ਭੁੱਖ ਲਗਦੀ ਹੈ। ਹਰਸ਼ਿਤਾ ਕੁਝ ਵੀ ਖਾਣ ਤੋਂ ਬਾਅਦ ਸੰਤੁਸ਼ਟ ਨਹੀਂ ਹੁੰਦੀ। ਆਮ ਭਾਰ ਦੇ ਨਾਲ ਜਨਮ ਲੈਣ ਦੇ ਕੁਝ ਮਹੀਨਿਆਂ ਬਾਅਦ ਹਰਸ਼ਿਤਾ ਦਾ ਭਾਰ ਲਗਾਤਾਰ ਵਧਦਾ ਹੀ ਜਾ ਰਿਹਾ ਹੈ। ਮੋਟਾਪੇ ਕਾਰਣ ਹੁਣ ਹਰਸ਼ਿਤਾ ਨੂੰ ਸਾਹ ਲੈਣ 'ਚ ਤਕਲੀਫ, ਹੱਥ ਦੀਆਂ ਉਗਲਾਂ 'ਚ ਨੀਲਾਪਣ, ਨੀਂਦ ਨਾ ਆਉਣ ਦੀ ਬੀਮਾਰੀ ਵੀ ਸ਼ੁਰੂ ਹੋ ਗਈ ਹੈ। ਹਿਸਾਰ ਦੀ ਹਰਸ਼ਿਤਾ ਦਾ ਕਈ ਸਾਲਾਂ ਤੋਂ ਹਰਿਆਣਾ 'ਚ ਇਲਾਜ ਕੀਤਾ ਜਾ ਰਿਹਾ ਸੀ ਪਰ ਉਸਦਾ ਭਾਰ ਕੰਟਰੋਲ ਹੋਣ ਦਾ ਨਾਮ ਨਹੀਂ ਲੈ ਰਿਹਾ। ਪੀ. ਜੀ. ਆਈ. ਦੇ ਐਡਵਾਂਸ ਪੈਡੀਐਟ੍ਰਿਕ ਸੈਂਟਰ ਇਲਾਜ ਲਈ ਪਹੁੰਚੀ ਹਰਸ਼ਿਤਾ 'ਚ ਹੁਣ ਜੀਨਸ ਨਾਲ ਸਬੰਧਤ ਰੋਗ ਪ੍ਰੈਡਰ ਵਿੱਲਈ ਦਾ ਖੁਲਾਸਾ ਹੋਇਆ ਹੈ। ਇਹ ਅਜਿਹੀ ਬੀਮਾਰੀ ਹੈ ਜੋ ਮਾਂ ਦੀ ਕੁੱਖ 'ਚ ਹੀ ਵਿਕਸਤ ਹੁੰਦੀ ਹੈ।

