ਖੁਲਾਸਾ: ਪ੍ਰੇਮ ਸਬੰਧਾਂ ਦੇ ਕਾਰਨ ਹੋਈ ਪੈਟਰੋਲ ਪੰਪ ਦੇ ਕਰਮਚਾਰੀ ਦੀ ਹੱਤਿਆ

Thursday, May 16, 2019 - 10:43 AM (IST)

ਖੁਲਾਸਾ: ਪ੍ਰੇਮ ਸਬੰਧਾਂ ਦੇ ਕਾਰਨ ਹੋਈ ਪੈਟਰੋਲ ਪੰਪ ਦੇ ਕਰਮਚਾਰੀ ਦੀ ਹੱਤਿਆ

ਮੋਗਾ (ਆਜ਼ਾਦ)— ਪਿੰਡ ਰਾਜੇਆਣਾ ਨੇੜੇ ਬਾਘਾਪੁਰਾਣਾ ਪੈਟਰੋਲ ਪੰਪ ਦੇ ਕਰਿੰਦੇ ਗੁਰਮੀਤ ਸਿੰਘ ਨਿਵਾਸੀ ਪਿੰਡ ਰੋਡੇ ਦੀ ਗੋਲੀ ਮਾਰ ਕੇ ਕੀਤੀ ਗਈ ਹੱਤਿਆ ਦੇ ਮਾਮਲੇ ਦਾ 24 ਘੰਟਿਆਂ 'ਚ ਪਰਦਾਫਾਸ਼ ਕਰਦਿਆਂ ਦੋ ਵਿਅਕਤੀਆਂ ਨੂੰ ਪੁਲਸ ਨੇ ਕਾਬੂ ਕਰ ਕੇ ਉਨ੍ਹਾਂ ਕੋਲੋਂ ਵਾਰਦਾਤ ਸਮੇਂ ਵਰਤਿਆ ਗਿਆ 32 ਬੋਰ ਦਾ ਪਿਸਤੌਲ, 2 ਕਾਰਤੂਸ ਅਤੇ ਮੋਟਰਸਾਈਕਲ ਵੀ ਬਰਾਮਦ ਕਰ ਲਿਆ ਹੈ। ਇਸ ਸਬੰਧੀ ਅੱਜ ਜ਼ਿਲਾ ਪ੍ਰਬੰਧਕੀ ਕੰਪਲੈਕਸ ਮੋਗਾ 'ਚ ਗੱਲਬਾਤ ਕਰਦਿਆਂ ਜ਼ਿਲਾ ਪੁਲਸ ਮੁਖੀ ਅਮਰਜੀਤ ਸਿੰਘ ਬਾਜਵਾ ਨੇ ਦੱਸਿਆ ਕਿ ਬੀਤੀ 14 ਮਈ ਨੂੰ ਬਾਘਾਪੁਰਾਣਾ ਪੈਟਰੋਲ ਪੰਪ ਦੇ ਕਰਿੰਦੇ ਗੁਰਮੀਤ ਸਿੰਘ ਦੀ ਦੋ ਨਕਾਬਪੋਸ਼ ਮੋਟਰਸਾਈਕਲ ਸਵਾਰ ਅਣਪਛਾਤੇ ਵਿਅਕਤੀਆਂ ਵੱਲੋਂ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ ਸੀ। ਇਕ ਵਿਅਕਤੀ ਨੇ ਗੁਰਮੀਤ ਸਿੰਘ ਦੇ ਪਿੱਛੋਂ ਕਨਪਟੀ 'ਤੇ ਗੋਲੀ ਮਾਰੀ ਅਤੇ ਦੂਜੇ ਵਿਅਕਤੀ ਨੇ ਉਸ ਦਾ ਮੋਬਾਈਲ ਫੋਨ, ਹੋਰ ਕਾਗਜ਼ਾਤ ਕੱਢੇ ਅਤੇ ਮੋਟਰਸਾਈਕਲ 'ਤੇ ਬੈਠ ਕੇ ਕੋਟਕਪੂਰਾ ਸਾਈਡ ਨੂੰ ਫਰਾਰ ਹੋ ਗਏ। ਗੁਰਮੀਤ ਸਿੰਘ ਦੀ ਮੈਡੀਕਲ ਕਾਲਜ ਫਰੀਦਕੋਟ ਲੈ ਜਾਣ ਸਮੇਂ ਮੌਤ ਹੋ ਗਈ ਸੀ। ਇਸ ਸਬੰਧੀ ਪੈਟਰੋਲ ਪੰਪ ਦੇ ਸੇਲਜ਼ਮੈਨ ਇੰਦਰਜੀਤ ਸਿੰਘ ਪੁੱਤਰ ਪੱਪੂ ਸਿੰਘ ਨਿਵਾਸੀ ਬੱਧਨੀ ਕਲਾਂ ਦੇ ਬਿਆਨਾਂ 'ਤੇ ਥਾਣਾ ਬਾਘਾਪੁਰਾਣਾ 'ਚ 2 ਅਣਪਛਾਤੇ ਵਿਅਕਤੀਆਂ ਖਿਲਾਫ ਮਾਮਲਾ ਦਰਜ ਕੀਤਾ ਗਿਆ ਸੀ।

