ਰੋਂਦੇ ਹੋਏ ਮਾਪੇ ਬੋਲੇ, ''ਪੜ੍ਹਨ ਲਈ ਭੇਜਿਆ ਸੀ, ਸਾਨੂੰ ਕੀ ਪਤਾ ਸੀ ਲਾਸ਼ਾਂ ਲੈਣ ਜਾਣਾ ਪਵੇਗਾ'' (ਤਸਵੀਰਾਂ)

Monday, Feb 24, 2020 - 07:07 PM (IST)

ਰੋਂਦੇ ਹੋਏ ਮਾਪੇ ਬੋਲੇ, ''ਪੜ੍ਹਨ ਲਈ ਭੇਜਿਆ ਸੀ, ਸਾਨੂੰ ਕੀ ਪਤਾ ਸੀ ਲਾਸ਼ਾਂ ਲੈਣ ਜਾਣਾ ਪਵੇਗਾ'' (ਤਸਵੀਰਾਂ)

ਚੰਡੀਗੜ੍ਹ (ਸੁਸ਼ੀਲ)— ਅਸੀਂ ਤਾਂ ਬੇਟੀਆਂ ਨੂੰ ਪੜ੍ਹਨ ਲਈ ਚੰਡੀਗੜ੍ਹ ਭੇਜਿਆ ਸੀ, ਸਾਨੂੰ ਕੀ ਪਤਾ ਸੀ ਉਨ੍ਹਾਂ ਦੀਆਂ ਲਾਸ਼ਾਂ ਲੈ ਕੇ ਜਾਣਾ ਪਵੇਗਾ। ਇਹ ਕਹਿੰਦੇ ਹੋਏ ਮ੍ਰਿਤਕਾ ਰੀਆ, ਮੁਸਕਾਨ ਅਤੇ ਪ੍ਰਾਕਸ਼ੀ ਦੇ ਮਾਪਿਆਂ ਦੇ ਹੰਝੂ ਨਹੀਂ ਰੁਕ ਰਹੇ ਸਨ। ਜੀ. ਐੱਮ. ਸੀ. ਐੱਚ.-32 ਦੀ ਮੋਰਚਰੀ ਦੇ ਬਾਹਰ ਐਤਵਾਰ ਸਵੇਰੇ ਕਰੀਬ ਦਸ ਵਜੇ ਹਰ ਅੱਖ ਨਮ ਸੀ। ਵਿਦਿਆਰਥਣ ਮੁਸਕਾਨ ਦੇ ਮਾਪੇ ਤਾਂ ਬੇਟੀ ਨੂੰ ਅੱਗ ਨਾਲ ਝੁਲਸੀ ਵੇਖ ਹੀ ਨਹੀਂ ਸਕੇ। ਉਸ ਦੇ ਭਰਾ ਅਤੇ ਰਿਸ਼ਤੇਦਾਰਾਂ ਨੇ ਮੋਰਚਰੀ 'ਚ ਜਾ ਕੇ ਮੁਸਕਾਨ ਦੀ ਲਾਸ਼ ਦੀ ਪਛਾਣ ਕੀਤੀ।

PunjabKesari

ਉਥੇ ਹੀ, ਪੁਲਸ ਮਾਪਿਆਂ ਨੂੰ ਦਿਲਾਸਾ ਦੇ ਕੇ ਸੰਭਾਲਣ 'ਚ ਲੱਗੀ ਹੋਈ ਸੀ। ਸੈਕਟਰ-34 ਥਾਣਾ ਪੁਲਸ ਨੇ ਤਿੰਨਾਂ ਵਿਦਿਆਰਥਣਾਂ ਦੀਆਂ ਲਾਸ਼ਾਂ ਦਾ ਪੋਸਟਮਾਰਟਮ ਕਰਵਾਉਣ ਲਈ ਡਾਕਟਰਾਂ ਦਾ ਸਪੈਸ਼ਲ ਬੋਰਡ ਬਣਾਇਆ। ਡਾਕਟਰਾਂ ਦੇ ਬੋਰਡ ਨੇ ਮ੍ਰਿਤਕਾ ਰੀਆ, ਮੁਸਕਾਨ ਅਤੇ ਪ੍ਰਾਕਸ਼ੀ ਦੀਆਂ ਲਾਸ਼ਾਂ ਨੂੰ ਪੋਸਟਮਾਰਟਮ ਕਰਕੇ ਵਾਰਸਾਂ ਦੇ ਹਵਾਲੇ ਕਰ ਦਿੱਤਾ। ਮਾਪਿਆਂ ਨੇ ਦੋਸ਼ ਲਾਏ ਕਿ ਕੁਝ ਪੈਸਿਆਂ ਖਾਤਿਰ ਪੀ. ਜੀ. ਮਾਲਕ ਨੇ ਉਨ੍ਹਾਂ ਦੀਆਂ ਬੇਟੀਆਂ ਨੂੰ ਮੌਤ ਦੇ ਮੂੰਹ 'ਚ ਸੁੱਟ ਦਿੱਤਾ।