ਗਰਭ ਅਵਸਥਾ 'ਚ ਬੱਚੇ ਦਾ ਕੋਈ ਇਕ ਜਾਂ ਕਈ ਜੀਨਸ ਗਲਤ ਸੰਰਚਨਾ 'ਚ ਜਦੋਂ ਜੁੜ ਜਾਂਦੇ ਹਨ ਤਦ ਅਜਿਹੀ ਖਾਨਦਾਨੀ ਬੀਮਾਰੀ ਬੱਚੇ ਨੂੰ ਘੇਰ ਲੈਂਦੀ ਹੈ। ਪੀ. ਜੀ. ਆਈ. 'ਚ ਜੀਨਸ ਨਾਲ ਸਬੰਧਤ ਬੀਮਾਰੀਆਂ ਨਾਲ ਪੀੜਤ 50 ਤੋਂ ਜ਼ਿਆਦਾ ਬੱਚੇ ਇਲਾਜ ਲਈ ਪਹੁੰਚ ਚੁੱਕੇ ਹਨ। ਕਿਸੇ ਦਾ ਬੇਕਾਬੂ ਭਾਰ ਹੈ, ਤਾਂ ਕਿਸੇ ਦਾ ਕੱਦ ਅਸਾਧਾਰਣ ਢੰਗ ਨਾਲ ਵਧਦਾ ਹੀ ਜਾ ਰਿਹਾ ਹੈ। ਕਿਸੇ ਦੇ ਹੱਥ ਅਤੇ ਪੈਰਾਂ ਦੀਆਂ ਉਗਲੀਆਂ ਟੇਢੀਆਂ-ਮੇਢੀਆਂ ਵਧ ਰਹੀਆਂ ਹਨ। ਪੀ. ਜੀ. ਆਈ. ਦੇ ਜੈਨੇਟਿਕਸ ਵਿਭਾਗ 'ਚ ਤਿੰਨ ਸਾਲ ਪਹਿਲਾਂ ਪੰਜਾਬ ਦੀ 9 ਮਹੀਨੇ ਦੀ 20 ਕਿਲੋਗ੍ਰਾਮ ਭਾਰ ਵਾਲੀ ਚਾਹਤ ਵੀ ਇਲਾਜ ਲਈ ਪਹੁੰਚੀ ਸੀ। ਚਾਹਤ ਦਾ ਇੰਨਾ ਭਾਰ ਸੀ ਕਿ ਉਸਦੇ ਮਾਂ-ਬਾਪ ਲਈ ਉਸ ਨੂੰ ਚੁੱਕਣਾ ਵੀ ਮੁਸ਼ਕਲ ਸੀ। ਚਾਹਤ ਵੀ ਲਗਾਤਾਰ ਦੁੱਧ ਪੀਂਦੀ ਰਹਿੰਦੀ ਸੀ। ਪੰਜਾਬ ਅਤੇ ਹਰਿਆਣਾ ਹਾਈਕੋਰਟ ਨੇ ਵੀ ਚਾਹਤ ਦੇ ਭਾਰ ਦੇ ਇਲਾਜ ਨੂੰ ਲੈ ਕੇ ਪੀ. ਜੀ. ਆਈ. ਤੋਂ ਸਟੇਟਸ ਰਿਪੋਰਟ ਮੰਗੀ ਸੀ। ਪੀ. ਜੀ. ਆਈ. 'ਚ ਇਲਾਜ ਤੋਂ ਬਾਅਦ ਚਾਹਤ ਦਾ ਭਾਰ ਹੁਣ ਘਟਣ ਲੱਗਾ ਹੈ। ਹਰ ਮਹੀਨੇ ਦੋ ਤੋਂ ਤਿੰਨ ਕਿਲੋਗ੍ਰਾਮ ਵਧਣ ਵਾਲੇ ਭਾਰ 'ਚ ਹੁਣ 500 ਗ੍ਰਾਮ ਦੀ ਗਿਰਾਵਟ ਦੇਖਣ ਨੂੰ ਮਿਲੀ ਹੈ।

ਡਿਊਲ ਟੈਸਟ 'ਚ ਨਹੀਂ ਹੋ ਸਕਿਆ ਸੀ ਮਰਜ਼ ਦਾ ਖੁਲਾਸਾ
