...ਤੇ ਫਿਰ ਮੌਤ ਦਾ ਪੈਗਾਮ ਲੈ ਕੇ ਘੁੰਮਣ ਲੱਗੇ ''ਪੈਟਰੋਲੀਅਮ ਟੈਂਕਰ''
Tuesday, Jul 09, 2019 - 01:40 PM (IST)

ਲੁਧਿਆਣਾ (ਖੁਰਾਣਾ) : ਪੈਟਰੋਲੀਅਮ ਪਦਾਰਥਾਂ ਦੀ ਗੈਰ ਕਾਨੂੰਨੀ ਵਿਕਰੀ ਦਾ ਕਾਰੋਬਾਰ ਚਲਾ ਰਹੇ ਪੈਟਰੋਲ ਪੰਪ ਡੀਲਰ ਸਿਰਫ ਕੁਝ ਦਿਨਾਂ ਦੀ ਖਾਮੋਸ਼ੀ ਤੋਂ ਬਾਅਦ ਫਿਰ ਸਰਗਰਮ ਹੋ ਗਏ ਹਨ। ਜਿਸ ਦਾ ਨਤੀਜਾ ਇਸ ਗੱਲ ਤੋਂ ਮਿਲਦਾ ਹੈ ਕਿ ਮਹਾਂਨਗਰ 'ਚ ਕੁਝ ਦਿਨਾਂ ਤੱਕ ਅੰਡਰ ਗਰਾਊਂਡ ਕੀਤੇ ਗਏ ਜਗਾੜੂ ਪੈਟਰੋਲੀਅਮ ਟੈਂਕਰ ਫਿਰ ਮੌਤ ਦਾ ਪੈਗਾਮ ਬਣ ਕੇ ਮੰਡਰਾਉਣ ਲੱਗ ਪਏ ਹਨ। ਜ਼ਿਕਰਯੋਗ ਹੈ ਕਿ ਉਕਤ ਜਗਾੜੂ ਪੈਟਰੋਲੀਅਮ ਟੈਕਰਾਂ ਨੂੰ ਡਿਪਟੀ ਕਮਿਸ਼ਨਰ ਪਰਦੀਪ ਅਗਰਵਾਲ ਨੇ ਚੱਲਦਾ-ਫਿਰਦਾ ਬੰਬ ਕਰਾਰ ਦਿੰਦਿਆਂ ਫੂਡ ਤੇ ਸਪਾਲਈ ਵਿਭਾਗ ਦੇ ਕੰਟਰੋਲਰ ਰਾਕੇਸ਼ ਭਾਸਕਰ ਨੂੰ ਨਿਰਦੇਸ਼ ਦਿੱਤੇ ਸਨ ਕਿ ਉਕਤ ਨਾਜਾਇਜ਼ ਟੈਕਰਾਂ ਨੂੰ ਕਬਜ਼ੇ 'ਚ ਲੈ ਕੇ ਸਬੰਧਿਤ ਪੈਟਰੋਲ ਪੰਪ ਡੀਲਰਾਂ ਖਿਲਾਫ ਸਖਤ ਕਾਰਵਾਈ ਕੀਤੀ ਜਾਵੇ।
ਜਿਸ ਦੇ ਜਵਾਬ 'ਚ ਭਾਸਕਰ ਵਲੋਂ ਚਾਹੇ ਵਿਭਾਗੀ ਕਰਮਚਾਰੀਆਂ ਦੀਆਂ ਵੱਖ-ਵੱਖ ਟੀਮਾਂ ਗਠਿਤ ਕਰਕੇ ਟੈਕਰਾਂ ਨੂੰ ਫੜ੍ਹਨ ਤੇ ਸਬੰਧਿਤ ਪੰਪ ਮਾਲਕਾਂ ਦੀ ਸ਼ਨਾਖਤ ਕਰਨ ਲਈ ਅੱਡੀ-ਚੋਟੀ ਦਾ ਜ਼ੋਰ ਲਾਉਣ ਵਰਗੇ ਵੱਡੇ-ਵੱਡੇ ਦਾਅਵੇ ਕੀਤੇ ਗਏ ਪਰ ਲੰਬਾ ਸਮਾਂ ਬੀਤ ਜਾਣ ਤੋਂ ਬਾਅਦ ਵੀ ਨਾ ਤਾਂ ਭਾਸਕਰ ਪੈਟਰੋਲੀਅਮ ਪਦਾਰਥ ਦੀ ਨਾਜਾਇਜ਼ ਵਿਕਰੀ ਕਰਨ ਵਾਲੇ ਪੈਟਰੋਲ ਪੰਪ ਮਾਲਕਾਂ ਤੱਕ ਪੁੱਜ ਸਕੇ ਅਤੇ ਨਾ ਹੀ ਗੈਰ-ਕਾਨੂੰਨੀ ਟੈਕਰਾਂ ਨੂੰ ਖੋਜ ਕੱਢਣ 'ਚ ਕਾਮਯਾਬ ਹੋ ਸਕੇ, ਜਦੋਂ ਕਿ ਸੂਤਰਾਂ ਦੀ ਮੰਨੀਏ ਤਾਂ ਉਨ੍ਹਾਂ ਨੇ ਵਿਭਾਗੀ ਅਧਿਕਾਰੀਆਂ ਨੂੰ ਉਕਤ ਪੈਟਰੋਲ ਪੰਪ ਮਾਲਕਾਂ ਸਮੇਤ ਮੌਕੇ 'ਤੇ ਖੜ੍ਹੇ ਕੀਤੇ ਗਏ ਟੈਂਕਰ ਤੇ ਸਥਾਨਾਂ ਦੀ ਜਾਣਕਾਰੀ ਕਈ ਵਾਰ ਮੁਹੱਈਆ ਕਰਵਾਈ ਹੈ। ਇਸ ਦੌਰਾਨ ਸਵਾਲ ਪੈਦਾ ਹੁੰਦਾ ਹੈ ਕਿ ਕੀ ਕੰਟਰੋਲਰ ਭਾਸਕਰ ਦੀਆਂ ਟੀਮਾਂ ਨੇ ਸੱਚ 'ਚ ਟੈਕਰਾਂ ਨੂੰ ਫੜ੍ਹ ਲਈ ਸੜਕਾਂ ਦੀ ਖਾਕ ਛਾਣੀ ਹੈ ਜਾਂ ਫਿਰ ਏ. ਸੀ. ਦਫਤਰ 'ਚ ਬੈਠ ਕੇ ਹੀ ਰਿਪੋਰਟ ਤਿਆਰ ਕਰ ਦਿੱਤੀ ਗਈ।