PunjabKesari

ਫਾਇਰ ਸਿਸਟਮ ਹੁੰਦਾ ਤਾਂ ਬਚ ਜਾਂਦੀਆਂ ਵਿਦਿਆਰਥਣਾਂ
ਮਾਪਿਆਂ ਨੇ ਕਿਹਾ ਕਿ ਜੇਕਰ ਪੀ. ਜੀ. ਮਾਲਕ ਨੇ ਫਾਇਰ ਸਿਸਟਮ ਲਾਇਆ ਹੁੰਦਾ ਤਾਂ ਬੇਟੀਆਂ ਦੀ ਜਾਨ ਬਚ ਸਕਦੀ ਸੀ ਕਿਉਂਕਿ ਪੀ. ਜੀ. ਮਾਲਕ 'ਤੇ 2019 'ਚ ਪੁਲਸ ਇਸ ਲਈ ਹੀ ਮਾਮਲਾ ਦਰਜ ਕਰ ਚੁੱਕੀ ਸੀ। ਉਸ ਤੋਂ ਬਾਅਦ ਵੀ ਮਾਲਕ ਨੇ ਪੀ. ਜੀ. 'ਚ ਸੁਰੱਖਿਆ ਦੇ ਇੰਤਜ਼ਾਮ ਠੀਕ ਢੰਗ ਨਾਲ ਨਹੀਂ ਕੀਤੇ ਸਨ। ਪ੍ਰਾਕਸ਼ੀ ਦੇ ਭਰਾ ਪੁਨੀਤ ਗਰੋਵਰ ਅਤੇ ਰੀਆ ਦੇ ਮਾਮਾ ਮੁਕੇਸ਼ ਅਰੋੜਾ ਨੇ ਕਿਹਾ ਕਿ ਚੰਡੀਗੜ੍ਹ ਪ੍ਰਸ਼ਾਸਨ ਠੀਕ ਸਮੇਂ 'ਤੇ ਪੀ. ਜੀ. ਦੀ ਜਾਂਚ ਕਰ ਲੈਂਦਾ ਤਾਂ ਹਾਦਸਾ ਹੋਣੋਂ ਬਚ ਸਕਦਾ ਸੀ।