ਹਰਸ਼ਿਤਾ ਦੀ ਮਾਤਾ ਨੀਤੂ ਦਾ ਕਹਿਣਾ ਹੈ ਕਿ ਜਦੋਂ ਤੋਂ ਹਰਸ਼ਿਤਾ ਦਾ ਜਨਮ ਹੋਇਆ ਹੈ ਉਦੋਂ ਤੋਂ ਉਹ ਉਸ ਨੂੰ ਡਾਕਟਰਾਂ ਕੋਲ ਇਲਾਜ ਲਈ ਲਿਜਾ ਰਹੇ ਹਨ। ਹਰਸ਼ਿਤਾ ਆਮ ਭਾਰ ਨਾਲ ਪੈਦਾ ਹੋਈ ਸੀ। ਜਦੋਂ ਉਹ 9 ਮਹੀਨੇ ਦੀ ਹੋਈ ਤਾਂ ਉਸਦੇ ਸਿਰ 'ਤੇ ਦਾਣੇ ਰਹਿਣ ਲੱਗੇ ਅਤੇ ਪਤਾ ਚੱਲਿਆ ਕਿ ਉਸਦੀ ਬੌਧਿਕ ਸਮਰੱਥਾ ਕਮਜ਼ੋਰ ਹੈ। ਉਸਦਾ ਇਲਾਜ ਸ਼ੁਰੂ ਕਰਵਾਇਆ ਗਿਆ। ਹਰਸ਼ਿਤਾ ਨਾ ਤਾਂ ਠੀਕ ਤਰ੍ਹਾਂ ਖੜ੍ਹੀ ਹੋ ਸਕਦੀ ਸੀ ਅਤੇ ਨਾ ਹੀ ਠੀਕ ਤਰ੍ਹਾਂ ਨਾਲ ਬੋਲ ਹੀ ਸਕਦੀ ਸੀ। ਉਸਦੀ ਫਿਜ਼ੀਓਥੈਰੇਪੀ ਵੀ ਰੈਗੂਲਰ ਤੌਰ 'ਤੇ ਕਰਵਾਈ ਜਾ ਰਹੀ ਹੈ। 9 ਸਾਲ ਦੀ ਉਮਰ 'ਚ ਵੀ ਉਹ ਅੱਜ ਯੂ.ਕੇ. ਜੀ. 'ਚ ਹੀ ਪੜ੍ਹ ਰਹੀ ਹੈ। ਹੁਣ ਪਿਛਲੇ ਦੋ ਹਫ਼ਤਿਆਂ ਤੋਂ ਹਰਸ਼ਿਤਾ ਨੂੰ ਬੁਖਾਰ, ਸਾਹ ਲੈਣ 'ਚ ਤਕਲੀਫ ਹੋ ਰਹੀ ਹੈ। ਮੋਟਾਪੇ ਕਾਰਣ ਉਸਦੇ ਫੇਫੜੇ ਸਹੀ ਕੰਮ ਨਹੀਂ ਕਰ ਪਾ ਰਹੇ ਅਤੇ ਸਰੀਰ ਨੂੰ ਆਕਸੀਜਨ ਦੀ ਠੀਕ ਮਾਤਰਾ ਨਹੀਂ ਮਿਲ ਰਹੀ। ਹੱਥ ਦੀਆਂ ਉਂਗਲੀਆਂ ਅਤੇ ਨਹੁੰ ਤੱਕ ਨੀਲੇ ਹੋ ਗਏ ਹਨ। ਗਰਭ ਅਵਸਥਾ ਦੌਰਾਨ 12ਵੇਂ ਹਫ਼ਤੇ 'ਚ ਡਿਊਲ ਟੈਸਟ ਵੀ ਕਰਵਾਇਆ ਸੀ ਅਤੇ ਉਸਦੀ ਰਿਪੋਰਟ ਨੈਗੇਟਿਵ ਸੀ। ਟ੍ਰਿਪਲ ਟੈਸਟ ਤਦ ਨਹੀਂ ਕੀਤਾ ਜਾਂਦਾ ਸੀ, ਇਸ ਲਈ ਗਰਭ ਅਵਸਥਾ 'ਚ ਖਾਨਦਾਨੀ ਬੀਮਾਰੀ ਦੀ ਜਾਣਕਾਰੀ ਨਹੀਂ ਮਿਲ ਸਕੀ ਸੀ।