ਉਨ੍ਹਾਂ ਦੱਸਿਆ ਕਿ ਮਾਮਲੇ ਨੂੰ ਗੰਭੀਰਤਾ ਨਾਲ ਲੈਂਦਿਆਂ ਐੱਸ.ਪੀ. ਰਤਨ ਸਿੰਘ ਬਰਾੜ, ਜਸਪਾਲ ਸਿੰਘ ਧਾਮੀ ਡੀ.ਐੱਸ.ਪੀ. ਬਾਘਾਪੁਰਾਣਾ, ਸੀ.ਆਈ.ਏ. ਸਟਾਫ ਮੋਗਾ ਦੇ ਇੰਚਾਰਜ ਇੰਸਪੈਕਟਰ ਤਿਰਲੋਚਨ ਸਿੰਘ, ਥਾਣਾ ਬਾਘਾਪੁਰਾਣਾ ਦੇ ਮੁੱਖ ਅਫਸਰ ਇੰਸਪੈਕਟਰ ਜਸਵੰਤ ਸਿੰਘ 'ਤੇ ਆਧਾਰਤ ਇਕ ਵਿਸ਼ੇਸ਼ ਟੀਮ ਗਠਿਤ ਕੀਤੀ ਗਈ ਸੀ, ਜਿਨ੍ਹਾਂ ਸੀ.ਸੀ.ਟੀ.ਵੀ. ਕੈਮਰਿਆਂ ਦੀ ਫੁਟੇਜ ਅਤੇ ਮੋਬਾਇਲ ਫੋਨ ਦੀਆਂ ਲੋਕੇਸ਼ਨਾਂ ਨੂੰ ਖੰਗਾਲਿਆ। ਜਾਂਚ ਸਮੇਂ ਪਤਾ ਲੱਗਾ ਕਿ ਬੁਰਜ ਜਵਾਹਰ ਸਿੰਘ ਵਾਲਾ ਨਿਵਾਸੀ ਇਕ ਔਰਤ, ਜਿਸ ਦਾ ਵਿਆਹ ਕਰੀਬ 12 ਸਾਲ ਪਹਿਲਾਂ ਹੋਇਆ ਸੀ ਅਤੇ ਉਸ ਦਾ ਪਤੀ ਅਧਰੰਗ ਤੋਂ ਪੀੜਤ ਹੈ। ਉਸ ਦੇ ਪਿੰਡ ਦੇ ਹੀ ਇਕ ਵਿਅਕਤੀ ਕੁਲਵੰਤ ਸਿੰਘ, ਜੋ ਇਕ ਬੱਚੇ ਦਾ ਪਿਉ ਹੈ, ਦੇ ਉਕਤ ਔਰਤ ਨਾਲ ਕਰੀਬ 5-6 ਸਾਲਾਂ ਤੋਂ ਪ੍ਰੇਮ ਸਬੰਧ ਸਨ, ਜਦਕਿ ਉਕਤ ਔਰਤ ਜੋ ਮ੍ਰਿਤਕ ਗੁਰਮੀਤ ਸਿੰਘ ਦੀ ਦੂਰ ਦੀ ਰਿਸ਼ਤੇਦਾਰ ਸੀ, ਨਾਲ ਕਰੀਬ 4-5 ਮਹੀਨੇ ਤੋਂ ਪ੍ਰੇਮ ਸਬੰਧ ਬਣ ਗਏ ਸਨ, ਜਦਕਿ ਗੁਰਮੀਤ ਸਿੰਘ ਦੀ ਪਹਿਲਾਂ ਜਗਰਾਓਂ ਵਿਖੇ ਤਿੰਨ ਸਾਲ ਪਹਿਲਾਂ ਵਿਆਹ ਹੋਇਆ ਸੀ ਪਰ ਚਾਰ ਮਹੀਨੇ ਬਾਅਦ ਹੀ ਉਸ ਦਾ ਤਲਾਕ ਹੋ ਗਿਆ ਸੀ। ਉਕਤ ਔਰਤ ਦੇ ਪ੍ਰੇਮ ਸਬੰਧਾਂ ਬਾਰੇ ਉਸ ਦੇ ਪਹਿਲੇ ਪ੍ਰੇਮੀ ਕੁਲਵੰਤ ਸਿੰਘ ਨੂੰ ਜਾਣਕਾਰੀ ਮਿਲ ਗਈ ਸੀ, ਜਿਸ ਨੂੰ ਉਹ ਬਰਦਾਸ਼ਤ ਨਹੀਂ ਕਰ ਸਕਿਆ, ਜਿਸ ਕਾਰਣ ਉਸ ਨੇ ਆਪਣੇ ਪਿੰਡ ਦੇ ਖੇਤ ਮਜ਼ਦੂਰ ਹਰਭਜਨ ਸਿੰਘ ਨੂੰ ਨਾਲ ਲੈ ਕੇ ਪੈਟਰੋਲ ਪੰਪ 'ਤੇ ਬੈਠੇ ਗੁਰਮੀਤ ਸਿੰਘ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ।