PunjabKesari

ਪੀ. ਜੀ. ਮਾਲਕ ਦੋ ਦਿਨ ਦੇ ਪੁਲਸ ਰਿਮਾਂਡ 'ਤੇ, ਦੋ ਦੀ ਭਾਲ ਜਾਰੀ
ਸੈਕਟਰ-32 ਸਥਿਤ ਕੋਠੀ ਨੰਬਰ 3325 'ਚ ਨਾਜਾਇਜ਼ ਲੜਕੀਆਂ ਦਾ ਪੀ. ਜੀ. ਚਲਾਉਣ ਵਾਲੇ ਨਿਤੇਸ਼ ਬਾਂਸਲ ਨੂੰ ਪੁਲਸ ਨੇ ਦੇਰ ਰਾਤ ਗ੍ਰਿਫਤਾਰ ਕਰ ਲਿਆ। ਸੈਕਟਰ-34 ਥਾਣਾ ਪੁਲਸ ਨੇ ਮੁਲਜ਼ਮ ਨਿਤੇਸ਼ ਬਾਂਸਲ ਨੂੰ ਐਤਵਾਰ ਨੂੰ ਡਿਊਟੀ ਮਜਿਸਟ੍ਰੇਟ ਸਾਹਮਣੇ ਪੇਸ਼ ਕਰਕੇ ਫਰਾਰ ਮੁਲਜ਼ਮਾਂ ਨੂੰ ਫੜਨ ਲਈ ਪੁਲਸ ਰਿਮਾਂਡ ਮੰਗਿਆ। ਅਦਾਲਤ ਨੇ ਮੁਲਜ਼ਮ ਨਿਤੇਸ਼ ਨੂੰ ਦੋ ਦਿਨਾ ਪੁਲਸ ਰਿਮਾਂਡ 'ਤੇ ਭੇਜ ਦਿੱਤਾ। ਪੁਲਸ ਮਾਮਲੇ 'ਚ ਫਰਾਰ ਮੁਲਜ਼ਮ ਕੋਠੀ ਮਾਲਕ ਗੌਰਵ ਅਨੇਜਾ ਅਤੇ ਨਿਤੇਸ਼ ਪੋਪਲੀ ਦੀ ਭਾਲ ਕਰ ਰਹੀ ਹੈ। ਪੁਲਸ ਨੇ ਮਾਮਲੇ 'ਚ ਕੋਠੀ ਮਾਲਕ ਗੌਰਵ ਅਨੇਜਾ, ਪੀ. ਜੀ. ਚਲਾਉਣ ਵਾਲੇ ਨਿਤੇਸ਼ ਬਾਂਸਲ ਤੇ ਨਿਤੇਸ਼ ਪੋਪਲੀ 'ਤੇ ਮਾਮਲਾ ਦਰਜ ਕੀਤਾ ਸੀ।

PunjabKesari

ਰੀਆ ਅਤੇ ਪ੍ਰਾਕਸ਼ੀ ਨੇ ਜਾਣਾ ਸੀ ਵਿਦੇਸ਼, ਮੁਸਕਾਨ ਨੇ ਬਣਨਾ ਸੀ ਅਫਸਰ 
ਬੀ. ਬੀ. ਏ. ਦੇ ਨਾਲ ਕੈਨੇਡੀਅਨ ਕੋਚਿੰਗ ਸੈਂਟਰ 'ਚ ਪੜ੍ਹਾਈ ਕਰ ਰਹੀ ਸੀ ਪ੍ਰਾਕਸ਼ੀ, 12ਵੀਂ 'ਚ 97 ਫੀਸਦੀ ਨੰਬਰ ਸਨ
ਰੀਆ ਅਤੇ ਪ੍ਰਾਕਸ਼ੀ ਨੇ ਤਾਂ ਵਿਦੇਸ਼ 'ਚ ਸੈਟਲ ਹੋਣਾ ਸੀ। ਚੰਡੀਗੜ੍ਹ 'ਚ ਆ ਕੇ ਦੋਵੇਂ ਹੀ ਲੜਕੀਆਂ ਵਿਦੇਸ਼ ਜਾਣ ਦੀ ਤਿਆਰੀ 'ਚ ਲੱਗੀਆਂ ਹੋਈਆਂ ਸਨ। ਮ੍ਰਿਤਕਾ ਪ੍ਰਾਕਸ਼ੀ ਦੇ ਭਰਾ ਪੁਨੀਤ ਗਰੋਵਰ ਨੇ ਜੀ. ਐੱਮ. ਸੀ. ਐੱਚ.-32 ਦੀ ਮੋਰਚਰੀ ਦੇ ਬਾਹਰ ਦੱਸਿਆ ਕਿ ਪ੍ਰਾਕਸ਼ੀ ਦਾ ਸੁਪਨਾ ਕੈਨੇਡਾ ਜਾਣ ਦਾ ਸੀ। ਉਸ ਦਾ ਭਰਾ ਤਿੰਨ ਸਾਲ ਪਹਿਲਾਂ ਕੈਨੇਡਾ ਜਾ ਕੇ ਸੈਟਲ ਹੋ ਗਿਆ ਸੀ ਇਸ ਲਈ ਪ੍ਰਾਕਸ਼ੀ ਐੱਸ. ਡੀ. ਕਾਲਜ ਤੋਂ ਬੀ. ਬੀ. ਏ. ਦੇ ਨਾਲ ਕੈਨੇਡੀਅਨ ਕੋਚਿੰਗ ਸੈਂਟਰ 'ਚ ਪੜ੍ਹਾਈ ਕਰ ਰਹੀ ਸੀ। ਪਿਤਾ ਨਵਦੀਪ ਗਰੋਵਰ ਨੇ ਦੱਸਿਆ ਕਿ ਉਨ੍ਹਾਂ ਦੀ ਧੀ ਪੜ੍ਹਾਈ 'ਚ ਕਾਫੀ ਹੁਸ਼ਿਆਰ ਸੀ। 12ਵੀਂ ਕਲਾਸ 'ਚ ਪ੍ਰਾਕਸ਼ੀ ਨੇ 97 ਫੀਸਦੀ ਅੰਕ ਹਾਸਲ ਕੀਤੇ ਸਨ। ਮਾਪੇ ਪ੍ਰਾਕਸ਼ੀ ਦੀ ਲਾਸ਼ ਨੂੰ ਲੈ ਕੇ ਕੋਟਕਪੂਰਾ ਲੈ ਕੇ ਰਵਾਨਾ ਹੋ ਗਏ।