ਨਹੀਂ ਹਨ ਸਮਾਜ 'ਚ ਸਪੈਸ਼ਲ ਬੱਚਿਆਂ ਲਈ ਸੁਵਿਧਾਵਾਂ
ਹਰਸ਼ਿਤਾ ਦੇ ਪਿਤਾ ਸੁਰਿੰਦਰ ਕੁਮਾਰ ਦਾ ਕਹਿਣਾ ਹੈ ਕਿ ਡਾਕਟਰਾਂ ਨੇ ਦੱਸਿਆ ਹੈ ਕਿ ਉਨ੍ਹਾਂ ਦੀ ਬੱਚੀ ਖਾਨਦਾਨੀ ਬੀਮਾਰੀ ਤੋਂ ਪੀੜਤ ਹੈ। ਉਸਦੀ ਬੌਧਿਕ ਸਮਰੱਥਾ ਕਮਜ਼ੋਰ ਹੈ। ਭਾਵੇਂ ਸਰਕਾਰ ਕਹਿੰਦੀ ਹੈ ਕਿ ਉਹ ਡਿਸੇਬਲ ਫ੍ਰੈਂਡਲੀ ਹੈ ਪਰ ਉਹ ਸਾਰੇ ਦਾਅਵੇ ਫੋਕੇ ਹਨ। ਬੱਚੀ ਨੂੰ ਜੇਕਰ ਆਮ ਬੱਚਿਆਂ ਨਾਲ ਸਕੂਲ 'ਚ ਪੜ੍ਹਾਇਆ ਜਾਂਦਾ ਤਾਂ ਉਹ ਵੀ ਆਮ ਬੱਚਿਆਂ ਦੀ ਤਰ੍ਹਾਂ ਵਿਵਹਾਰ ਕਰਦੀ ਪਰ ਅਜਿਹਾ ਨਹੀਂ ਹੋ ਸਕਿਆ। ਆਮ ਸਕੂਲ ਦੇ ਅਧਿਆਪਕਾਂ ਨੇ ਉਨ੍ਹਾਂ ਦੀ ਬੱਚੀ ਨੂੰ ਆਮ ਸਕੂਲ 'ਚ ਰੱਖਣ ਤੋਂ ਇਨਕਾਰ ਕਰ ਦਿੱਤਾ। ਉਨ੍ਹਾਂ ਨੂੰ ਤਿੰਨ ਦਫਾ ਉਸਦੇ ਸਕੂਲ ਬਦਲਣੇ ਪਏ। ਹਾਰਕੇ ਬੱਚੀ ਨੂੰ ਸਪੈਸ਼ਲ ਸਕੂਲ 'ਚ ਦਾਖਲਾ ਦਿਵਾਇਆ। ਸਪੈਸ਼ਲ ਬੱਚਿਆਂ ਨੂੰ ਸਪੈਸ਼ਲ ਦੇਖਭਾਲ ਦੀ ਜ਼ਰੂਰਤ ਹੁੰਦੀ ਹੈ ਪਰ ਉਹ ਬੱਚਿਆਂ ਨੂੰ ਨਹੀਂ ਮਿਲਦੀ। ਸਮਾਜ ਅਤੇ ਪਰਿਵਾਰ ਦੇ ਲੋਕ ਵੀ ਸਪੈਸ਼ਲ ਬੱਚਿਆਂ ਨਾਲ ਉਹ ਵਿਵਹਾਰ ਨਹੀਂ ਕਰਦੇ ਜੋ ਉਨ੍ਹਾਂ ਨੂੰ ਕਰਨਾ ਚਾਹੀਦਾ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਅਜਿਹੇ ਬੱਚਿਆਂ ਦੀ ਸਮਾਜਿਕ ਸੁਰੱਖਿਆ ਲਈ ਸਰਕਾਰ ਨੂੰ ਕਦਮ ਚੁੱਕਣ ਦੀ ਜ਼ਰੂਰਤ ਹੈ, ਤਾਂ ਕਿ ਮਾਂ-ਬਾਪ ਦੇ ਨਾ ਰਹਿਣ 'ਤੇ ਅਜਿਹੇ ਬੱਚੇ ਸੁਰੱਖਿਅਤ ਰਹਿ ਸਕਣ। ਉਨ੍ਹਾਂ ਦੀ ਪੈਨਸ਼ਨ ਜਾਂ ਵਿੱਤੀ ਸਹਾਇਤਾ ਦੀ ਕੋਈ ਵਿਵਸਥਾ ਕੀਤੀ ਜਾਣੀ ਚਾਹੀਦੀ ਹੈ।