ਇਸ ਤਰ੍ਹਾਂ ਆਏ ਦੋਸ਼ੀ ਕਾਬੂ
ਜਦੋਂ ਥਾਣਾ ਬਾਘਾਪੁਰਾਣਾ ਦੇ ਇੰਸਪੈਕਟਰ ਜਸਵੰਤ ਸਿੰਘ ਨੇ ਪੁਲਸ ਪਾਰਟੀ ਸਮੇਤ ਪੁਲ ਨਹਿਰ ਫੂਲੇਵਾਲਾ ਕੋਲ ਨਾਕਾਬੰਦੀ ਕੀਤੀ ਹੋਈ ਸੀ ਤਾਂ ਇਸ ਦੌਰਾਨ ਮੋਟਰਸਾਈਕਲ ਸਵਾਰ ਦੋਵਾਂ ਕਥਿਤ ਦੋਸ਼ੀਆਂ ਕੁਲਵੰਤ ਸਿੰਘ ਅਤੇ ਹਰਭਜਨ ਸਿੰਘ ਦੋਨੋਂ ਨਿਵਾਸੀ ਪਿੰਡ ਜਵਾਹਰ ਸਿੰਘ ਵਾਲਾ ਨੂੰ ਦਬੋਚ ਲਿਆ। ਪੁੱਛਗਿੱਛ ਦੌਰਾਨ ਕੁਲਵੰਤ ਸਿੰਘ ਨੇ ਕਿਹਾ ਕਿ ਜਿਸ ਔਰਤ ਨਾਲ ਮੇਰੇ 6 ਸਾਲਾਂ ਤੋਂ ਪ੍ਰੇਮ ਸਬੰਧ ਸਨ, ਉਸ ਦੇ ਕਿਸੇ ਹੋਰ ਨਾਲ ਪ੍ਰੇਮ ਸਬੰਧ ਹੋ ਜਾਣ 'ਤੇ ਮੈਂ ਬਰਦਾਸ਼ਤ ਨਹੀਂ ਕਰ ਸਕਿਆ ਅਤੇ ਆਪਣੇ ਪਿਆਰ ਦਾ ਬਦਲਾ ਲੈਣ ਲਈ ਗੁਰਮੀਤ ਸਿੰਘ ਪੁੱਤਰ ਬਿੰਦਰ ਸਿੰਘ ਨਿਵਾਸੀ ਪਿੰਡ ਰੋਡੇ ਨੂੰ ਮਾਰਨ ਦੀ ਯੋਜਨਾ ਬਣਾਈ ਅਤੇ ਪਿੰਡ ਦੇ ਇਕ ਵਿਅਕਤੀ ਦਾ ਮੋਟਰਸਾਈਕਲ ਮੰਗਿਆ ਅਤੇ ਹਰਭਜਨ ਸਿੰਘ ਨੂੰ ਨਾਲ ਲੈ ਕੇ ਪੈਟਰੋਲ ਪੰਪ 'ਤੇ ਗੁਰਮੀਤ ਸਿੰਘ ਨੂੰ ਮੈਂ ਆਪਣੇ ਨਾਜਾਇਜ਼ 32 ਬੋਰ ਪਿਸਟਲ ਨਾਲ ਗੋਲੀ ਮਾਰ ਦਿੱਤੀ ਅਤੇ ਉਸ ਦੀ ਜੇਬ 'ਚੋਂ ਮੋਬਾਇਲ ਫੋਨ ਤੇ ਕਾਗਜ਼ਾਤ ਵੀ ਕੱਢ ਲਏ। ਮੋਬਾਇਲ ਫੋਨ ਤੋੜ ਕੇ ਅਸੀਂ ਨਹਿਰ 'ਚ ਸੁੱਟ ਦਿੱਤਾ, ਜਦਕਿ ਕੁੱਝ ਦਸਤਾਵੇਜ਼ ਪੁਲਸ ਨੇ ਬਰਾਮਦ ਕੀਤੇ। ਪੁਲਸ ਮੁਖੀ ਨੇ ਦੱਸਿਆ ਕਿ ਇਸ ਹੱਤਿਆ ਮਾਮਲੇ ਦੀ ਜਾਂਚ ਜਾਰੀ ਹੈ, ਜੇਕਰ ਕੋਈ ਹੋਰ ਵਿਅਕਤੀ ਇਸ ਵਿਚ ਸ਼ਾਮਲ ਪਾਇਆ ਗਿਆ ਤਾਂ ਉਸ ਨੂੰ ਵੀ ਕਾਬੂ ਕਰ ਲਿਆ ਜਾਵੇਗਾ।


author

Shyna

Content Editor

Related News