PunjabKesari

27 ਮਾਰਚ ਨੂੰ ਮਾਂ ਨੂੰ ਮਿਲਣ ਯੂਰਪ ਜਾਣਾ ਸੀ ਰੀਆ ਨੇ, ਟਿਕਟ ਵੀ ਬੁੱਕ ਕਰਵਾ ਚੁੱਕੇ ਸਨ 
ਰੀਆ ਦੇ ਮਾਮਾ ਮੁਕੇਸ਼ ਅਰੋੜਾ ਨੇ ਦੱਸਿਆ ਕਿ ਰੀਆ ਦੀ ਮਾਂ ਯੂਰਪ ਅਤੇ ਭੈਣ ਲੰਡਨ 'ਚ ਰਹਿੰਦੀ ਹੈ। ਰੀਆ ਨੇ ਵੀ ਵਿਦੇਸ਼ ਜਾਣਾ ਸੀ, ਇਸ ਲਈ ਉਹ ਫਰੈਂਚ ਦਾ ਕੋਰਸ ਕਰ ਰਹੀ ਸੀ। ਉਨ੍ਹਾਂ ਨੇ ਦੱਸਿਆ ਕਿ 27 ਮਾਰਚ ਨੂੰ ਰੀਆ ਨੇ ਆਪਣੀ ਮਾਂ ਨੂੰ ਮਿਲਣ ਯੂਰਪ ਜਾਣਾ ਸੀ। ਇਸ ਲਈ ਟਿਕਟਾਂ ਵੀ ਬੁੱਕ ਕਰਵਾ ਚੁੱਕੇ ਸਨ। ਧੀ ਦੀ ਮੌਤ ਦੀ ਜਾਣਕਾਰੀ ਮਿਲਦੇ ਹੀ ਰੀਆ ਦੀ ਮਾਂ ਚੰਡੀਗੜ੍ਹ ਪਹੁੰਚ ਗਈ। ਮਾਮਾ ਅਤੇ ਹੋਰ ਵਾਰਸ ਰੀਆ ਦੀ ਲਾਸ਼ ਨੂੰ ਲੈ ਕੇ ਕਪੂਰਥਲਾ ਸਥਿਤ ਨਿਊ ਗੁਰੂ ਨਾਨਕ ਨਗਰ ਗਰੋਵਰ ਕਾਲੋਨੀ 'ਚ ਲੈ ਗਏ।