PunjabKesari

ਪੀ. ਜੀ. ਆਈ. 'ਚ 30 ਕਿਸਮ ਦੇ ਜੀਨਸ ਵਿਕਾਰਾਂ ਦੀ ਹੁੰਦੀ ਹੈ ਜਾਂਚ
ਪੀ. ਜੀ. ਆਈ. ਦੇ ਜੈਨੇਟਿਕਸ ਵਿਭਾਗ ਦੀ ਮਾਹਰ ਡਾ. ਇਨੂਸ਼ਾ ਪਾਨੀਗ੍ਰਾਹੀ ਦਾ ਕਹਿਣਾ ਹੈ ਕਿ ਹਰਸ਼ਿਤਾ ਦਾ ਇਲਾਜ ਸ਼ੁਰੂਆਤ 'ਚ ਡਾਈਟ ਐਡਵਾਈਜ਼ (ਖਾਣਾ) ਨਾਲ ਕੀਤਾ ਜਾਵੇਗਾ। ਉਸ ਨੂੰ ਖਾਣ ਲਈ ਅਜਿਹੀਆਂ ਚੀਜ਼ਾਂ ਦਿੱਤੀਆਂ ਜਾਣਗੀਆਂ ਜਿਸ ਨਾਲ ਉਹ ਲਗਾਤਾਰ ਖਾਣਾ ਨਾ ਖਾਵੇ। ਘੱਟ ਖਾਣ ਲਈ ਦਵਾਈ ਵੀ ਦਿੱਤੀ ਜਾਵੇਗੀ। ਤਿੰਨ ਮਹੀਨੀਆਂ ਤੱਕ ਹਰਸ਼ਿਤਾ ਦਾ ਇਲਾਜ ਡਾਈਟ ਨਾਲ ਕੀਤਾ ਜਾਵੇਗਾ। ਜੇਕਰ ਕੋਈ ਅਸਰ ਨਾ ਹੋਇਆ ਤਾਂ ਗਰੋਥ ਹਾਰਮੋਨਸ ਥੈਰੇਪੀ ਨਾਲ ਇਲਾਜ ਕਰਨਗੇ। ਪ੍ਰੈਡਰ ਵਿੱਲਈ ਵਾਲੇ ਬੱਚਿਆਂ ਦਾ ਕੱਦ ਵੀ ਛੋਟਾ ਰਹਿ ਜਾਂਦਾ ਹੈ ਪਰ ਹਰਸ਼ਿਤਾ ਦੇ ਕੱਦ 'ਚ ਕੋਈ ਮੁਸ਼ਕਲ ਨਹੀਂ ਹੈ, ਉਸਦਾ ਕੱਦ ਆਮ ਹੈ। ਕਈ ਤਰ੍ਹਾਂ ਦੇ ਜੀਨਸ ਨਾਲ ਸਬੰਧਤ ਰੋਗ ਹੁੰਦੇ ਹਨ। ਪ੍ਰੈਡਰ ਵਿੱਲਈ ਸਿੰਡਰੋਮ, ਰਜੇਲ ਸਿਲਵਰ ਸਿੰਡਰੋਮ, ਬਾਰਡੇਟ ਬਾਈਡਲ ਸਿੰਡਰੋਮ ਆਦਿ। ਪੀ. ਜੀ. ਆਈ. 'ਚ 30 ਕਿਸਮ ਦੇ ਜੀਨਸ ਡਿਫੈਕਟ ਦੀ ਜਾਂਚ ਦੀ ਸਹੂਲਤ ਉਪਲਬਧ ਹੈ। ਹਾਲ ਹੀ 'ਚ ਮਲਟੀਪਲੈਕਸ ਲਾਈਗੇਸ਼ਨ ਪ੍ਰੋਬ ਇੰਪਲੀਫਿਕੇਸ਼ਨ (ਐੱਮ.ਐੱਲ. ਪੀ. ਏ.) ਟੈਸਟ ਦੀ ਸਹੂਲਤ ਸ਼ੁਰੂ ਕੀਤੀ ਗਈ ਹੈ। ਨਿਊ ਜੈਨੇਰੇਸ ਸਿਕਵੈਂਸ ਟੈਸਟ ਵੀ ਪੀ. ਜੀ. ਆਈ. 'ਚ ਕੀਤਾ ਜਾ ਰਿਹਾ ਹੈ ਪਰ ਜਿਸ ਬੱਚੇ 'ਚ 100 ਤੋਂਂ ਜ਼ਿਆਦਾ ਡਿਫੈਕਟਸ ਹੁੰਦੇ ਹਨ ਉਨ੍ਹਾਂ ਦੇ ਸੈਂਪਲ ਟੈਸਟ ਲਈ ਬਾਹਰ ਭੇਜ ਦਿੱਤੇ ਜਾਂਦੇ ਹਨ। ਅਜਿਹੇ ਪੇਰੈਂਟਸ ਜਿਨ੍ਹਾਂ ਦਾ ਪਹਿਲਾ ਬੱਚਾ ਖਾਨਦਾਨੀ ਬੀਮਾਰੀ ਤੋਂ ਪੀੜਤ ਹੁੰਦਾ ਹੈ, ਉਨ੍ਹਾਂ ਦੇ ਦੂਜੇ ਬੱਚੇ ਦੇ ਜਨਮ ਤੋਂ ਪਹਿਲਾਂ ਮਾਂ ਦਾ ਜੈਨੇਟਿਕ ਟੈਸਟ ਕੀਤਾ ਜਾਂਦਾ ਹੈ ਅਤੇ ਕਈ ਵਾਰ ਪਰਿਵਾਰ 'ਚ ਅਜਿਹੀ ਬੀਮਾਰੀ ਦਾ ਰਿਕਾਰਡ ਹੋਣ 'ਤੇ ਵੀ ਜੈਨੇਟਿਕ ਟੈਸਟ ਕੀਤਾ ਜਾਂਦਾ ਹੈ। ਪੀ. ਜੀ. ਆਈ. 'ਚ ਫਿਲਹਾਲ ਇਹ ਟੈਸਟ 2000 ਰੁਪਏ 'ਚ ਕੀਤੇ ਜਾ ਰਹੇ ਹਨ।

ਇਹ ਵੀ ਪੜ੍ਹੋ ► ਫਿਲੌਰ : ਖੇਤਾਂ 'ਚੋਂ ਨਾਬਾਲਗ ਕੁੜੀ ਦੀ ਲਾਸ਼ ਮਿਲਣ ਦਾ ਮਾਮਲਾ ਹੱਲ, ਪੁਲਸ ਨੇ ਕੀਤਾ ਖੁਲਾਸਾ 

► ਇੰਝ ਸਿਆਸਤ 'ਚ ਆਏ ਸੀ ਕੈਪਟਨ ਅਮਰਿੰਦਰ ਸਿੰਘ, ਛੱਡੀ ਸੀ ਫੌਜ ਦੀ ਨੌਕਰੀ     
 


author

Anuradha

Content Editor

Related News