PunjabKesari

ਫੋਨ 'ਤੇ ਕਿਹਾ ਸੀ, ਪਾਪਾ ਪੀ. ਜੀ. 'ਚ ਅੱਗ ਲਗ ਗਈ ਹੈ ਅਤੇ ਮੈਂ ਫਸ ਗਈ ਹਾਂ, ਪਰ ਮੈਂ ਕੁਝ ਨਹੀਂ ਕਰ ਪਾਇਆ
ਮੁਸਕਾਨ ਨੂੰ ਅੱਗ ਨੇ ਚਾਰੇ ਪਾਸਿਆਂ ਤੋਂ ਘੇਰ ਲਿਆ ਸੀ। ਇਸ ਕਾਰਨ ਉਹ ਅੱਗ ਦੀਆਂ ਲਪਟਾਂ 'ਚ ਫਸ ਗਈ। ਧੀ ਦੇ ਚੀਕਣ ਦੀ ਆਵਾਜ਼ ਵੀ ਕੰਨਾਂ 'ਚ ਗੂੰਜ ਰਹੀ ਹੈ। ਇਹ ਕਹਿਣਾ ਸੀ ਪਿਤਾ ਰਾਜੀਵ ਦਾ। ਉਨ੍ਹਾਂ ਨੇ ਦੱਸਿਆ ਕਿ ਬੇਟੀ ਮੁਸਕਾਨ ਚੰਡੀਗੜ੍ਹ 'ਚ ਪੜ੍ਹਾਈ ਕਰ ਕੇ ਅਫਸਰ ਬਣਨਾ ਚਾਹੁੰਦੀ ਸੀ। ਜਿਸ ਸਮੇਂ ਪੀ. ਜੀ. 'ਚ ਅੱਗ ਲੱਗੀ, ਉਸ ਸਮੇਂ ਬੇਟੀ ਨੇ ਉਨ੍ਹਾਂ ਨੂੰ ਫੋਨ ਕਰ ਕੇ ਅੱਗ ਲੱਗਣ ਦੀ ਜਾਣਕਾਰੀ ਦਿੱਤੀ ਪਰ ਉਹ ਕੋਹਾਂਂ ਦੂਰ ਬੈਠੇ ਹੋਣ ਕੁਝ ਨਹੀਂ ਕਰ ਸਕੇ। ਭਰਾ ਯੁਵਰਾਜ ਨੇ ਦੱਸਿਆ ਕਿ ਭੈਣ ਖਾਲਸਾ ਕਾਲਜ ਫਾਰ ਵੂਮੈਨ ਦੀ ਪ੍ਰਧਾਨ ਰਹਿ ਚੁੱਕੀ ਸੀ। ਪਿਤਾ ਰਾਜੀਵ, ਭਰਾ ਯੁਵਰਾਜ ਅਤੇ ਚਾਚਾ ਦਿਨੇਸ਼ ਮਹਿਤਾ ਮੁਸਕਾਨ ਦੀ ਲਾਸ਼ ਲੈ ਕੇ ਹਰਿਆਣਾ ਦੇ ਹਿਸਾਰ ਨੂੰ ਰਵਾਨਾ ਹੋ ਗਏ।

PunjabKesari

ਵਿਦਿਆਰਥਣਾਂ ਨੇ ਖਾਲੀ ਕੀਤਾ ਪੀ. ਜੀ.
ਸੈਕਟਰ-32 ਦੀ ਕੋਠੀ ਨੰਬਰ 3325 'ਚ ਨਾਜਾਇਜ਼ ਪੀ. ਜੀ. ਨੂੰ ਵਿਦਿਆਰਥਣਾਂ ਨੇ ਐਤਵਾਰ ਨੂੰ ਖਾਲੀ ਕਰ ਦਿੱਤਾ। ਗਰਾਊਂਡ ਫਲੋਰ 'ਤੇ ਰਹਿ ਰਹੀਆਂ ਲੜਕੀਆਂ ਆਪਣਾ ਸਾਮਾਨ ਲੈ ਕੇ ਚਲੀਆਂ ਗਈਆਂ। ਮੌਕੇ 'ਤੇ ਪਹੁੰਚੀ ਸੀ. ਐੱਫ. ਐੱਸ. ਐੱਲ. ਦੀ ਟੀਮ ਨੇ ਇਕ ਘੰਟੇ ਤੱਕ ਜਾਂਚ ਕੀਤੀ ਅਤੇ ਅੱਗ ਲੱਗਣ ਦਾ ਕਾਰਨ ਪਤਾ ਲਾਉਣ ਲਈ ਸਬੂਤ ਇਕੱਠੇ ਕੀਤੇ।


author

shivani attri

Content Editor

Related News